ਪੰਜਾਬਪਟਿਆਲਾ

ਪੰਚਮੀ ਦੇ ਦਿਹਾੜੇ ’ਤੇ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਨਤਮਸਤਕ

ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਜ਼ੁਲਮ ਢਾਹੁਣ ਵਾਲਿਆਂ ਨੂੰ ਸਿੱਖ ਕੌਮ ਮੁਆਫੀ ਨਹੀਂ ਕਰੇਗੀ : ਪ੍ਰੋ. ਬਡੂੰਗਰ

ਸੰਗਤਾਂ ਵੱਲੋਂ ਪਵਿੱਤਰ ਸਰੋਵਰ ’ਚ ਇਸ਼ਨਾਨ, ਕੀਤੀ ਪੰਗਤ ਅਤੇ ਸੰਗਤ

ਪਟਿਆਲਾ 4 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਮਨਾਇਆ ਗਿਆ। ਤੜਕਸਵੇਰੇ ਕਵਾੜ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਭਾਈ ਅਜਮੇਰ ਸਿੰਘ ਮੁੱਖਵਾਕ ਲਿਆ। ਗੁਰੂ ਦਰਬਾਰ ਵਿਚ ਆਸਥਾ ਦਾ ਪ੍ਰਗਟਾਵਾ ਕਰਦਿਆਂ ਸੰਗਤ ਨੇ ਹਜ਼ੂਰੀ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣਿਆ ਅਤੇ ਪੰਗਤ-ਸੰਗਤ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਅਤੇ ਕਵੀਸ਼ਰੀ ਗਿਆਨੀ ਸ਼ਮਸੇਰ ਸਿੰਘ, ਗੁਰਪਿਆਰ ਸਿੰਘ ਜੌਹਰ ਤੋਂ ਇਲਾਵਾ ਵੱਖ-ਵੱਖ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅੱਜ ਦੇ ਦਿਨ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਸਿੱਖਾਂ ਦੇ ਮੁਜੱਸਮ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਜ਼ੁਲਮ ਢਾਹੁਣ ਵਾਲਿਆਂ ਨੂੰ ਸਿੱਖ ਕੌਮ ਕਦੇ ਮੁਆਫ ਨਹੀਂ ਕਰੇਗੀ।

ਉਨ੍ਹਾਂ ਦੱਸਿਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਸਾਂਝੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਭੀਮ ਸੈਨ ਸੱਚ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਦੇ ਮੁਖੀ ਆਈ ਜੀ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਹਜ਼ਾਰਾਂ ਪੁਲਿਸ ਮੁਲਾਜ਼ਮ ਜੁੱਤੀਆਂ ਸਮੇਤ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਦਾਖਲ ਹੋਏ ਸਨ ਅਤੇ ਪੰਜਾਬੀਆਂ ’ਤੇ ਅਨੇਕਾਂ ਜ਼ੁਲਮ ਢਾਹੇ ਅਜਿਹੀ ਘਟਨਾ ਦੇ ਜ਼ਖ਼ਮ ਅੱਜ ਵੀ ਸਿੱਖ ਮਨਾਂ ’ਚ ਨਾਸੂਰ ਬਣੇ ਹੋਏ ਹਨ। ਪ੍ਰੋ. ਬਡੂੰਗਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਅਤੇ ਪਰਿਕਰਮਾ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਭੰਗ ਕਰਨਾ ਬੇਹੱਦ ਮੰਦਭਾਗੀ ਕਾਰਵਾਈ ਸੀ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਸਿੱਖਾਂ ’ਤੇ ਨਸਲਕੁਸ਼ੀ ਵਰਗੇ ਹਮਲੇ ਅਜੇ ਵੀ ਜਾਰੀ ਹਨ ਅਤੇ ਸਮੇਂ ਦੀਆਂ ਜਾਬਰ ਸਰਕਾਰਾਂ ਵੱਲੋਂ ਕੀਤੀਆਂ ਕਾਰਵਾਈਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਾਂ ਨੂੰ ਦਬਾਉਣ ਲਈ ਇਹ ਹਮਲੇ ਹੁਣ ਵੀ ਜਾਰੀ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨੱਥਾ ਸਿੰਘ, ਐਡੀ. ਮੈਨੇਜਰ ਕਰਨੈਲ ਸਿੰਘ ਵਿਰਕ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਮੀਤ ਮੈਨੇ. ਗੁਰਮੀਤ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਪ੍ਰਚਾਰਕ ਪਰਵਿੰਦਰ ਸਿੰਘ ਰਿਓਂਦ, ਜੋਗਿੰਦਰ ਸਿੰਘ ਪੰਛੀ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਜੀਤ ਸਿੰਘ ਕੌਲੀ, ਸਰਬਜੀਤ ਸਿੰਘ, ਮਨਜੀਤ ਸਿੰਘ ਪਵਾਰ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ ਅਤੇ ਸਟਾਫ ਮੈਂਬਰ ਸ਼ਾਮਲ ਸਨ।

Leave a Reply

Your email address will not be published. Required fields are marked *