ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਮੌਕੇ ਧਾਰਮਕ ਸਮਾਗਮ
ਗੁਰੂ ਸਾਹਿਬ ਦੀ ਬਾਣੀ ਮਹਾਨ ਸਿਧਾਂਤ ਅਤੇ ਸ਼ਸਤਰਧਾਰੀ ਹੋਣ ਦੀ ਵੱਡੀ ਪ੍ਰੇਰਨਾ : ਪ੍ਰੋ. ਬਡੂੰਗਰ
ਪਟਿਆਲਾ 9 ਜੁਲਾਈ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਧਾਰਮਕ ਸਮਾਗਮ ਦੋਰਾਨ ਹੈਡ ਗ੍ਰੰਥੀ ਪ੍ਰਣਾਮ ਸਿੰਘ ਨੇ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਜ਼ੂਰੀ ਕੀਰਤਨੀ ਜਥੇ ਭਾਈ ਹਰਕਿਰਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਸਰਵਣ ਰਾਹੀਂ ਨਿਹਾਲ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਇਤਿਹਾਸ ਦੇ ਪਰਿਪੇਖ ’ਚੋਂ ਜਾਣੂੰ ਕਰਵਾਇਆ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਸਾਰ ਨੂੰ ਸੰਤ ਸਿਪਾਹੀ, ਭਗਤੀ-ਸ਼ਕਤੀ ਦੇ ਵਿਲੱਖਣ ਸਿਧਾਂਤ ਦੀ ਬਖਸ਼ਿਸ਼ ਕਰਕੇ ਸੰਸਾਰ ਧਰਮਾਂ ਦੇ ਇਤਿਹਾਸ ਵਿਚ ਇਕ ਨਵਾਂ ਤੇ ਵਿਲੱਖਣ ਫਲਸਫੇ ਨਾਲ ਜੋੜਿਆ ਅਤੇ ਅੱਜ ਲੋੜ ਹੈ
ਉਨ੍ਹਾਂ ਦੇ ਇਸ ਮਹਾਨ ਸਿਧਾਂਤ ਅਤੇ ਵਿਰਾਸਤ ਨਾਲ ਜੁੜੀਏ ਅਤੇ ਨੌਜਵਾਨ ਪੀੜੀ ਨੂੰ ਬਾਣੀ ਅਤੇ ਬਾਣੇ ’ਚ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਦਾ ਫਲਸਫਾ ਜਿਥੇ ਗੁਰੂ ਆਸ਼ੇ ਅਨੁਸਾਰ ਬਾਣੀ ਸਿੱਖਿਆਵਾਂ ’ਤੇ ਚੱਲਣ ਦਾ ਮਾਰਗ ਦਰਸ਼ਨ ਕਰਦਾ, ਉਥੇ ਸ਼ਸਤਰਾਰੀ ਹੋਣ ਦੀ ਸਿੱਖਿਆ ਵੀ ਦਿੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ. ਗੁਰਮੀਤ ਸਿੰਘ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਭਾਈ ਅਜਮੇਰ ਸਿੰਘ, ਕੰਵਲਜੀਤ ਸਿੰਘ ਗੋਨਾ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਕੋਲੀ, ਸਰਬਜੀਤ ਸਿੰਘ, ਆਤਮ ਪ੍ਰਕਾਸ਼ ਸਿੰਘ ਬੇਦੀ, ਹਰਵਿੰਦਰ ਸਿੰਘ ਮੰਨਾ, ਮਨਜੀਤ ਸਿੰਘ ਪਵਾਰ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਸਟਾਫ ਅਤੇ ਸੰਗਤਾਂ ਆਦਿ ਹਾਜ਼ਰ ਸਨ।

