ਪਟਿਆਲਾ

ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਵਿਚ ਜਾਗਿਆ ਰੋਹ, ਕੜਕਦੀ ਧੁੱਪ *ਚ ਕੱਢੀ ਬਸ ਸਟੈਂਡ *ਚ ਰੋਸ ਰੈਲੀ

ਕੀਤਾ ਬਸ ਸਟੈਂਡ ਦਾ ਗੇਟ ਬੰਦ, ਸਖਤ ਐਕਸ਼ਨ ਦੀ ਦਿੱਤੀ ਚਿਤਾਵਨੀ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪਟਿਆਲਾ ਡਿਪੂ ਦੇ ਪ੍ਰਧਾਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਪੈਨਸ਼ਨ ਨਾ ਮਿਲਣ ਤੋਂ ਗੁੱਸੇ ਵਿੱਚ ਆਏ ਪੈਨਸ਼ਨਰਾਂ ਨੇ ਇਸ ਮੀਟਿੰਗ ਨੂੰ ਰੋਸ ਰੈਲੀ ਵਿੱਚ ਬਦਲ ਕੇ ਇਕੱਠੇ ਹੋਏ ਲਗਭਗ 150 ਪੈਨਸ਼ਨਰਾਂ ਨੇ ਬੱਸ ਅੱਡੇ ਅੰਦਰ ਰੋਸ ਮਾਰਚ ਕੀਤਾ ਗਿਆ ਤੇ ਪੀ.ਆਰ.ਟੀ.ਸੀ. ਦੀ ਮੈਨੇਜਰਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੱਤਰ ਬਚਨ ਸਿੰਘ ਅਰੋੜਾ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਵਿਸ਼ੇਸ਼ ਤੌਰ ਤੇ ਇਸ ਰੈਲੀ ਵਿੱਚ ਸ਼ਾਮਲ ਹੋਏ। ਰੋਹ ਵਿੱਚ ਆਏ ਪੈਨਸ਼ਨਰਾਂ ਨੇ ਸੰਕੇਤ ਦੇ ਦੌਰ ਤੇ ਅੱਧੇ ਘੰਟੇ ਲਈ ਬੱਸ ਸਟੈਂਡ ਦੇ ਗੇਟ ਘੇਰ ਕੇ ਟ੍ਰੈਫਿਕ ਵੀ ਜਾਮ ਕੀਤਾ ਗਿਆ। ਰੋਹ ਭਰੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਐਮ.ਡੀ. ਸਾਹਿਬ ਨੇ ਦੋ ਮਹੀਨਿਆਂ ਦਾ ਸਮਾਂ ਪੈਨਸ਼ਨ ਨੂੰ ਸਮੇਂ ਸਿਰ ਪਾਉਣ ਲਈ ਲਿਆ ਸੀ ਸੋ ਅਸੀਂ ਉਹਨਾਂ ਦੇ ਕਹਿਣ ਤੇ ਫੁੱਲ ਚੜ੍ਹਾਏ ਤੇ ਦੋ ਮਹੀਨੇ ਨਹੀਂ ਟੋਕਿਆ, ਹੁਣ ਤੀਜੇ ਮਹੀਨੇ ਵੀ ਅੱਜ ਤੱਕ ਪੈਨਸ਼ਨ ਨਹੀਂ ਪਈ ਤੇ ਮੈਨੇਜਮੈਂਟ ਵਲੋਂ ਅਜੇ ਤੱਕ ਕੋਈ ਤਸੱਲੀਬਖਸ਼ ਹੁੰਗਾਰਾ ਨਹੀਂ ਮਿਲਿਆ।

ਉਹਨਾ ਚਿਤਾਵਨੀ ਦਿੰਦਿਆ ਕਿਹਾ ਕਿ ਮੈਨੇਜਮੈਂਟ ਸਾਡਾ ਸਬਰ ਨਾ ਪਰਖੇ ਤੇ ਸਾਨੂੰ ਇਤਿਹਾਸ ਦਹਰਾਉਣ ਲਈ ਮਜਬੂਰ ਨਾ ਕਰੇ। ਉਹਨਾ ਨੇ ਮਿਤੀ 20 ਜੁਲਾਈ ਤੀਸਰੇ ਬੁੱਧਵਾਰ ਨੂੰ ਬਸ ਸਟੈਂਡ ਪਟਿਆਲਾ ਵਿਖੇ ਹੋਣ ਵਾਲੀ ਮਾਸਿਕ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਤੇ ਉਸ ਦਿਨ ਕਿਸੇ ਤਰਾਂ ਦਾ ਸਖਤ ਐਕਸ਼ਨ ਕਰਨ ਦਾ ਵੀ ਸੰਕੇਤ ਦਿੱਤਾ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਮੈਨੇਜਮੈਂਟ ਸਾਨੂੰ ਆਪਣਾ ਪੁਰਾਤਨ ਇਤਿਹਾਸ ਦੁਹਰਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਲਈ ਅਸੀਂ ਤਿਆਰ ਹਾਂ ਉਹਨਾਂ ਕਿਹਾ ਕਿ ਸਾਡੇ ਵਲੋਂ ਦਿੱਤੇ ਸਹਿਯੋਗ ਨੂੰ ਮੈਨੇਜਮੈਂਟ ਸ਼ਾਇਦ ਸਾਡੀ ਕਮਜੋਰੀ ਸਮਝਕੇ ਸਾਨੂੰ ਅੰਦੋਲਨ ਵੱਲ ਧੱਕ ਰਹੀ ਹੈ। ਉਸ ਨੇ ਸਮੁੱਚੇ ਪੈਨਸ਼ਨਰਾਂ ਨੂੰ ਕਿਸੇ ਤਰ੍ਹਾਂ ਵੀ ਐਕਸ਼ਨ ਵਾਸਤੇ ਤਿਆਰ ਰਹਿਣ ਲਈ ਕਿਹਾ। ਜਨਰਲ ਸਕੱਤਰ ਬਚਨ ਸਿੰਘ ਅਰੋੜਾ ਨੇ ਮੈਨੇਜਮੈਂਟ ਦੇ ਪੈਨਸ਼ਰਾਂ ਪ੍ਰਤੀ ਨਾਹ ਪੱਖੀ ਵਤੀਰੇ ਦੀ ਨਿਖੇਧੀ ਕਰਦਿਆਂ ਪੈਨਸ਼ਨਰਾਂ ਨੂੰ ਸੰਘਰਸ਼ ਕਰਨ ਲਈ ਤਿਆਰ ਰਹਿਣ ਲਈ ਕਿਹਾ।

ਕੜਕਦੀ ਧੁੱਪ ਵਿੱਚ ਰੋਹ ਭਰੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪਟਿਆਲਾ ਡਿਪੂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਨਰਮਾਈ ਨਾਲ ਮੈਨੇਜਮੈਂਟ ਨੂੰ ਸਾਡੀ ਬੋਲੀ ਸਮਝ ਨਹੀਂ ਆਉਂਦੀ ਇਸ ਕਰਕੇ ਸਾਨੂੰ ਆਪਣੇ ਬਕਾਏ ਅਤੇ ਪੈਨਸ਼ਨ ਲੈਣ ਲਈ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਬਾਡੀ ਜੋ ਹੁਕਮ ਕਰੇਗੀ ਪਟਿਆਲਾ ਡਿਪੂ ਦੇ ਪੈਨਸ਼ਨਰ ਸਭ ਤੋਂ ਅੱਗੇ ਹੋ ਕੇ ਹੁਕਮਾਂ ਦੀ ਪਾਲਣਾ ਕਰਾਂਗੇ। ਡਿਪੂ ਦੇ ਜਨਰਲ ਸਕੱਤਰ ਸ਼ਿਵ ਕੁਮਾਰ ਨੇ ਆਪਣੇ ਸੰਬੋਧਨ *ਚ ਮੈਨੇਜਮੈਂਟ ਆਪਣੇ ਜਨਰਲ ਮੈਨੇਜਰਾਂ ਨੂੰ ਹਰ ਮਹੀਨੇ 25-30 ਹਜਾਰ ਰੁਪਏ ਬਤੌਰ ਕਾਰ ਲਈ ਪੈਟਰੋਲ ਅਤੇ ਕਿਲੋਮੀਟਰ ਦੀ ਅਦਾਇਗੀ ਕਰ ਦਿੰਦੀ ਹੈ, ਅਤੇ ਬਠਿੰਡਾ ਡਿਪੂ ਵਿਚ ਕੁੱਝ ਦੇਰ ਪਹਿਲਾਂ ਟਿਕਟ ਮਸ਼ੀਨਾਂ ਵਿੱਚ ਹੋਈ ਕਰੋੜਾਂ ਰੁਪਏ ਦੀ ਹੇਰਾ-ਫੇਰੀ ਸਬੰਧੀ ਚੁੱਪ ਧਾਰਨ ਕੀਤਾ ਹੋਇਆ ਹੈ ਪਰ ਪੈਨਸ਼ਨਰਾਂ ਨੂੰ ਮੈਡੀਕਲ ਅਤੇ ਏਰੀਅਰ ਦੇਣ ਸਬੰਧੀ ਨਾਂਹ ਪੱਖੀ ਵਤੀਰੇ ਦੀ ਨਿਖੇਧੀ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਸਖਤ ਐਕਸ਼ਨ ਕਰਨ ਲਈ ਤਿਆਰ ਰਹਿਣ ਲਈ ਕਿਹਾ। ਇਸ ਰੈਲੀ ਨੂੰ ਸਰਲ ਕਰਨ ਲਈ ਦਫਤਰ ਸਕੱਤਰ ਬਖਸ਼ੀਸ਼ ਸਿੰਘ, ਬਲਵੰਤ ਸਿੰਘ, ਸੋਹਣ ਸਿੰਘ, ਸੁੱਚਾ ਸਿੰਘ, ਕਰਤਾਰ ਸਿੰਘ, ਮਹਿੰਦਰ ਸਿੰਘ, ਕਪੂਰ ਚੰਦ, ਕਸਤੁਰੀ ਲਾਲ, ਯੋਗਿੰਦਰਪਾਲ ਸੈਣੀ, ਤਰਲੋਕ ਸਿੰਘ ਤੇ ਗੁਰਦੇਵ ਸਿੰਘ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

Leave a Reply

Your email address will not be published. Required fields are marked *