ਭਗਵੰਤ ਮਾਨ ਨੇ ਮਹਿਲਾ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਅਣਗੌਲੇ ਕੀਤਾ : ਬੀਬਾ ਰਾਜਵਿੰਦਰ ਕੌਰ ਰਾਜੂ
ਯੂਨੀਅਨ ਦੀ ਫਿਰੋਜ਼ਪੁਰ ਇਕਾਈ ਦਾ ਬੀਬੀ ਸੁਖਪਾਲ ਕੌਰ ਧਾਲੀਵਾਲ ਨੂੰ ਬਣਾਇਆ ਜਿਲ੍ਹਾ ਪ੍ਰਧਾਨ
ਤਲਵੰਡੀ ਭਾਈ/ਫਿਰੋਜ਼ਪੁਰ 17 ਜੁਲਾਈ (ਮਧੂਸਾਰ ਬਿਊਰੋ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਤੇ ਮਹਿਲਾ ਕਿਸਾਨਾਂ ਅਤੇ ਕਿਰਤੀ ਔਰਤਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਅਣਗੌਲੇ ਕਰਨ ਦੇ ਦੋਸ਼ ਲਾਉਂਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਅਨ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਤਿੰਨ ਵਾਰ ਮੁੱਖ ਮੰਤਰੀ ਨੂੰ ਮੰਗ ਪੱਤਰ ਰਜਿਸਟਰੀ ਕਰਵਾ ਕੇ ਭੇਜੇ ਹਨ ਪਰ ਭਗਵੰਤ ਮਾਨ ਨੇ ਨਾ ਤਾਂ ਹਾਲੇ ਤੱਕ ਮਹਿਲਾ ਕਿਸਾਨ ਯੂਨੀਅਨ ਨੂੰ ਮਿਲਣ ਦਾ ਸਮਾਂ ਦਿੱਤਾ ਹੈ, ਨਾ ਹੀ ਫੋਨ ਚੁੱਕਦੇ ਨੇ ਅਤੇ ਨਾ ਹੀ ਯੂਨੀਅਨ ਵੱਲੋਂ ਲਿਖੀਆਂ ਚਿੱਠੀਆਂ ਦਾ ਕੋਈ ਜਵਾਬ ਦਿੰਦੇ ਨੇ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾ ਕਿਸਾਨਾਂ ਅਤੇ ਕਿਰਤੀ ਔਰਤਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੁੱਝ ਵੱਖਰੀਆਂ ਸਮੱਸਿਆਵਾਂ ਅਤੇ ਮੰਗਾਂ ਹਨ ਜਿਨ੍ਹਾਂ ਦਾ ਸਰਕਾਰ ਵੱਲੋਂ ਫੌਰੀ ਤੌਰ ਉਤੇ ਹੱਲ ਹੋਣਾ ਚਾਹੀਦਾ ਹੈ। ਮਹਿਲਾ ਕਿਸਾਨ ਨੇਤਾ ਨੇ ਦੱਸਿਆ ਕਿ ਭਗਵੰਤ ਮਾਨ ਵੱਲੋਂ ਮਹਿਲਾਵਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਤਾਂ ਇੱਕ ਪਾਸੇ ਰਿਹਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਵੀ ਸਮਾਂ ਨਹੀਂ ਦਿੱਤਾ ਗਿਆ ਜਿਸ ਤੋਂ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਮਹਿਲਾਵਾਂ ਪ੍ਰਤੀ ਬੇਰੁੱਖੀ ਵਾਲਾ ਰਵੱਈਆ ਉਜਾਗਰ ਹੁੰਦਾ ਹੈ।
ਇਸੇ ਦੌਰਾਨ ਉਨਾਂ ਅੱਜ ਇੱਥੇ ਮਹਿਲਾ ਕਿਸਾਨ ਯੂਨੀਅਨ ਦੀ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਜ਼ਿਲਾ ਇਕਾਈ ਦਾ ਗਠਨ ਵੀ ਕੀਤਾ ਜਿਸ ਵਿਚ ਬੀਬੀ ਸੁਖਪਾਲ ਕੌਰ ਧਾਲੀਵਾਲ ਨੂੰ ਜਿਲਾ ਪ੍ਰਧਾਨ, ਪਰਮਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਕੌਰ, ਕਰਮਜੀਤ ਕੌਰ ਤੇ ਪਰਨੀਤ ਕੌਰ ਮੀਤ ਪ੍ਰਧਾਨ, ਜਗਦੀਪ ਕੌਰ ਜਨਰਲ ਸਕੱਤਰ, ਨਸੀਬ ਕੌਰ ਤੇ ਅਨੰਤਪਾਲ ਕੌਰ ਸਕੱਤਰ, ਕੁਲਵਿੰਦਰ ਕੌਰ ਸੰਯੁਕਤ ਸਕੱਤਰ, ਜਸਵਿੰਦਰ ਕੌਰ ਜਥੇਬੰਦਕ ਸਕੱਤਰ, ਸ਼ਰਨਜੀਤ ਕੌਰ ਵਿੱਤ ਸਕੱਤਰ ਤੇ ਬੀਰਇੰਦਰਪਾਲ ਕੌਰ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਦਲਜੀਤ ਕੌਰ, ਅਮਰਜੀਤ ਕੌਰ, ਚਰਨ ਕੌਰ, ਬਲਵੰਤ ਕੌਰ, ਮਨਪ੍ਰੀਤ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ, ਨਛੱਤਰ ਕੌਰ, ਸੁਖਬੀਰ ਕੌਰ, ਗੁਰਮੀਤ ਕੌਰ ਤੇ ਬਲਜਿੰਦਰ ਕੌਰ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ ਹੈ।

