ਪਟਿਆਲਾ

ਫਾਇਰ ਬ੍ਰਿਗੇਡ ਕਾਮਿਆਂ ਨੇ ਵਿਧਾਇਕ ਕੋਹਲੀ ਨੂੰ ਸੌਂਪਿਆ ਮੰਗ ਪੱਤਰ

ਫਾਇਰ ਅਮਲੇ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ‘ਚ ਜ਼ੋਰ-ਸ਼ੋਰ ਨਾਲ ਚੁੱਕਾਂਗਾ ਮੁੱਦਾ- ਕੋਹਲੀ

ਵਿਧਾਇਕ ਕੋਹਲੀ ਨੇ ਫਾਇਰ ਅਮਲੇ ਦੇ ਕੰਮ ਦੀ ਕੀਤੀ ਸ਼ਲਾਘਾ

ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ) ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿਜਰ ਦੀ ਲੰਘੇ ਕੱਲ੍ਹ ਪਟਿਆਲਾ ਫੇਰੀ ਤੋਂ ਕੁਝ ਸਮਾਂ ਪਹਿਲਾਂ ਫਾਇਰ ਬ੍ਰਿਗੇਡ ਪਟਿਆਲਾ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਲੈਂਦਿਆਂ ਵਿਧਾਇਕ ਕੋਹਲੀ ਨੇ ਫਾਇਰ ਬ੍ਰਿਗੇਡ ਪਟਿਆਲਾ ਦੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਅੱਜ ਹੀ ਇਸ ਸਬੰਧੀ ਸਥਾਨਕ ਸਰਕਾਰਾਂ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਫਾਇਰ ਬ੍ਰਿਗੇਡ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੁੱਦਾ ਵਿਧਾਨ ਸਭਾ ਵਿੱਚ ਜ਼ੋਰ ਸ਼ੋਰ ਨਾਲ ਉਠਾਉਣਗੇ। ਇਸ ਮੌਕੇ ਆਪ ਆਗੂ ਕੁੰਦਨ ਗੋਗੀਆ ਤੇ ਸੰਦੀਪ ਬੰਧੂ ਵੀ ਉਨ੍ਹਾਂ ਨਾਲ ਮੌਜੂਦ ਸਨ।

ਮੰਗ ਪੱਤਰ ਵਿਚ ਫਾਇਰ ਅਮਲੇ ਦੱਸਿਆ ਕਿ ਅਸੀਂ ਨਗਰ ਨਿਗਮ ਪਟਿਆਲਾ ਅਧੀਨ ਪੈਂਦੀ ਫਾਇਰ ਸ਼ਾਖਾ ਵਿੱਚ 48 ਜਣੇ ਬਤੌਰ (ਆਊਟ ਸੋਰਸ) ਫਾਇਰਮੈਨ/ ਡਰਾਇਵਰ ਤਾਇਨਾਤ ਹਾਂ। ਅਸੀਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹੋਏ ਲਾਕਡਾਊਨ ਦੌਰਾਨ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈਆਂ ਹਨ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਨਤਾ ਦੇ ਜਾਨ ਮਾਲ ਦੀ ਰਾਖੀ ਕਰਨ ਨੂੰ ਹੀ ਆਪਣਾ ਪਹਿਲਾ ਫ਼ਰਜ਼ ਸਮਝਿਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਡਿਊਟੀ ਅਮਰਜੈਂਸੀ ਹੈ ਤੇ ਅੱਗ ਦੀਆਂ ਭਿਆਨਕ ਘਟਨਾਵਾਂ ‘ਤੇ ਕੰਮ ਕਰਨ ਤੋਂ ਇਲਾਵਾ ਸਾਨੂੰ ਹਰ ਤਰ੍ਹਾਂ ਦੇ ਜੋਖ਼ਮ ਭਰੇ ਕੰਮ ਕਰਨੇ ਪੈਂਦੇ ਹਨ ਪਰੰਤੂ ਸਾਡੀ ਤਨਖਾਹ ਬਹੁਤ ਘੱਟ ਹੋਣ ਕਾਰਨ ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹਾਂ ਅਤੇ ਖਤਰੇ ਵਿਚ ਕੰਮ ਕਰਦੇ ਸਮੇਂ ਸਾਨੂੰ ਹਰ ਸਮੇਂ ਅਪਣੇ ਪਿੱਛੇ ਪਰਿਵਾਰ ਦੀ ਚਿੰਤਾ ਲੱਗੀ ਰਹਿੰਦੀ ਹੈ। ਇਸ ਲਈ ਸਾਡੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਨੂੰ ਜਲਦ ਪੱਕਾ ਕੀਤਾ ਜਾਵੇ।

ਇਕ ਚੌਥਾਈ ਹਿੱਸੇ ਤੋਂ ਵੀ ਘੱਟ ਬੱਚੇ ਪੱਕੇ ਮੁਲਾਜ਼ਮ

ਮੌਜੂਦਾ ਸਮੇਂ ਵਿਚ ਕੁੱਲ 70 ਅਸਾਮੀਆਂ ਵਿੱਚੋਂ ਸਿਰਫ਼ ਇਕ ਚੌਥਾਈ ਭਾਵ ਕਿ 12 ਪੱਕੇ ਮੁਲਾਜ਼ਮ ਹੀ ਵਿਭਾਗ ਦੀ ਵਾਗਡੋਰ ਸੰਭਾਲ ਰਹੇ ਹਨ ਜਦੋਂ ਕਿ 48 ਦੇ ਕਰੀਬ ਆਊਟਸੋਰਸ ਕਾਮੇ ਪਿਛਲੇ 3-4 ਸਾਲਾਂ ਤੋਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪਟਿਆਲਾ ਵਾਸੀਆਂ ਦੀ ਸੁਰੱਖਿਆ ਕਰ ਰਹੇ ਹਨ।ਅਜਿਹਾ ਕਹਿਣ ਵਿੱਚ ਵੀ ਕੋਈ ਹਰਜ ਨਹੀਂ ਕਿ ਪਟਿਆਲਾ ਸ਼ਹਿਰ ਸਮੇਤ ਪੂਰੇ ਜ਼ਿਲੇ ਦੀ ਸੁਰੱਖਿਆ ਇਸ ਸਮੇਂ 12 ਮੁਲਾਜ਼ਮਾਂ ਹਵਾਲੇ ਹੈ ਤੇ ਬਾਕੀ ਦੀਆਂ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ।ਇਹ ਵੀ ਦੱਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਵਿਚ ਪਟਿਆਲਾ ਫਾਇਰ ਬ੍ਰਿਗੇਡ ਵਿਚ ਇਕ ਵੀ ਪੱਕਾ ਫਾਇਰਮੈਨ ਨਹੀਂ ਹੈ।

ਦੋ ਨਵੇਂ ਸਬ ਸਟੇਸ਼ਨਾਂ ਨੂੰ ਮਿਲੀ ਮਨਜ਼ੂਰੀ

ਪਟਿਆਲਾ ਫਾਇਰ ਬ੍ਰਿਗੇਡ ਕੋਲ ਇਸ ਸਮੇਂ ਇਕ ਹੀ ਮੁੱਖ ਦਫਤਰ ਹੈ ਜੋ ਸਾਈਂ ਮਾਰਕੀਟ ਨਜ਼ਦੀਕ ਸਥਿਤ ਹੈ। ਵਧ ਰਹੀ ਆਬਾਦੀ ਅਤੇ ਪਟਿਆਲਾ ਸ਼ਹਿਰ ਦੇ ਵਧ ਰਹੇ ਘੇਰੇ ਦੇ ਚਲਦਿਆਂ ਸਰਕਾਰ ਅਤੇ ਨਗਰ ਨਿਗਮ ਪਟਿਆਲਾ ਵੱਲੋਂ ਫਾਇਰ ਬ੍ਰਿਗੇਡ ਪਟਿਆਲਾ ਨੂੰ ਦੋ ਨਵੇਂ ਸਟੇਸ਼ਨ ਸਬ ਫਾਇਰ ਸਟੇਸ਼ਨ ਰਾਜਪੁਰਾ ਰੋਡ ਅਤੇ ਸਬ ਫਾਇਰ ਸਟੇਸ਼ਨ ਨਾਭਾ ਰੋਡ ਬਾਰਾਂ ਖੂਹਾਂ ਵਿਖੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਪਟਿਆਲਾ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਆਪਣੇ ਪੱਧਰ ਤੇ ਫੋਕਲ ਪੁਆਇੰਟ ਪਟਿਆਲਾ ਵਿਖੇ ਆਰਜ਼ੀ ਸਟੇਸ਼ਨ ਬਣਾਇਆ ਗਿਆ ਹੈ, ਜਿੱਥੇ 24 ਘੰਟੇ ਫਾਇਰ ਦਸਤਾ ਤਾਇਨਾਤ ਰਹਿੰਦਾ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਮੌਕੇ ਆਪਣੀਆਂ ਸੇਵਾਵਾਂ ਨਿਭਾਉਂਦਾ ਹੈ।

ਮੰਗ ਪੱਤਰ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਪਿਛਲੇ ਸਮਿਆਂ ਵਿਚ ਨਗਰ ਨਿਗਮ ਪਟਿਆਲਾ ਦੇ ਮੇਅਰ ਵੀ ਰਹੇ ਹਨ ਅਤੇ ਫਾਇਰ ਬ੍ਰਿਗੇਡ ਪ੍ਰਤੀ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਫਾਇਰ ਬ੍ਰਿਗੇਡ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 36 ਹਜ਼ਾਰ ਮੁਲਾਜ਼ਮਾਂ ਨੂੰ ਜਲਦ ਪੱਕਾ ਕਰਨ ਜਾ ਰਹੀ ਹੈ।ਉਨ੍ਹਾਂ ਪਟਿਆਲਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਕਿ ਉਹ ਉਨ੍ਹਾਂ ਨੂੰ ਪੱਕਾ ਕਰਨ ਸਬੰਧੀ ਮੁੱਦਾ ਵਿਧਾਨ ਸਭਾ ਵਿੱਚ ਵੀ ਉਠਾਉਣਗੇ, ਤੇ ਐਮਰਜੈਂਸੀ ਡਿਊਟੀ ਨੂੰ ਮੁੱਖ ਰੱਖਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਜਲਦ ਪੱਕਾ ਕੀਤਾ ਜਾਵੇਗਾ। ਮੰਗ ਪੱਤਰ ਦੇਣ ਸਮੇਂ ਫਾਇਰਮੈਨ ਨਰਿੰਦਰ ਸਿੰਘ ਮਨੀ, ਰਾਮ ਕੁਮਾਰ ਤੁੱਲੇਵਾਲ, ਤਰੁਣ ਅਰੋੜਾ, ਵਿਕਰਮ, ਨਰਿੰਦਰ, ਜਸਵੀਰ ਸਿੰਘ, ਰਣ ਸਿੰਘ ਲੰਗ, ਗੁਰਮੀਤ ਸਿੰਘ, ਅਮਨਦੀਪ ਅਮਨੀ, ਦਿਕਸ਼ਿਤ ਸ਼ਰਮਾ, ਲਲਿਤ, ਅੰਕਿਤ ਭਾਰਦਵਾਜ, ਸੁਮਿਤ ਕੁਮਾਰ, ਜਗਸੀਰ ਸਿੰਘ, ਮਨਜੀਤ ਸਿੰਘ ਪਹਾੜਪੁਰ, ਸੁਖਵਿੰਦਰ ਸੁੱਖੀ ਸਮੇਤ ਹੋਰ ਵੀ ਫਾਇਰ ਅਮਲਾ ਮੌਜੂਦ ਸੀ।

Leave a Reply

Your email address will not be published. Required fields are marked *