ਆਜ਼ਾਦੀ ਦੇ ਅਮਿ੍ਰਤ ਮਹਾਉਤਸਵ ਦੀ ਕੜੀ ਵਜੋਂ ਉਜਵਲ ਭਾਰਤ ਉਜਵਲ ਭਵਿੱਖ ਤਹਿਤ ਬਿਜਲੀ ਮਹਾਉਤਸਵ ਮਨਾਇਆ
ਬਿਜਲੀ ਦੇ ਹੋਰ ਨਵੇਂ ਸਰੋਤ ਸੂਬੇ ਨੂੰ ਕਰਾਂਗੇ ਸਮਰਪਿਤ – ਬਿਜਲੀ ਮੰਤਰੀ
ਸਕੂਲ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਗਮ ’ਚ ਭਰਿਆ ਰੰਗ
75 ਸਾਲਾਂ ਦੀਆਂ ਉਪਲਬਧੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਨਾਲ ਹੋਈ ਸਮਾਗਮ ਦੀ ਸਮਾਪਤੀ
ਅੰਮ੍ਰਿਤਸਰ 30 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਆਜ਼ਾਦੀ ਦੇ ਅਮਿ੍ਰਤ ਮਹਾਉਤਸਵ ਦੀ ਲਗਾਤਾਰਤਾ ’ਚ ਚੱਲ ਰਹੀਆਂ ਗਤੀਵਿਧੀਆਂ ਦੀ ਲੜੀ ਵਜੋਂ ‘ਉਜਵਲ ਭਾਰਤ ਉਜਵਲ ਭਵਿੱਖ’ 2047 ਦੇ ਤਹਿਤ ਅੱਜ ਗ੍ਰੈਂਡ ਫਿਨਾਲੇ ਉਤਸਵ ਅੱਜ ਪੂਰੇ ਦੇਸ਼ ਵਿੱਚ ਮਨਾਇਆ ਗਿਆ। ਇਸ ਸਮਾਗਮ ਨੂੰ ਵਰਚੁਅਲ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 100 ਤੋਂ ਜਿਆਦਾ ਜ਼ਿਲਿ੍ਹਆਂ ਦੇ ਹਿੱਸਾ ਲੈਣ ਵਾਲੇ ਅਤੇ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਬਿਜਲੀ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਜਿਲ੍ਹੇ ਵਿਚ ਇਹ ਸਮਾਗਮ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਦੇ ਆਡੀਟੋਰੀਅਮ ਵਿੱਚ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਪੁੱਜੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਸ: ਹਰਭਜਨ ਸਿੰਘ ਬਿਜਲੀ ਦੀ ਮਹੱਤਤਾ ਅਤੇ ਪਸਾਰ ਬਾਰੇ ਕਿਹਾ ਕਿ ਅੱਜ ਆਜ਼ਾਦੀ ਦੇ 75 ਵੇਂ ਵਰ੍ਹੇ ’ਚ ਪੰਜਾਬ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਅਜਿਹਾ ਨਹੀਂ ਜਿੱਥੇ ਬਿਜਲੀ ਦੀ ਪਹੁੰਚ ਨਾ ਹੋਵੇ। ਉਨ੍ਹਾਂ ਕਿਹਾ ਕਿ ਪੈਡੀ ਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਏ.ਟੀ.ਸੀ. /ਟੀ.ਟੀ.ਸੀ. ਦੀ ਸਮਰੱਥਾ 8500 ਮੈਗਾਵਾਟ ਤੱਕ ਵਧਾਈ ਗਈ। ਜਿਸ ਨਾਲ ਸੀਜਨ ਵਿੱਚ 14000 ਮੈਗਾਵਾਟ ਦੀ ਮੰਗ ਨੂੰ ਪੂਰਾ ਕੀਤਾ ਗਿਆ। ਉਨਾਂ ਦੱਸਿਆ ਕਿ ਪੈਡੀ ਸੀਜਨ ਦੌਰਾਨ ਖੇਤੀ ਸੈਕਟਰ, ਇੰਡਸਟਰੀ ਅਤੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਨਾਂ ਕੋਈ ਪਾਵਰ ਕੱਟ ਲਗਾਏ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ। ਉਨਾਂ ਦੱਸਿਆ ਕਿ ਪੰਜਾਬ ਸੂਬਾ ਕੇਂਦਰੀ ਬਿਜਲੀ ਮਹਿਕਮੇ ਵੱਲੋਂ ਬਣਾਈਆਂ ਜਾਂਦੀਆਂ ਹਰ ਘਰ ਤੱਕ ਬਿਜਲੀ ਪਹੁੰਚਾਉਣ ਅਤੇ ਬਿਜਲੀ ਸਪਲਾਈ ਨੈਟਵਰਕ ਸੁਧਾਰਾਂ ਨੂੰ ਅਪਣਾ ਕੇ ਇਸ ਵੇਲੇ ਨੰਬਰ ਇੱਕ ਸੂਬਾ ਬਣਿਆ ਹੋਇਆ ਹੈ। ਉਨ੍ਹਾਂ ਇਸ ਮੰਤਵ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਨੂੰ ਹਕੀਕੀ ਰੂਪ ਦੇਣ ਵਾਲੇ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਮਹਿਕਮਿਆਂ ਦੇ ਯੋਗਦਾਨ ਨੂੰ ਵੀ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਅੱਗੇ ਸੋਚਣ ਦੀ ਲੋੜ ਹੈ। ਹਾਲੇ ਵੀ ਬਿਜਲੀ ਦਾ ਜ਼ਿਆਦਾਤਰ ਉਤਪਾਦਨ ਕੋਲੇ ’ਤੇ ਨਿਰਭਰ ਹੈ। ਸਾਨੂੰ ਬਦਲਵੇਂ ਸਰੋਤਾਂ ਜਿਵੇਂ ਹਾਈਡਲ ਪ੍ਰਾਜੈਕਟਾਂ, ਪਣ ਬਿਜਲੀ ਅਤੇ ਉਸ ਤੋਂ ਵੀ ਅੱਗੇ ਸੋਲਰ ਪਾਵਰ ਪ੍ਰਾਜੈਕਟਾਂ ਨੂੰ ਅਪਨਾਉਣ ’ਚ ਸਰਕਾਰ ਦਾ ਸਹਿਯੋਗ ਕਰਨ ਦੀ ਲੋੜ ਹੈ। ਜਿਸ ਲਈ ਜਲਦ ਹੀ ਸੂਬੇ ਅੰਦਰ ਬਿਜਲੀ ਦੇ ਹੋਰ ਸਰੋਤ ਲੋਕਾਂ ਨੂੰ ਸਮਰਪਿੱਤ ਕੀਤੇ ਜਾਣਗੇ।
ਬਿਜਲੀ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਵਿਤਰਣ ਸੈਕਟਰ ਸਕੀਮ ਬਿਜਲੀ ਖੇਤਰ ਦੇ ਸੁਧਾਰ ਲਈ ਲਾਗੂ ਕੀਤੀ ਗਈ ਹੈ। ਜਿਸਦਾ ਫਾਇਦਾ ਲੈਣ ਲਈ ਪੰਜਾਬ ਸਰਕਾਰ ਵਲੋਂ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਪੰਜਾਬ ਕੈਬਨਿਟ ਤੋਂ ਪਾਸ ਕਰਨ ਉਪਰੰਤ ਭਾਰਤ ਸਰਕਾਰ ਨੂੰ ਫੰਡਾਂ ਲਈ ਭੇਜੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਨੂੰ ਕਰੀਬ 5000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਜਿਸ ਨਾਲ ਨਵੇਂ ਸਬ-ਸਟੇਸ਼ਨ 66ਕੇਵੀ ਲਾਈਨਾਂ, ਨਵੇਂ ਵੰਡ ਟਰਾਂਸਫਾਰਮਰ , ਐਲ.ਟੀ. ਲਾਈਨਾਂ ਨੂੰ 11 ਕੇਵੀ ਲਾਈਨਾਂ ਵਿੱਚ ਤਬਦੀਲ ਕਰਨਾ ਅਤੇ 11 ਕੇਵੀ ਲਾਈਨਾਂ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ। ਉਨਾਂ ਦੱਸਿਆ ਕਿ ਸ਼ਾਹਪੁਰ ਕੰਡੀ ਡੈਮ ਦਾ ਕੰਮ ਪ੍ਰਗਤੀ ਅਧੀਨ ਹੈ , ਜੋ ਕਿ 2024 ਤੱਕ ਪੂਰਾ ਹੋਣ ਦੀ ਉਮੀਦ ਹੈ, ਜਿਸ ਨਾਲ 206 ਮੈਗਾਵਾਟ ਸਸਤੀ ਬਿਜਲੀ ਉਪਲੱਬਧ ਹੋ ਸਕੇਗੀ। ਸ: ਈ.ਟੀ.ਓ. ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬਿਜਲੀ ਉਤਪਾਦਨ ਵਿੱਚ ਆਤਮ ਨਿਰਭਰ ਹਾਂ ਪਰ ਸਾਨੂੰ ਬਦਲਵੇਂ ਸਰੋਤਾਂ ਨੂੰ ਅਪਣਾ ਕੇ, ਬਿਜਲੀ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਵੱਲ ਵੀ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ 40 ਫ਼ੀਸਦੀ ਦੇ ਬਦਲਵੇਂ ਸਰੋਤਾਂ ਰਾਹੀਂ ਬਿਜਲੀ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਦੇਸ਼ ਅਤੇ ਰਾਜ ਦਾ ਸਹਿਯੋਗ ਕਰੀਏ ਤਾਂ ਅਸੀਂ ਵੱਡੀ ਪ੍ਰਾਪਤੀ ਕਰ ਸਕਦੇ ਹਾਂ।
ਸ: ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਿਜਲੀ ਢਾਂਚੇ ’ਚ ਸੁਧਾਰ ਦੇ ਨਾਲ-ਨਾਲ ਖਪਤਕਾਰਾਂ ਨੂੰ ਵੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਅਨੁਸਾਰ ਘਰੇਲੂ ਖਪਤਕਾਰਾਂ ਨੂੰ 1 ਜੁਲਾਈ ਤੋਂ 2 ਮਹੀਨੀਆਂ ਲਈ 600 ਯੂਨਿਟ ਦੇ ਬਿਲ ਮੁਆਫ ਕੀਤੇ ਗਏ ਹਨ। ਜਿਸ ਨਾਲ ਪੰਜਾਬ ਦੀ 80 ਫੀਸਦੀ ਲੋਕਾਂ ਦੇ ਬਿੱਲ ਜੀਰੋ ਹੋਣਗੇ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਬਿਜਲੀ ਦੇ ਉਹੀ ਉਪਕਰਨ ਵਰਤਣ ਜਿਸ ਨਾਲ ਬਿਜਲੀ ਦੀ ਬਚਤ ਹੋ ਸਕੇ। ਉਨਾਂ ਕਿਹਾ ਕਿ ਬਿਜਲੀ ਸਚਮੁੱਚ ਹੀ ਅਜੋਕੀ ਪੀੜ੍ਹੀ ਲਈ ਨਿਆਮਤ ਹੈ। ਸ਼ਾਇਦ ਇਸ ਪੀੜ੍ਹੀ ਨੇ ਆਜ਼ਾਦੀ ਤੋਂ ਬਾਅਦ ਵਾਲਾ ਉਹ ਸਮਾਂ ਜਦੋਂ ਸਰਕਾਰ ਤੇ ਲੋਕਾਂ ਮਿਲ ਕੇ ਮੁਢਲੀਆਂ ਸੁਵਿਧਾਵਾਂ ਲਿਆਂਦੀਆਂ, ਨਹੀਂ ਦੇਖਿਆ ਹੋਣਾ ਪਰੰਤੂ ਇਸ ਪੀੜ੍ਹੀ ਨੂੰ ਇਸ ਸਭ ਦੀ ਅਹਿਮੀਅਤ ਅਤੇ ਬਿਜਲੀ ਦੀ ਬੱਚਤ ਅਤੇ ਇਸ ਦੇ ਬਦਲਵੇਂ ਸਰੋਤਾਂ ਬਾਰੇ ਸਾਨੂੰ ਸਕੂਲ ਪੱਧਰ ’ਤੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਦੇਸ਼ ਅਤੇ ਰਾਜ ਦੀ ਤਰੱਕੀ ’ਚ ਆਪਣਾ ਯੋਗਦਾਨ ਦੇ ਸਕਣ।
ਸਮਾਗਮ ਦੌਰਾਨ ਸ:ਸ:ਸ:ਸ: ਸਕੂਲ ਦੇ ਬੱਚਿਆਂ ਅਤੇ ਸਰਕਾਰੀ ਸਮਾਰਟ ਸਕੂਲ ਜਗਦੇਵ ਕਲਾਂ ਦੀਆਂ ਬੱਚਿਆਂ ਵਲੋਂ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ ਅਤੇ ਸਮਾਗਮ ਦੌਰਾਨ ਵਧੀਆ ਕੰਮ ਕਰਨ ਵਾਲੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸ: ਅਰਵਿੰਦਰ ਭੱਟੀ ਵਲੋਂ ਬਾਖੂਬੀ ਸਟੇਜ਼ ਦਾ ਸੰਚਾਲਨ ਕੀਤੀ ਗਿਆ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਬਿਜਲੀ ਮੰਤਰੀ ਨੂੰ ਯਾਦਗਾਈ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਅਜੈ ਗੁਪਤਾ ਵਿਧਾਇਕ ਕੇਂਦਰੀ, ਡਾ. ਜਸਬੀਰ ਸਿੰਘ ਵਿਧਾਇਕ ਪੱਛਮੀ, ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ , ਸ੍ਰੀ ਗੋਪਾਲ ਸ਼ਰਮਾ ਡਾਇਰੈਕਟਰ ਕਮਰਸ਼ੀਅਲ, ਸ੍ਰੀ ਯੋਗੇਸ਼ ਟੰਡਨ ਡਾਇਰੈਕਟਰ ਟੈਕਨੀਕਲ , ਸ੍ਰੀ ਐਸ ਕੇ ਵਰਮਾ ਡਾਇਰੈਕਟਰ ਡੀ.ਈ.ਈ., ਸ੍ਰੀ ਸਲੀਲ ਸ਼ਮਸ਼ੇਰੀ ਐਕਜੈਕਟਿਵ ਡਾਇਰੈਕਟਰ ਐਸ.ਜੇ.ਵੀ.ਐਨ.ਐਲ., ਚੀਫ ਇੰਜੀ: ਬਾਰਡਰ ਜੋਨ ਬਾਲ ਕ੍ਰਿਸ਼ਨ, ਡਿਪਟੀ ਚੀਫ਼ ਇੰਜੀ: ਸ੍ਰੀ ਰਾਮੇਸ਼ ਸਾਰੰਗਲ, ਇੰਜੀ: ਸਟੋਰ ਹੈਡ ਰਜ਼ਤ ਕੁਮਾਰ ਸ਼ਰਮਾ, ਚੀਫ ਇੰਜੀ: ਐਚ.ਆਰ. ਗੁਪਤਾ, ਚੀਫ਼ ਇੰਜੀ: ਟਰਾਂਸਮਿਸ਼ਨ ਰਣਜੀਤ ਸਿੰਘ ਚਾਵਲਾ, ਚੀਫ਼ ਇੰਜੀ: ਅਰਵਿੰਦਰਪਾਲ ਸਿੰਘ, ਐਕਸੀਐਨ ਮਨਦੀਪ ਸਿੰਘ, ਡਿਪਟੀ ਚੀਫ਼ ਜਤਿੰਦਰ ਸਿੰਘ, ਡਿਪਟੀ ਚੀਫ਼ ਇੰਜੀ: ਰਾਜੀਵ ਪਰਾਸ਼ਰ, ਡਾਇਰੈਕਟਰ ਸ:ਸ:ਸ:ਸ: ਸਕੂਲ ਸ: ਜਗਜੀਤ ਸਿੰਘ, ਸ੍ਰੀ ਸਤਪਾਲ ਸੋਖੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

