ਅੰਮ੍ਰਿਤਸਰਪੰਜਾਬ

ਸਰਾਵਾਂ ਤੇ ਜੀ.ਐਸ.ਟੀ. ? ਮੋਦੀ ਹੈ ਤੋ ਮੁਮਕਿਨ ਹੈ – ਅਦਲੀਵਾਲ

ਬਾਮੁਲਾਹਜਾ ਹੋ ਹੁਸ਼ਿਆਰ ਮੋਦੀ ਵਲੋਂ ਬੰਦੇ ਦੇ ਸਾਹਾਂ ਵਾਲੀ ਆਕਸੀਜਨ ਤੇ ਵੀ ਟੈਕਸ ਲਗ ਸਕਦਾ

ਅੰਮਿ੍ਰਤਸਰ : 2 ਅਗਸਤ (ਮਧੂਸਾਰ ਬਿਊਰੋ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਤੇ ਅਧਾਰਤ “ ਸੇਵਾ-ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸਨ ( ਰਜਿ )”ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਤਰੀਆਂ ਦੇ ਸੁੱਖ ਸੁਵਿਧਾਵਾਂ ਲਈ ਬਣਾਈਆਂ ਸਰਾਵਾਂ ਉੱਪਰ 12% ਜੀ.ਐਸ.ਟੀ ਲਗਾਏ ਜਾਣ ਦੀ ਨਿਖੇਧੀ ਕਰਦਿਆਂ ਬੀ.ਜੇ.ਪੀ ਦੀ ਕੇਂਦਰੀ ਸਰਕਾਰ ਦੀ ਨਿਖੇਧੀ ਕਰਦਿਆਂ ਇਸਨੂੰ ਹਾਸੋਹੀਣਾ ਦੱਸਿਆ ਗਿਆ ਹੈ ।

ਸ. ਕੁਲਵੰਤ ਸਿੰਘ ਰੰਧਾਵਾ, ਸ. ਰਘਬੀਰ ਸਿੰਘ ਰਾਜਾ ਸਾਂਸੀ, ਸ. ਦਿਲਜੀਤ ਸਿੰਘ ਬੇਦੀ, ਸ. ਸਤਬੀਰ ਸਿੰਘ ਧਾਮੀ, ਸ. ਤਰਲੋਚਨ ਸਿੰਘ, ਸ. ਬਲਬੀਰ ਸਿੰਘ, ਸ. ਰਾਜ ਸਿੰਘ, ਸ. ਬਲਵਿੰਦਰ ਸਿੰਘ ਜੋੜਾਸਿੰਘਾ ਆਦਿ ਵੱਲੋਂ ਐਸੋਸੀਏਸਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ, ਸਾਬਕਾ ਸਕੱਤਰ ਨੇ ਪ੍ਰੈੱਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਦਫਤਰਾਂ ਵਿੱਚ ਬੈਠੇ ਲੋਕ ਕੀ ਜਾਨਣ ਕਿ ਸਰਾਵਾਂ, ਗੁਰਧਾਮਾਂ ਦੇ ਦਰਸਨ ਦੀਦਾਰੇ ਕਰਨ ਲਈ ਦੂਰ ਦੁਰੇਡੇ ਤੋਂ ਅਉਣ ਵਾਲੀਆਂ ਸੰਗਤਾਂ ਦੀ ਸੁਵਿਧਾ ਲਈ ਬਣਾਈਆਂ ਜਾਂਦੀਆਂ ਅਤੇ ਉਹਨਾਂ ਦੇ ਰੱਖ-ਰਖਾਵ ਲਈ ਨਾ-ਮਾਤਰ ਮਾਇਆ ਸੰਗਤਾਂ ਦੇ ਯੋਗਦਾਨ ਵਜੋਂ ਲਈ ਜਾਂਦੀ ਹੈ ਅਤੇ ਸੰਗਤਾਂ ਵੀ ਜਾਣਦੀਆਂ ਹਨ ਕਿ ਸਰਾਅ ਦੇ ਕਮਰੇ ਵਿੱਚ ਰਾਤ ਦਿਨ ਚੱਲਣ ਵਾਲੇ ਏ ਸੀ, ਪੱਖੇ, ਲਾਈਟ, ਬੈਡ ਸੀਟਸ, ਸਟਾਫ , ਮੇਨਟੇਨੈਂਸ ਦੇ ਖਰਚੇ ਨੂੰ ਦੇਖਦਿਆਂ ਨਾ ਤਾਂ ਇਹ ਕੋਈ ਲਾਹੇਵੰਦਾ ਹੈ ਅਤੇ ਨਾ ਹੀ ਧੰਦਾ ਹੈ । ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਨਜਰ ਕਿਉਂ ਨਹੀਂ ਆਉਂਦਾ ਕਿ ਇਹੀ ਸ੍ਰੋਮਣੀ ਕਮੇਟੀ ਲੋੜਵੰਦਾਂ ਦੇ ਘਰ ਘਰ ਰਾਸਨ ਪਹੁੰਚਾਉਂਦੀ ਹੈ, ਦੇਸ ਵਿੱਚ ਕਿਤੇ ਵੀ ਕੋਈ ਕੁਦਰਤੀ, ਗੈਰ ਕੁਦਰਤੀ ਆਫਤ ਵੇਲੇ ਸਰਕਾਰ ਦੇ ਅਦਾਰਿਆਂ ਤੋਂ ਪਹਿਲਾਂ ਸੇਵਾ ਲਈ ਪਹੁੰਚਦੀ ਹੈ ।

ਅਦਲੀਵਾਲ ਦੇ ਨਾਲ ਐਸੋਸੀਏਸ਼ਨ ਦੇ ਸਾਰੇ ਆਹੁਦੇਦਾਰਾਂ ਨੇ ਤੰਨਜ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਖਾਣ ਪੀਣ ਦੀਆਂ ਵਸਤਾਂ, ਬੱਚਿਆਂ ਦੀ ਪੜ੍ਹਾਈ ਦੀਆਂ ਪੈਨਸਿਲ, ਰਬੜ, ਸਾਰਪਨਰ ਵਰਗੀਆਂ ਛੋਟੀਆਂ ਛੋਟੀਆਂ ਚੀਜਾਂ ਤੇ ਟੈਕਸ ਲੱਗਾ ਸਕਦੀ ਹੈ, ਉਹ ਸਰਾਵਾਂ ਦੇ ਕਮਰਿਆਂ ਤੇ ਟੈਕਸ ਲਗਾਉਂਦੀ ਹੈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੁੰਦੀ। ਉਹਨਾਂ ਹੋਰ ਕਿਹਾ ਕਿ ਸਰਕਾਰ ਕਿਤੇ ਬੰਦੇ ਦੇ ਸਾਹਾਂ ਦੀ ਗਿਣਤੀ ਦੇ ਹਿਸਾਬ ਨਾਲ ਆਕਸੀਜਨ ਟੈਕਸ ਹੀ ਨਾ ਲਗਾ ਦੇਵੇ ।

ਬਿਆਨ ਜਾਰੀ ਰੱਖਦਿਆਂ ਉਨ੍ਹਾਂ ਹੋਰ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਲੰਗਰ ਦੀ ਸਮੱਗਰੀ ਤੇ ਟੈਕਸ ਲਗਾਇਆ ਸੀ ਜੋ ਬਾਅਦ ਚ ਵਾਪਸ ਲੈਣਾ ਪਿਆ ਸੀ ਇਸ ਲਈ ਲੱਗਦਾ ਹੈ ਕਿ ਸਰਕਾਰ ਆਪਣੀ ਇਹ ਭੁੱਲ ਤੁਰੰਤ ਵੀ ਸੁਧਾਰ ਲਵੇਗੀ। ਉਹਨਾਂ ਕਿਹਾ ਕਿ ਭਾਰਤੀ ਬੈਂਕਾਂ ਦੇ ਕਈ ਲੱਖ ਕਰੋੜ ਰੁਪਏ ਲੈ ਕੇ ਵਿਦੇਸਾਂ ਵਿੱਚ ਐਸ ਕਰ ਰਹੇ ਅਤੇ ਏਸੇ ਪੈਸੇ ਨਾਲ ਏਥੇ ਦੇਸ ਨੂੰ ਲੁੱਟ ਰਹੇ ਵੱਡੇ ਕਾਰੋਬਾਰੀਆਂ ਦੇ ਅਰਬਾਂ ਰੁਪਏ ਦੇ ਕਰਜੇ ਇਹੀ ਸਰਕਾਰ ਵੱਟੇ-ਖਾਤੇ ਪਾ ਰਹੀ ਹੈ ਅਤੇ ਮਹਿੰਗਾਈ ਨਾਲ ਗਰੀਬ ਜਨਤਾ ਨੂੰ ਜੀਊਣ ਦੇ ਹੱਕ ਤੋਂ ਵੀ ਮਹਿਰੂਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਈ ਵਰਗੀ ਨਿੱਕੀ ਨਿੱਕੀ ਚੀਜ ਤੇ ਟੈਕਸ ਲਾਉਣ ਵਾਲੀ ਸਰਕਾਰ ਡੀਜਲ ਪੈਟਰੋਲ ਤੇ ਜੀ ਐਸ ਟੀ ਲਾਗੂ ਕਰਨ ਤੋਂ ਕਿਓ ਟਾਲਾ ਵੱਟ ਰਹੀ ਹੈ ?

ਉਹਨਾਂ ਕਿਹਾ ਕਿ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸੁਖ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਹੁੰਦੀਆਂ ਹਨ ਨਾ ਕਿ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਸਤੇ ।ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਾਵਾਂ ਤੇ ਲਗਾਇਆ ਗਿਆ ਟੈਕਸ ਬਿਨਾ ਦੇਰੀ ਵਾਪਸ ਲਿਆ ਜਾਵੇ ਅਤੇ ਪੈਟਰੋਲ ਡੀਜਲ ਨੂੰ ਜੀ.ਐਸ.ਟੀ ਦੇ ਘੇਰੇ ਵਿਚ ਲਿਆਦਾ ਜਾਂਵੇ।

Leave a Reply

Your email address will not be published. Required fields are marked *