ਖਾਲਸਾ ਕਾਲਜ ਵੂਮੈਨ ਨੇ ਮਨਾਇਆ ਤੀਜ਼ ਤਿਉਹਾਰ
ਵਿਰਾਸਤ ’ਚ ਮਿਲੇ ਤਿਉਹਾਰਾਂ ਨੂੰ ਸਾਂਭਣਾ ਨੌਜਵਾਨ ਪੀੜ੍ਹੀ ਦਾ ਫ਼ਰਜ਼ : ਸ੍ਰੀਮਤੀ ਛੀਨਾ

ਅੰਮ੍ਰਿਤਸਰ, 13 ਅਗਸਤ (ਮਧੂਸਾਰ ਬਿਊਰੋ) ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਵਿਹੜੇ ’ਚ ਲਗਾਏ ਤੀਜ਼ ਮੇਲੇ ਮੌਕੇ ਜਿੱਥੇ ਵੱਖ ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਉਥੇ ਫ਼ੈਕਲਟੀ ਮੈਂਬਰਜ਼ ਦੁਆਰਾ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਝੂਟੇ ਲੈਂਦਿਆਂ ਸਾਵਣ ਰੁੱਤ ’ਤੇ ਬੋਲੀਆਂ ਪਾਈਆਂ ਅਤੇ ਸਾਉਣ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਗਈ। ਮੇਲੇ ਦੌਰਾਨ ਤੀਆਂ ਦੀ ਰਾਣੀ, ਪੰਜਾਬੀ ਪਹਿਾਰਾਵਾ, ਮਹਿੰਦੀ ਮੁਕਾਬਲਾ, ਸੰਗੀਤਕ ਤੇ ਸੱਭਿਆਚਾਰਕ ਪੇਸ਼ਕਾਰੀਆਂ, ਝੂਲੇ, ਪੀਂਘਾਂ, ਖਾਣ ਪੀਣ ਦੇ ਸਟਾਲ ਅਤੇ ਖੀਰ ਤੇ ਪੂੜੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਲਿਟਲ ਫ਼ਲਾਵਰ ਸਕੂਲ ਦੇ ਐਮ. ਡੀ. ਸ੍ਰੀਮਤੀ ਤੇਜਿੰਦਰ ਕੌਰ ਛੀਨਾ ਦਾ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸਵਾਗਤ ਕਰਦਿਆਂ ਸਾਉਣ ਮਹੀਨੇ ਦੇ ਸ਼ਿੰਗਾਰ ਦੀਆਂ ਰਸਮਾਂ ਅਦਾ ਕੀਤੀਆਂ। ਉਪਰੰਤ ਕਾਲਜ ਸਟਾਫ਼ ਨਾਲ ਗਿੱਧਾ ਤੇ ਬੋਲੀਆਂ ਪਾਉਂਦਿਆਂ ਸ੍ਰੀਮਤੀ ਛੀਨਾ ਨੇ ਕਿਹਾ ਕਿ ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਸਾਰਿਆਂ ਨੂੰ ਵਿਰਾਸਤ ’ਚ ਮਿਲੇ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ ’ਚ ਮਿਲੇ ਇਨ੍ਹਾਂ ਤਿਉਹਾਰਾਂ ਨੂੰ ਸਾਂਭਣਾ ਨੌਜਵਾਨ ਪੀੜ੍ਹੀ ਦਾ ਫ਼ਰਜ਼ ਹੈ ਪਰ ਅਜੋਕੇ ਕੰਪਿਊਟਰੀ ਯੁੱਗ ’ਚ ਵਿਰਾਸਤ ’ਚ ਮਿਲੇ ਤਿਉਹਾਰਾਂ ਪ੍ਰਤੀ ਨੌਜਵਾਨ ਪੀੜ੍ਹੀ ਦੂਰ ਹੁੰਦੀ ਜਾ ਰਹੀ ਹੈ। ਜਿਸ ਤੋਂ ਇਵੇਂ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਸਾਡੇ ਰੀਤੀ ਰਿਵਾਜ਼ ਤੇ ਤਿਉਹਾਰ ਸਿਰਫ਼ ਕਿਤਾਬਾਂ ’ਚ ਕਹਾਣੀਆਂ ਨਾ ਬਣ ਕੇ ਰਹਿ ਜਾਣਗੇ।

ਇਸ ਮੌੇਕੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿੱਦਿਅਕ ਅਦਾਰਿਆਂ ’ਚ ਸਿਰਫ਼ ਵਿਦਿਆਰਥੀਆਂ ਨੇ ਹੀ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆ ਹੋਇਆ ਹੈ। ਇਸ ਮੌਕੇ ਵਿਦਿਆਰਥਣਾਂ ਤੇ ਸਟਾਫ਼ ਨੇ ਪੀਂਘਾਂ ਝੂਟਣ, ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਇਸ ਮੌਕੇ ਪ੍ਰਿੰ: ਸੁਰਿੰਦਰ ਕੌਰ ਨੇ ਕਿਹਾ ਕਿ ਸਾਵਣ ਮੌਕੇ ਤੀਆਂ ਦਾ ਤਿਉਹਾਰ ਹਰੇਕ ਸਾਲ ਕਾਲਜ ਦੁਆਰਾ ਬੜ੍ਹੇ ਚਾਅ ਅਤੇ ਉਮੰਗਾਂ ਨਾਲ ਸੰਪੂਰਨ ਸੱਭਿਆਚਾਰਕ ਪਹਿਰਾਵਿਆਂ ’ਚ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਜ਼ ਤਿਉਹਾਰ ’ਤੇ ਮੁਟਿਆਰਾਂ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ ਅਤੇ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ। ਇਸ ਮੌਕੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦਿੰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਛੀਨਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਮੈਂਬਰ ਡਾ: ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਾਬਕਾ ਪਿ੍ਰੰਸੀਪਲ ਡਾ. ਮਨਪ੍ਰੀਤ ਕੌਰ, ਡਾ: ਜਤਿੰਦਰ ਕੌਰ, ਗੁਰਿੰਦਰ ਕੌਰ ਕਾਲੜਾ, ਮਨਜੀਤਪਾਲ ਮਦਾਨ ਸਾਬਕਾ ਪ੍ਰਧਾਨ ਰੋਟਰੀ ਕਲੱਬ (ਉੱਤਰੀ), ਅੰਮ੍ਰਿਤਸਰ, ਪ੍ਰੋ: ਰਵਿੰਦਰ ਕੌਰ, ਡਾ: ਰਮਿੰਦਰ ਕੌਰ, ਨਵਨੀਤ ਕੌਰ, ਸਮਨਦੀਪ ਕੌਰ, ਡਾ: ਬਲਜੀਤ ਕੌਰ, ਡਾ: ਸ਼ਰਨ ਅਰੋੜਾ, ਡਾ: ਕੁਲਦੀਪ ਕੌਰ ਤੇ ਹੋਰ ਹਾਜ਼ਰ ਸਨ।

