ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ’ਚ ਸੰਗਤ ਨਤਮਸਤਕ
ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਰਣਜੋਧ ਸਿੰਘ ਵੱਲੋਂ ਗੁਰਬਾਣੀ ਕੀਰਤਨ ਸਰਵਣ

ਗੁਰਬਾਣੀ ਗਿਆਨ ਦਾ ਸੋਮਾ, ਜੋ ਅਗਿਆਨਤਾ ਦੇ ਹਨੇਰੇ ਨੂੰ ਕਰਦੀ ਦੂਰ : ਪ੍ਰੋ. ਬਡੂੰਗਰ

ਪਟਿਆਲਾ 28 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ। ਧਾਰਮਕ ਸਮਾਗਮ ਦੌਰਾਨ ਮੁੱਖਵਾਕ ਭਾਈ ਅਜੇਮਰ ਸਿੰਘ ਵੱਲੋਂ ਲਿਆ ਗਿਆ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੰਗਤਾਂ ਨੂੰ ਪ੍ਰਕਾਸ਼ ਪੁਰਬ ਵਧਾਈ ਦਿੱਤੀ। ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਜੋਧ ਸਿੰਘ ਦੇ ਰਾਗੀ ਜੱਥੇ ਵਾਲੇ ਗੁਰਬਾਣੀ ਸਰਵਣ ਕੀਰਤਨ ਪ੍ਰਵਾਹ ਚਲਾਇਆ ਗਿਆ। ਇਸੇ ਤਰ੍ਹਾਂ ਪ੍ਰਬੰਧ ਅਧੀਨ ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਬਾਬਾ ਅਜਾਪਾਲ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ‘ਸ਼ਬਦ ਗੁਰੂ’ ਬਿਰਾਜਮਾਨ ਹਨ, ਜੋ ਸਮੁੱਚੀ ਮਾਨਵਤਾ ਦੀ ਅਧਿਆਤਮਕ ਤੌਰ ’ਤੇ ਅਗਵਾਈ ਕਰ ਰਹੇ ਹਨ। ਇਤਿਹਾਸ ਦੀ ਰੌਸ਼ਨੀ ’ਚ ਉਨ੍ਹਾਂ ਆਖਿਆ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਪਾਸੋਂ ਪਹਿਲਾ ਪ੍ਰਕਾਸ਼ ਕਰਵਾਇਆ, ਜੋ ਵਿਸ਼ਵ ਧਰਮ ਗ੍ਰੰਥਾਂ ਵਿਚੋਂ ਵਿਲੱਖਣ ਪਾਵਨ ਗ੍ਰੰਥ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਬਾਣੀ ਦਾ ਫਲਸਫਾ ਸਮੁੱਚੀ ਲੋਕਾਈ ਨੂੰ ਜਾਤ, ਧਰਮ ਅਤੇ ਫਿਰਕੇ ਤੋਂ ਉਪਰ ਉਠ ਕੇ ਗੁਰੂ ਸਾਹਿਬਾਨ ਦੀਆਂ ਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਗਿਆਨ ਦਾ ਅਜਿਹਾ ਸੋਮਾ ਹੈ, ਜੋ ਅਗਿਆਨਤਾ ਦੇ ਹਨੇਰੇ ਨੂੰ ਵੀ ਦੂਰ ਕਰਦਾ ਹੈ ਇਸ ਕਰਕੇ ਸੰਗਤ ਸ਼ਬਦ ਗੁਰੂ ਨਾਲ ਜੁੜਕੇ ਗੁਰੂ ਮਾਰਗ ਦਾ ਪਾਂਧੀ ਬਣੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ. ਗੁਰਮੀਤ ਸਿੰਘ ਸੁਨਾਮ, ਮੀਤ ਮੈਨੇ. ਇੰਦਰਜੀਤ ਸਿੰਘ ਗਿੱਲ, ਹੈਡ ਗ੍ਰੰਥੀ ਹਰਵਿੰਦਰ ਸਿੰਘ, ਮੈਨੇ. ਨਰਿੰਦਰਜੀਤ ਸਿੰਘ, ਮੈਨੇ. ਗੁਰਲਾਲ ਸਿੰਘ, ਮੈਨੇ. ਜਗਦੀਸ਼ ਸਿੰਘ, ਸਾਬਕਾ ਮੈਨੇ. ਕਰਮ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ, ਸ਼ਬਦ ਗੁਰੂ ਪ੍ਰਚਾਰ ਸਾਹਿਬ ਦੇ ਪ੍ਰਧਾਨ ਭਗਵੰਤ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਆਤਮ ਪ੍ਰਕਾਸ਼ ਸਿੰਘ ਬੇਦੀ, ਸਰਬਜੀਤ ਸਿੰਘ, ਮਨਜੀਤ ਕੌਲੀ, ਮਨਜੀਤ ਪਵਾਰ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਦਾ ਸਮੁੱਚਾ ਸਟਾਫ ਅਤੇ ਅਧਿਕਾਰੀ ਆਦਿ ਸ਼ਾਮਲ ਸਨ।
ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਫੁੱਲਾਂ ਨਾਲ ਸਜਾਵਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਵਿਖੇ ਕੀਤੀ ਗਈ ਅਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਫੁੱਲਾਂ ਨਾਲ ਸਜਾਵਟ ਵੀ ਕੀਤੀ ਗਈ। ਗੁਰੂ ਸਾਹਿਬ ਦੇ ਦਰਬਾਰ ਨੂੰ ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਸਜਾਇਆ ਗਿਆ, ਜੋ ਨਤਮਸਤਕ ਹੋਣ ਪੁੱਜਦੀ ਸੰਗਤ ਦਾ ਧਿਆਨ ਖਿੱਚ ਰਹੇ ਸਨ। ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਗੁਰੂ ਘਰ ਪੁੱਜ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ।

