ਨਵੀਂ ਵਿਭਾਗੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਇੰਜੀਨੀਅਰਿੰਗ ਵਿੰਗ ਦੀ ਇਮਾਰਤ ਵਿੱਚ ਨਵੀਂ ਵਿਭਾਗੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਸੰਬੰਧੀ ਰੱਖੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਖੋਜ ਡਾ. ਮਨਜੀਤ ਪਾਤੜ ਸਨ। ਇਸ ਮੌਕੇ ਡਾ.ਪਾਤੜ ਨੇ ਚੰਗੀ ਪਹਿਲਕਦਮੀ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਵੀਂ ਵਿਕਸਤ ਲਾਇਬ੍ਰੇਰੀ ਵਿਭਾਗ ਦੇ ਸਾਰੇ ਵਿਦਿਆਰਥੀਆਂ ਲਈ ਗਿਆਨ ਸਿਖਲਾਈ ਪਲੇਟਫਾਰਮ ਹੋਵੇਗੀ। ਵਿਭਾਗ ਮੁਖੀ ਡਾ. ਰਮਨ ਮੈਣੀ ਨੇ ਦੱਸਿਆ ਕਿ ਇਹ ਸਹੂਲਤ ਵਿਦਿਆਰਥੀਆਂ ਨੂੰ ਵਿਭਾਗ ਵਿੱਚ ਤੁਰੰਤ ਕਿਤਾਬਾਂ ਦੀ ਪੂਰਤੀ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਨੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਲਾਇਬ੍ਰੇਰੀ ਲਈ ਕੁਝ ਜ਼ਰੂਰੀ ਕਿਤਾਬਾਂ ਸ਼ਾਮਲ ਕੀਤੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਵਿਸਿ਼ਆਂ ਦੀਆਂ ਹੋਰ ਨਾਮਵਰ ਕਿਤਾਬਾਂ ਸ਼ਾਮਲ ਕੀਤੀਆਂ ਜਾਣਗੀਆਂ।
ਇਹ ਲਾਇਬ੍ਰੇਰੀ ਲਗਭਗ 1000 ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਪੂਰਾ ਕਰੇਗੀ। ਉਨ੍ਹਾਂ ਲਾਇਬ੍ਰੇਰੀ ਕਮੇਟੀ ਦੇ ਮੈਂਬਰਾਂ ਡਾ. ਹਰਪ੍ਰੀਤ ਕੌਰ, ਡਾ. ਗੌਰਵ ਗੁਪਤਾ, ਡਾ. ਨਵਜੋਤ ਕੌਰ, ਇੰਜ ਗੁਰਪ੍ਰੀਤ ਸਿੰਘ ਅਤੇ ਇੰਜ.ਨਵਨੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਦਘਾਟਨ ਮੌਕੇ ਵਿਭਾਗ ਦੇ ਪ੍ਰੋਫੈਸਰ ਡਾ. ਲਖਵਿੰਦਰ ਕੌਰ, ਡਾ. ਹਿਮਾਂਸ਼ੂ ਅਗਰਵਾਲ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਲਾਇਬ੍ਰੇਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਲਾਇਬ੍ਰੇਰੀ ਦੀ ਇੰਚਾਰਜ ਹਰਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਦੇ ਬਹੁਤ ਸਾਰੇ ਫੈਕਲਟੀ ਮੈਂਬਰਾਂ ਨੇ ਨਵੀਂ ਵਿਕਸਤ ਲਾਇਬ੍ਰੇਰੀ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਵੱਖ-ਵੱਖ ਕਿਤਾਬਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਦਾ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਭਰਪੂਰ ਲਾਭ ਉਠਾਇਆ ਜਾਵੇਗਾ।

