ਪੰਜਾਬਪਟਿਆਲਾ

ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਨੇ ਘੇਰਿਆ ਡੀ.ਸੀ.ਦਫਤਰ

ਐਸ.ਸੀ ਵਰਗ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ : ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ 31 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਦੇ ਨਾਭਾ ਖੇਤਰ ਦੇ ਪਿੰਡ ਚੌਧਰੀਮਾਜਰਾ ਵਿਚ ਅਨੁਸੂਚਿਤ ਜਾਤੀ ਲੋਕਾਂ ਦੇ ਸ਼ਮਸ਼ਾਨਘਾਟ ਪਾਸ ਬਣੀ ਹੋਈ ਹੱਡਾਰੋੜੀ ਦਾ ਮਾਮਲਾ ਸੁਲਝਦਾ ਨਾ ਦੇਖ ਅੱਜ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਅਤੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਵਲੋਂ ਸੰਘ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਸੈਂਕੜੇ ਪਿੰਡ ਵਾਸੀਆਂ ਅਤੇ ਅਨੁਸੂਚਿਤ ਜਾਤੀ ਲੋਕਾਂ ਵਲੋਂ ਡੀ.ਸੀ ਦਫਤਰ ਪਟਿਆਲਾ ਦਫਤਰ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਵਲੋਂ ਪਹਿਲਾਂ ਪੁੱਡਾ ਗਰਾਉਂਡ ਵਿਖੇ ਇਕੱਤਰਤਾ ਕੀਤੀ ਗਈ, ਫਿਰ ਬੱਚਿਆਂ ਬਜੁਰਗਾਂ ਨੌਜਵਾਨਾਂ ਦੇ ਭਾਰੀ ਇਕੱਠ ਵਲੋਂ ਡੀ.ਸੀ ਪਟਿਆਲਾ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। ਪ੍ਰਸ਼ਾਸ਼ਨ ‘ਤੇ ਵਰਦਿਆਂ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਅਨੁਸੂਚਿਤ ਜਾਤੀ ਲੋਕਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਅੰਦਰ ਦਲਿਤਾਂ ਨਾਲ ਮੌਤ ਤੋਂ ਬਾਅਦ ਵੀ ਵਿਤਕਰਾ ਜਾਰੀ ਹੈ। ਪਿੰਡ ਚੌਧਰੀਮਾਜਰਾ ਵਿਚ ਅਨੁਸੂਚਿਤ ਜਾਤੀ ਲੋਕਾਂ ਦੇ ਸ਼ਮਸ਼ਾਨਘਾਟ ਪਾਸ ਬਣਾਈ ਗਈ ਹੱਡਾਰੋੜੀ ਵਿੱਚ ਦਲਿਤਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮਰੇ ਹੋਏ ਪਸ਼ੂ ਸੁੱਟੇ ਜਾ ਰਹੇ ਹਨ।

ਪ੍ਰਸ਼ਾਸ਼ਨ ਨੂੰ ਦੋ ਹਫਤੇ ਪਹਿਲਾਂ ਮੰਗ ਪੱਤਰ ਦੇਣ ਦੇ ਬਾਅਦ ਵੀ ਇਹ ਮਾਮਲਾ ਹੱਲ ਨਹੀਂ ਕਰਵਾਇਆ ਗਿਆ। ਜਿਸ ਕਾਰਣ ਮਜਬੂਰਨ ਅਨੁਸੂਚਿਤ ਜਾਤੀ ਲੋਕਾਂ ਨੂੰ ਆਪਣੇ ਮਾਣ ਸਨਮਾਨ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਮਜ਼ਦੂਰ ਸੰਘ ਦੇ ਰੋਸ ਤੋਂ ਘਬਰਾਏ ਜਿਲਾ ਪ੍ਰਸ਼ਾਸ਼ਨ ਵਲੋਂ ਐਸ.ਡੀ.ਐਮ ਪਟਿਆਲਾ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਭੇਜਿਆ ਗਿਆ। ਜਿਸ ਤੋਂ ਬਾਅਦ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਮਾਮਲੇ ਦਾ ਜਦੋਂ ਤੱਕ ਹੱਲ ਨਹੀਂ ਹੋ ਜਾਂਦਾ ਉਹ ਇਥੋਂ ਧਰਨਾ ਨਹੀਂ ਚੁੱਕਣਗੇ। ਆਖੀਰ ਜਿਲਾ ਪ੍ਰਸ਼ਾਸ਼ਨ ਵਲੋਂ ਹੱਡਾਰੋੜੀ ਸ਼ਿਫਟ ਕਰਵਾਉਣ ਲਈ ਡੀ.ਡੀ.ਪੀ.ਓ ਦੇ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਜਗਦੀਸ਼ ਸਿੰਘ ਘਨੌਰ, ਕੁਲਵੰਤ ਸਿੰਘ ਸਰੋਏ, ਡਾ. ਗਿਆਨ ਸਿੰਘ, ਕੁਲਵੰਤ ਸਿੰਘ ਹਿਆਣਾ, ਟਿੰਕੂ ਕੇਸਲਾ, ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਵਾਈਸ ਪ੍ਰਧਾਨ ਸੰਦੀਪ ਬਾਲੀ, ਸੰਕਰ ਦ੍ਰਵਿੜ, ਕਿਸ਼ਨ ਭੜੋਅ, ਮਨਮੋਹਨ ਨਾਭਾ, ਰਾਜੇਸ਼ ਗੱਗੂ ਪੰਜਾਬੀ ਯੂਨੀਵਰਸਿਟੀ ਡੇਲੀਵੇਜ਼ ਸਫਾਈ ਯੂਨੀਅਨ ਪ੍ਰਧਾਨ, ਸੰਦੀਪਰਾਜਪੁਰਾ, ਕੁਲਦੀਪ ਸਿੰਘ, ਨੰਬਰਦਾਰ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਕੁਲਬੁਰਸ਼ਾਂ, ਗੈਸ ਏਜੰਸੀ ਵਰਕਰ ਯੂਨੀਅਨ ਤੋਂ ਸਤਿਗੁਰ ਸਿੰਘ, ਸੋਨੀ ਦੰਦਰਾਲਾ ਖਰੌੜ, ਚੌਧਰੀਮਾਜਰਾ ਤੋਂ ਸੁਰਿੰਦਰ ਸਿੰਘ ਪੰਚ, ਜਤਿੰਦਰ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਜਗਸ਼ੀਰ ਸਿੰਘ, ਗੁਰਵਿੰਦਰ ਸਿੰਘ, ਪੰਜਾਬ ਸਿੰਘ, ਸਤਿਗੁਰੂ ਸਿੰਘ,ਰਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *