ਪੰਜਾਬਪਟਿਆਲਾ

ਜਥੇਦਾਰ ਪੰਜੋਲੀ ਵੱਲੋਂ ਗੁਰਦੁਆਰਾ ਸਾਹਿਬਾਨ ’ਚ ਜਨਮ ਅਸ਼ਟੀ ਮਨਾਉਣ ਦਾ ਗੰਭੀਰ ਨੋਟਿਸ

ਗੁਰਦੁਆਰਾ ਸਾਹਿਬਾਨ ਨੂੰ ਮੰਦਰਾਂ ’ਚ ਤਬਦੀਲ ਕਰਨ ਦੀ ਮੁਹਿੰਮ ਵਿਰੁੱਧ ਸਿੱਖ ਜਗਤ ਹੋਵੇ ਚੌਕਸ : ਜਥੇਦਾਰ ਪੰਜੋਲੀ

ਪਟਿਆਲਾ 31 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਗੁਰਦੁਆਰਾ ਸਾਹਿਬਾਨ ਵਿਚ ਕਿ੍ਰਸ਼ਨ ਜਨਮ ਅਸ਼ਟਮੀ ਮਨਾਉਣ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਮੁਲਕ ਦੀਆਂ ਸਿੱਖ ਵਿਰੋਧੀ ਤਾਕਤਾਂ ਵਲੋਂ ਪੰਜਾਬੋਂ ਬਾਹਰਲੇ ਸਿੱਖ ਗੁਰਦੁਆਰਾ ਸਾਹਿਬਾਨ ਨੂੰ ਹਿੰਦੂ ਮੰਦਰਾਂ ਵਿਚ ਤਬਦੀਲ ਕਰਨ ਦੀ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਟਾਕਰਾ ਕਰਨ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕ ਸਾਂਝਾ ਪ੍ਰੋਗਰਾਮ ਉਲੀਕਣ ਲਈ ਸਿਰ ਜੋੜ ਕੇ ਵਿਚਾਰ ਕਰਨੀ ਚਾਹੀਦੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਅਤੇ ਉਤਰਾਖੰਡ ਦੇ ਗੁਰਦੁਆਰਾ ਸਾਹਿਬਾਨ ਵਿਚ ਜਨਮ ਅਸ਼ਟਮੀ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਿ੍ਰਸ਼ਨ ਲੀਲਾ ਰਚਾਉਣ ਅਤੇ ਭਜਨ ਗਾਉਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਝਾਰਖੰਡ ਦੇ ਇਕ ਗੁਰਦੁਆਰੇ ਵਿਚ ਹਿੰਦੂ ਮੰਦਰਾਂ ਦੀ ਤਰਜ਼ ਉਤੇ ਥਾਲੀ ਵਿਚ ਦੀਵੇ ਜਗਾ ਕੇ ਆਰਤੀ ਉਤਾਰਣ ਦੀ ਘਟਨਾ ਵੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸ਼ਹਿਰ ਸਾਗਰ ਵਿਚ ਇਕ ਗੁਰਦੁਆਰੇ ਦੀ ਇਮਾਰਤ ਉਤੇ ਕੁਝ ਹਿੰਦੂ ਜਤੇਬੰਦੀਆਂ ਵਲੋਂ ਜ਼ਬਰਦਸਤੀ ਤਿਰੰਗਾ ਝੰਡਾ ਲਹਿਰਾੳੇਣ ਦੀ ਘਟਨਾ ਵੀ ਵਾਪਰੀ ਸੀ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਕੋਈ ਇਕੱਲੀਆਂ-ਕਹਿਰੀਆਂ ਘਟਨਾਵਾਂ ਨਹੀਂ ਹਨ ਬਲਕਿ ਸਿੱਖ ਵਿਰੋਧੀ ਤਾਕਤਾਂ ਵਲੋਂ ਪੰਜਾਬੋਂ ਬਾਹਰਲੇ ਗੁਰਦੁਆਰਾ ਸਾਹਿਬਾਨ ਨੂੰ ਮੰਦਰਾਂ ਵਿਚ ਤਬਦੀਲ਼ ਕਰਨ ਦੀ ਰਚੀ ਗਈ ਡੂੰਘੀ ਸਾਜ਼ਿਸ਼ ਦੀ ਲੜੀ ਦੀਆਂ ਵੱਖ ਵੱਖ ਕੜੀਆਂ ਹਨ। ਉਹਨਾਂ ਕਿਹਾ ਕਿ ਸਿੱਖ ਜਗਤ ਨੂੰ ਇਸ ਸਾਜ਼ਿਸ਼ ਵਿਰੁੱਧ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਇਹ ਘਟਨਾਵਾਂ ਸਿਰਫ਼ ਸਿੱਖ ਰਹਿਤ ਮਰਿਯਾਦਾ ਦੀਆਂ ਉਲੰਘਣਾ ਦਾ ਮਾਮਲਾ ਨਹੀਂ ਹੈ, ਜਿਵੇਂ ਕਿ ਕੁਝ ਸਿੱਖ ਆਗੂਆਂ ਨੇ ਕਿਹਾ ਹੈ, ਬਲਕਿ ਸਿੱਖ ਗੁਰਦੁਆਰਾ ਸਾਹਿਬਾਨ ਦੀ ਹੋਂਦ ਨਾਲ ਜੁੜਣ ਕਾਰਨ ਇਸ ਤੋਂ ਕਿਤੇ ਵੱਧ ਗੰਭੀਰ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਸ ਮੁਲਕ ਨੂੰ ਇਕ ਰੰਗ ਵਿਚ ਰੰਗਣ ਲਈ ਤਹੂ ਹੋਈਆਂ ਫਿਰਦੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖਾਂ ਦੀ ਵੱਖਰੀ ਪਛਾਣ ਦੇ ਨਾਲ ਨਾਲ ਸਿੱਖ ਗੁਰੂ ਸਾਹਿਬਾਨ ਵਲੋਂ ਦਿੱਤਾ ਗਿਆ “ਸ਼ਬਦ ਗੁਰੂ” ਦਾ ਵਿਲੱਖਣ ਸਿਧਾਂਤ ਵੀ ਫੁੱਟੀ ਅੱਖ ਨਹੀਂ ਭਾਉਂਦਾ। ਉਹਨਾਂ ਕਿਹਾ ਕਿ ਇਹਨਾਂ ਤਾਕਤਾਂ ਦਾ ਮੰਨਣਾ ਹੈ ਕਿ ਸਿੱਖਾਂ ਨੂੰ ਉਨ੍ਹਾਂ ਚਿਰ ਹਿੰਦੂ ਸਮਾਜ ਵਿਚ ਜਜ਼ਬ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ “ਸ਼ਬਦ ਗੁਰੂ” ਦੇ ਸਿਧਾਂਤ ਨੂੰ ਖੋਰਾ ਨਹੀਂ ਲਾਇਆ ਜਾਂਦਾ। ਇਸੇ ਲਈ ਹੀ ਪਹਿਲਾਂ ਨਿਰੰਕਾਰੀਆਂ ਰਾਹੀਂ ਫਿਰ ਡੇਰਾ ਸੱਚਾ ਸੌਦਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦਾ ਵਰਤਾਰਾ ਚਲਾਇਆ ਗਿਆ ਅਤੇ ਹੁਣ ਸਿੱਖ ਗੁਰਦੁਆਰਾ ਸਾਹਿਬਾਨ ਨੂੰ ਮੰਦਰਾਂ ਵਿਚ ਤਬਦੀਲ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।

ਸਿੱਖ ਆਗੂ ਨੇ ਕਿਹਾ ਕਿ ਸਿੱਖ ਪੰਥ ਦੀ ਅਜੋਕੀ ਚਿੰਤਾਜਨਕ ਸਥਿਤੀ ਲਈ ਮੌਜ਼ੂਦਾ ਸਿੱਖ ਲੀਡਰਸ਼ਿਪ ਵੀ ਬਰਾਬਰ ਦੀ ਜ਼ਿਮੇਂਵਾਰ ਹੈ ਜਿਸ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਭਾਜਪਾ ਅਤੇ ਆਰ.ਐਸ.ਐਸ. ਵਰਗੀਆਂ ਸਿੱਖ ਵਿਰੋਧੀ ਤਾਕਤਾਂ ਨਾਲ ਨਾਪਾਕ ਸਿਆਸੀ ਗਠਜੋੜ ਕਰ ਕੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਪੰਥਕ ਸੰਸਥਾਵਾਂ ਦਾ ਮੂੰਹ ਬੰਦ ਕਰਵਾ ਕੇ ਇਹਨਾਂ ਦੇ ਵਕਾਰ ਨੂੰ ਢਾਹ ਲਾਈ। ਉਹਨਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਅਕਾਲੀ ਲੀਡਰਸ਼ਿਪ ਵਲੋਂ ਸਿੱਖ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰ ਕੇ ਪੰਥਕ ਹਿਤਾਂ ਵਲੋਂ ਪੂਰੀ ਤਰਾਂ ਅੱਖਾਂ ਮੀਟ ਲੈਣ ਕਾਰਨ ਅਕਾਲੀ ਦਲ ਪੰਜਾਬ ਦੀ ਰਾਜਸਤਾ ਤੋਂ ਵੀ ਬਾਹਰ ਹੋ ਗਿਆ ਹੈ ਅਤੇ ਸਿੱਖਾਂ ਦੇ ਸਤਾਹੀਣ ਹੋਣ ਨਾਲ ਸਿੱਖ ਵਿਰੋਧੀ ਤਾਕਤਾਂ ਦੇ ਹੌਸਲੇ ਹੋਰ ਵੀ ਵਧ ਗਏ ਹਨ।

Leave a Reply

Your email address will not be published. Required fields are marked *