ਸ੍ਰੀ ਮਾਤਾ ਕਾਲੀ ਦੇਵੀ ਜੀ ਮੰਦਿਰ ਦੀ ਨਵੀਂ ਐਡਵਾਈਜ਼ਰ ਮੈਨੇਜਿੰਗ ਕਮੇਟੀ ਵਲੋਂ ਮੰਦਿਰ ਦੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਵੱਡੇ ਪੱਧਰ ਤੇ ਕੰਮ ਸ਼ੁਰੂ
ਨਵਰਾਤਰਿਆਂ ਦੇ ਦੌਰਾਨ ਮਾਤਾ ਦੇ ਭਵਨ ਦੀ ਸਜਾਵਟ ਦੇਖਣ ਯੋਗ ਹੋਵੇਗੀ – ਕੇ ਕੇ ਸਹਿਗਲ, ਸੰਦੀਪ ਬੰਧੂ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਹਰਮਨ ਪਿਆਰੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਾਤਾ ਕਾਲੀ ਦੇਵੀ ਜੀ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਮੰਦਿਰ ਦੇ ਵਿਕਾਸ ਕਾਰਜਾਂ ਅਤੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਦਿਨ-ਰਾਤ ਮਿਹਨਤ ਨਾਲ ਕੰਮ ਕਰ ਰਹੀ ਹੈ। ਜਿਸਦੇ ਤਹਿਤ ਅੱਜ ਸ੍ਰੀ ਮਾਤਾ ਕਾਲੀ ਮੰਦਿਰ ਦੇ ਮੇਨ ਗੇਟ ਦੇ ਬਾਹਰ ਸੀਵਰੇਜ ਦੇ ਮੇਨ ਹੋਲ ਦੇ ਢੱਕਣਾਂ ਨੂੰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੜਕ ਲੈਵਲ ਤੋਂ ਤਕਰੀਬਨ ਢਾਈ ਫੁੱਟ ਦੇ ਕਰੀਬ ਉੱਚੇ ਸਨ, ਉਹਨਾਂ ਨੂੰ ਨਗਰ ਨਿਗਮ ਤੋਂ ਜੇ ਸੀ ਬੀ ਮਸ਼ੀਨ ਅਤੇ ਟੀਮ ਬੁਲਾਕੇ ਨੀਚੇ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਮਾਤਾ ਕਾਲੀ ਦੇਵੀ ਜੀ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਕੇ.ਕੇ. ਸਹਿਗਲ ਅਤੇ ਸੰਦੀਪ ਬੰਧੂ ਨੇ ਦੱਸਿਆ ਕਿ ਨਵੀਂ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਮੰਦਿਰ ਦੀ ਦਿੱਖ ਨੂੰ ਸੁਧਾਰਨ ਲਈ ਮਿਹਨਤ ਨਾਲ ਕੰਮ ਕਰ ਰਹੀ ਹੈ। ਮੰਦਿਰ ਦੇ ਅੰਦਰ ਅਤੇ ਬਾਹਰ ਸਾਫ-ਸਫਾਈ, ਟਾਈਲਾਂ ਵਾਲੀ ਸੜਕ ਵਿੱਚ ਦੱਬੀਆਂ ਟਾਈਲਾਂ ਨੂੰ ਰਿਪੇਅਰ, ਪੀਣ ਵਾਲੇ ਸਾਫ-ਸੁਥਰੇ ਪਾਣੀ ਦਾ ਪ੍ਰਬੰਧ, ਸਾਫ-ਸੁਥਰੇ ਟੋਆਇਲਟ, ਕਾਰ ਪਾਰਕਿੰਗ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਇਆ ਜਾ ਰਿਹਾ ਹੈ।
ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਦੋਹਾਂ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲੇ ਨਵਰਾਤਰਿਆਂ ਦੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਮਾਤਾ ਦੇ ਦਰਬਾਰ ਤੇ ਪਹੁੰਚਣਗੇ, ਇਸ ਮੌਕੇ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਨਵਰਾਤਰਿਆਂ ਦੇ ਪ੍ਰਬੰਧਾਂ ਦੀ ਤਿਆਰੀ ਪੂਰੇ ਜੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਜਿਸ ਵਿੱਚ ਇਸ ਵਾਰ ਮਾਤਾ ਰਾਣੀ ਦੇ ਭਵਨ ਦੀ ਸਜਾਵਟ ਵੱਡੇ ਪੱਧਰ ਤੇ ਕੀਤੀ ਜਾਵੇਗੀ, ਜੋ ਕਿ ਦੇਖਣ ਵਾਲੀ ਹੋਵੇਗੀ, ਸਜਾਵਟ ਕਰਵਾਉਣ ਲਈ ਦਿੱਲੀ ਦੇ ਡੈਕੋਰੇਸ਼ਨ ਕਰਨ ਵਾਲਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪੀਣ ਦੇ ਪਾਣੀ ਦਾ ਪ੍ਰਬੰਧਾਂ ਵਾਸਤੇ ਨਵੇਂ ਵਾਟਰ ਕੂਲਰ ਲਗਵਾਏ ਜਾ ਰਹੇ ਹਨ, ਸਾਫ-ਸਫਾਈ ਦੇ ਪ੍ਰਬੰਧਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਕਾਰ ਅਤੇ ਸਕੂਟਰ ਪਾਰਕਿੰਗ ਦੇ ਪ੍ਰਬੰਧ ਲਈ ਮੰਦਿਰ ਵਿਖੇ ਨਵੀਂ ਬਣੀ ਪਾਰਕਿੰਗ ਦੇ ਤਿੰਨ ਫਲੋਰ ਨੂੰ ਇਕ ਹਫਤੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਦੇ ਲਈ ਸਾਫ-ਸੁਥਰੇ ਟੋਆਇਲਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਮੰਦਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਨਵਰਾਤਰਿਆਂ ਦੇ ਦੌਰਾਨ ਸ਼ਰਧਾਲੂਆਂ ਨੂੰ ਮੰਦਿਰ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮੰਦਿਰ ਦੇ ਮੈਨੇਜਰ ਮਾਨਵ ਬੱਬਰ ਵੀ ਹਾਜ਼ਰ ਸਨ।

