ਚੇਅਰਮੈਨੀ ਦੇ ਕੇ ‘ਕੁੰਦਨ ਗੋਗੀਆ’ ਸ਼ਹਿਰ ’ਚੋਂ ਆਊਟ, ਵਿਰੋਧੀਆਂ ਦਾ ਰਸਤਾ ਸਾਫ..!
ਕੰਵਰ ਸਿੰਘ ਬੇਦੀ
ਪਟਿਆਲਾ : ਆਮ ਆਦਮੀ ਪਾਰਟੀ ਦੀਆਂ ਮੋਹਰੀ ਸਫਾਂ ’ਚ ਵਿਚਰਨ ਵਾਲੇ ਕੁੰਦਨ ਗੋਗੀਆ ਨੂੰ ਪੰਜਾਬ ਸਰਕਾਰ ਵੱਲੋਂ ਇੰਪੂਰਵਮੈਂਟ ਟਰੱਸਟ ਸਮਾਣਾ ਦੀ ਚੇਅਰਮੈਨੀ ਦੇ ਕੇ ਪਟਿਆਲਾ ਸ਼ਹਿਰ ’ਚ ਆਊਟ ਕਰ ਦਿੱਤਾ ਗਿਆ। ਹਾਲ ਹੀ ਵਿਚ ਦਿੱਤੀਆਂ ਗਈਆਂ ਚੇਅਰਮੈਨੀਆਂ ਦੇ ਫੈਸਲੇ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਇਸ ਸਿਆਸੀ ਪਾਰਟੀ ਵਿਚ ਵੀ ਮਨਮਰਜ਼ੀ ਭਾਰੂ ਰਹੇਗੀ।
ਚੇਅਰਮੈਨੀ ਮਿਲਣ ਤੋਂ ਬਾਅਦ ਜਿਥੇ ਸਮਰਥਕ ਬਾਗੋ-ਬਾਗ ਹੋਣੇ ਚਾਹੀਦੇ ਸਨ, ਉਥੇ ਹੀ ਸ਼ੋਸ਼ਲ ਮੀਡੀਏ ’ਤੇ ਵਾਇਰਲ ਹੋ ਰਹੀਆਂ ਟਿੱਪਣੀਆਂ ਤੋਂ ਲੱਗਦਾ ਕੁੰਦਨ ਗੋਗੀਆ ਨੂੰ ਇਕ ਵਾਰ ਫੇਰ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੋ ਸਕਦੇ ਹਨ? ਚੇਅਰਮੈਨ ਲਗਾਏ ਜਾਣ ਦੇ ਵਿਰੋਧ ਦੇ ਚੱਲਦਿਆਂ ਹਲਕਾ ਸਮਾਣਾ ਵਿਚ ਸ਼ੋਸ਼ਲ ਮੀਡੀਏ ’ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਰਸਾ ਰਹੀਆਂ ਹਨ ਕਿ ਸਮਾਣਾ ਦੇ ਲੋਕ ਕੁੰਦਨ ਗੋਗੀਆ ਚੇਅਰਮੈਨ ਪ੍ਰਵਾਨ ਨਹੀਂ ਕਰਨਗੇ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪਟਿਆਲਾ ਸ਼ਹਿਰ ਵਿਚ ਹੋਣ ਵਾਲੀ ਹਲਚਲ ਵੀ ਮੱਠੀ ਨਜ਼ਰ ਆ ਰਹੀ ਕਿਉਂਕਿ ਪਾਰਟੀ ਅੰਦਰ ਇਕ ਬਹੁਤ ਵੱਡੀ ਧਿਰ ਹੀ ਕੁੰਦਨ ਗੋਗੀਆ ਦੀ ਠਿੱਬੀ ਲਾਉਣ ਲਈ ਉਤਾਵਲੀ ਰਹਿੰਦੀ ਹੈ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਦੇ ਅੰਦਰੋਂ ਹੀ ਕੁੰਦਨ ਗੋਗੀਆ ਦੀ ਪੂਰੀ ਦੀ ਪੂਰੀ ਕਾਰਗੁਜ਼ਾਰੀ ਨੂੰ ਦਾਅ ’ਤੇ ਲਾਉਣ ਲਈ ਅਜਿਹਾ ਫੈਸਲਾ ਕਰਵਾ ਦਿੱਤਾ ਗਿਆ ਹੋਵੇ? ਅਜਿਹੇ ਸਵਾਲ ਕੁੰਦਨ ਗੋਗੀਆ ਦੇ ਸਮਰਥਕਾਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਚੇਅਰਮੈਨੀ ਦੇ ਫੈਸਲੇ ਤੋਂ ਬਾਅਦ ਕੁੰਦਨ ਗੋਗੀਆ ਦੇ ਹੱਕ ’ਚ ਪੂਰੀ ਤਰ੍ਹਾਂ ਸਵਾਗਤ ਵਜੋਂ ਖੁੱਲ੍ਹਕੇ ਸਾਹਮਣੇ ਨਾ ਆਉਣਾ ਵੀ ਇਹ ਦਰਸਾਉਂਦਾ ਹੈ ਗੋਗੀਆ ਦੀ ਵਿਰੋਧੀ ਧਿਰ ਦਾ ਰਸਤਾ ਸਾਫ ਹੋ ਗਿਆ ਹੋਵੇ ਕਿਉਂਕਿ ਕੁੰਦਨ ਗੋਗੀਆ ਹਮੇਸ਼ਾ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਅਤੇ ਮੋਹਰੀ ਸਫਾਂ ’ਚ ਵਿਚਰਨ ਵਾਲੇ ਆਗੂਆਂ ’ਚ ਹਨ ਭਾਵੇਂ ਸਰਕਾਰ ਵੱਲੋਂ ਪਾਰਟੀ ਦੇ ਪੁਰਾਣੇ ਲੀਡਰਾਂ ਦੀ ਬੁਕਤ ਪਾਈ ਜਾ ਰਹੀ ਹੈ, ਪ੍ਰੰਤੂ ਹਾਲ ਹੀ ਵਿਚ ਆਏ ਇਸ ਫੈਸਲੇ ਤੋਂ ਬਾਅਦ ਕਿਤੇ ਨਾ ਕਿਤੇ ਨਿਰਾਸ਼ਾ ਵੀ ਸਾਹਮਣੇ ਦਿਖਾਈ ਦਿੰਦੀ ਹੈ ਕਿਉਂਕਿ ਚੇਅਰਮੈਨੀ ਦੇ ਫੈਸਲੇ ਤੋਂ ਬਾਅਦ ਕੁੰਦਨ ਗੋਗੀਆ ਦਾ ਸਾਹਮਣੇ ਆ ਕੇ ਸਵਾਗਤ ਨਾ ਕਰਨਾ ਖੁੱਲ੍ਹਕੇ ਸਮਰਥਕਾਂ ਦਾ ਨਾ ਆਉਣਾ ਇਹ ਦਰਸਾਉਂਦਾ ਹੈ ਕਿ ਗੋਗੀਆ ਚੇਅਰਮੈਨੀ ਦੇ ਫੈਸਲੇ ਤੋਂ ਅਸੰਤੁਸਟ ਹਨ।
ਕੁੰਦਨ ਗੋਗੀਆ ਦੇ ਸਮਰਥਕਾਂ ਨੇ ਆਪਣਾ ਨਾਮ ਨਾਂ ਛਾਪਣ ਦੀ ਸੂਰਤ ਵਿਚ ਇਸ ਫੈਸਲੇ ਨੂੰ ਸਵਾਗਤਯੋਗ ਨਹੀਂ ਮੰਨਿਆ। ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਸੇਵੀ ਵਜੋਂ ਕੁੰਦਨ ਗੋਗੀਆ ਜਿਥੇ ਲੰਮੇ ਸਮੇਂ ਤੋਂ ਸ਼ਹਿਰ ’ਚ ਵਿਚਰਦੇ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰ ਵਿਚ ਪੈਰ ਲਾਉਣ ਸਮੇਂ ਵੱਡੀ ਭੂਮਿਕਾ ਕੁੰਦਨ ਗੋਗੀਆ ਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪਾਰਟੀ ਅਤੇ ਸਰਕਾਰ ਦੇ ਇਸ ਫੈਸਲੇ ਨੇ ਕਾਫੀ ਨਿਰਾਸ਼ ਕੀਤਾ ਹੈ, ਜਦਕਿ ਪਿਛਲੀਆਂ ਸਰਕਾਰਾਂ ਸਮੇਂ ਲਏ ਜਾਂਦੇ ਫੈਸਲਿਆਂ ਅਨੁਸਾਰ ਚੇਅਰਮੈਨੀ ਜਾਂ ਕੋਈ ਅਹੁਦਾ ਦੇ ਕੇ ਵਿਅਕਤੀ ਨੂੰ ਸ਼ਹਿਰ ਵਿਚ ਲਾਇਆ ਜਾਂਦਾ ਰਿਹਾ ਹੈ, ਪ੍ਰੰਤੂ ਸਮਾਣਾ ਸ਼ਹਿਰ ਵਿਚ ਚੇਅਰਮੈਨੀ ਦੇਣ ਦਾ ਫੈਸਲਾ ਜਿਸ ਦੇ ਵੀ ਕਹਿਣ ਤੋਂ ਹੋਇਆ ਉਸ ਤੋਂ ਸਪੱਸ਼ਟ ਹੈ ਕਿ ਪਾਰਟੀ ਦੇ ਅੰਦਰੋਂ ਹੀ ਕੁੰਦਨ ਗੋਗੀਆ ਨੂੰ ਰਸਤੇ ਦਾ ਰੋੜਾ ਸਮਝਣ ਵਾਲੇ ਅਜਿਹੇ ਫੈਸਲੇ ਕਰਵਾ ਰਹੇ ਹਨ।
2017 ਵਿਚ ਕੁੰਦਨ ਗੋਗੀਆ ਟਿਕਟ ਦੇ ਮਜ਼ਬੂਤ ਦਾਅਵੇਦਾਰਾਂ ਵਿਚੋਂ ਸਨ, ਪ੍ਰੰਤੂ ਡਾ. ਧਰਮਵੀਰ ਗਾਂਧੀ ਦੀ ਡਾ. ਬਲਬੀਰ ਨਾਲ ਨੇੜਤਾ ਨੇ ਸ਼ਾਇਦ ਅਜਿਹਾ ਨਹੀਂ ਹੋਣ ਦਿੱਤਾ ਅਤੇ ਡਾ. ਬਲਬੀਰ ਸਿੰਘ ਟਿਕਟ ਲੈਣ ’ਚ ਸਫਲ ਰਹੇ, ਇਸ ਵਾਰ ਜਦੋਂ ਆਪ ਪਾਰਟੀ ਦੀ ਹਨੇਰੀ ਬਣੀ ਹੋਈ ਸੀ ਤਾਂ ਕੁੰਦਨ ਗੋਗੀਆ ਨੇ ਪਟਿਆਲਾ ਸ਼ਹਿਰ ਤੋਂ ਸੀਟ ਲੜਨ ਦੀ ਤਿਆਰੀ ਖਿੱਚ, ਪ੍ਰੰਤੂ ਅਖੀਰ ਵਿਚ ਇਹ ਉਮੀਦ ਧਰੀ ਰਹਿ ਗਈ ਅਤੇ ਟਿਕਟ ਅਜੀਤਪਾਲ ਸਿੰਘ ਕੋਹਲੀ ਨੂੰ ਦੇ ਦਿੱਤੀ ਗਈ। ਪਾਰਟੀ ਨਾਲ ਚੱਲਣ ਦੀ ਗੱਲ ਕਹਿ ਕੇ ਕੁੰਦਨ ਗੋਗੀਆ ਵਿਚਰਦੇ ਆ ਰਹੇ ਹਨ, ਪ੍ਰੰਤੂ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਪਾਰਟੀ ਅੰਦਰ ਆਏ ਨਵੇਂ ਚਿਹਰਿਆਂ ਨੇ ਅਜਿਹੀ ਸਫਬੰਦੀ ਤਿਆਰ ਕੀਤੀ ਕਿ ਕੁੰਦਨ ਗੋਗੀਆ ਆਊਟ ਹੁੰਦੇ ਚਲੇ ਗਏ ਹੁਣ ਜਦੋਂ ਉਨ੍ਹਾਂ ਨੂੰ ਸਮਾਣਾ ਇੰਮਪੂਰਵਮੈਂਟ ਟਰੱਸਟ ਦਾ ਚੇਅਮਰੈਨ ਲਾਉਣ ਦਾ ਫੈਸਲਾ ਆਇਆ ਤਾਂ ਇਹ ਸਪੱਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਕਿ ਕੁੰਦਨ ਗੋਗੀਆ ਦੀ ਕਾਰਗੁਜ਼ਾਰੀ ਨੂੰ ਸਿਫਰ ਕਰਨ ਲਈ ਪਾਰਟੀ ਅੰਦਰੋਂ ਹੀ ਚੱਕਰਵਿਊ ਰਚਿਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆ ਰਹੀ ਹੈ ਕਿ ਪਾਰਟੀ ਅੰਦਰ ਅਜਿਹੀ ਕਸ਼ਮਕਸ਼ ਦੇ ਚੱਲਦਿਆਂ ‘ਕੁੰਦਨ ਗੋਗੀਆ’ ਇਕ ਵਾਰ ਫੇਰ ਚੇਅਰਮੈਨੀ ਦੀ ਕੁਰਬਾਨੀ ਕਰਨ ਨੂੰ ਤਿਆਰ ਵਿਖਾਈ ਦੇ ਰਹੇ ਹਨ।

