ਪਟਿਆਲਾ

ਟ੍ਰੈਫਿਕ ਪੁਲਸ ਨੇ ਤ੍ਰਿਪੜੀ ਬਾਜ਼ਾਰ ’ਚੋਂ ਹਟਾਏ ਨਜਾਇਜ਼ ਕਬਜ਼ੇ

ਕਈ ਦੁਕਾਨਦਾਰਾਂ ਦਾ ਸਮਾਨ ਕੀਤਾ ਜਬਤ, ਕਈਆਂ ਦੇ ਕੀਤੇ ਗਏ ਚਲਾਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਟ੍ਰੈਫਿਕ ਪੁਲਸ ਵਲੋਂ ਡੀ. ਐਸ. ਪੀ. ਕਰਮਵੀਰ ਸਿੰਘ ਤੂਰ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਚ ਨਜਾਇਜ਼ ਕਬਜ਼ੇ ਹਟਾਏ ਗਏ। ਉਨ੍ਹਾਂ ਦੇ ਨਾਲ ਇੰਸਪੈਕਟਰ ਪ੍ਰੀਤਇੰਦਰ ਸਿੰਘ ਤੇ ਹੋਰ ਸਟਾਫ ਵੀ ਵੱਡੀ ਗਿਣਤੀ ਵਿਚ ਪਹੁੰਚਿਆ ਹੋਇਆ ਸੀ। ਡੀ. ਐਸ. ਪੀ. ਤੂਰ ਨੇ ਪਹਿਲਾਂ ਦੁਕਾਨਦਾਰਾਂ ਨਾਲ ਗੱਲ ਕੀਤੀ ਅਤੇ ਫਿਰ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ ਜਿਹੜੇ ਵਾਹਨਾਂ ਦੀ ਗਲਤ ਪਾਰਕਿੰਗ ਸੀ, ਉਨ੍ਹਾਂ ਦਾ ਮੌਕੇ ’ਤੇ ਚਲਾਨ ਕੀਤਾ ਗਿਆ। ਪੁਲਸ ਨੇ ਇਕ ਦਰਜ਼ਨ ਦੇ ਲਗਭਗ ਗਲਤ ਪਾਰਕਿੰਗ ਵਾਹਨਾਂ ਦੇ ਚਲਾਨ ਕੀਤੇ ਜਦੋਂ ਕਿ ਵੱਡੀ ਮਾਤਰਾ ਵਿਚ ਸਮਾਨ ਜਬਤ ਕੀਤਾ ਗਿਆ। ਟ੍ਰੈਫਿਕ ਪੁਲਸ ਨੇ ਜਿਥੇ ਸਖਤ ਕਾਰਵਾਈ ਕੀਤੀ, ਉਥੇ ਦੁਕਾਨਦਾਰਾਂ ਨੂੰ ਵੀ ਸਮਝਾਇਆ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਗਲਤ ਪਾਰਕਿੰਗ ਨਾ ਹੋਣ ਦੇਣ ਅਤੇ ਆਪਣਾ ਸਮਾਨ ਬਾਹਰ ਨਾ ਰੱਖਣ। ਟ੍ਰੈਫਿਕ ਪੁਲਸ ਵਲੋਂ ਇਕ ਇਕ ਇਲਾਕੇ ਵਿਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਪਹਿਲਾਂ ਟ੍ਰੈਫਿਕ ਪੁਲਸ ਨੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਰੋਡ ’ਤੇ ਸੜਕ ’ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਅਤੇ ਅੱਜ ਤ੍ਰਿਪੜੀ ਵਿਖੇ ਮੁਹਿੰਮ ਚਲਾਈ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਕਰਮਵੀਰ ਸਿੰਘ ਤੂਰ ਨੇ ਕਿਹਾ ਕਿ ਟ੍ਰੈਫਿਕ ਪੁਲਸ ਲੋਕਾਂ ਨੂੰ ਟ੍ਰੈਫਿਕ ਜਾਮਾਂ ਤੋਂ ਰਾਹਤ ਦੇਣ ਲਈ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਜ਼ਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਦੁਕਾਨਦਾਰਾਂ ਨੂੰ ਸਮਝਾ ਕੇ ਬਾਜ਼ਾਰਾਂ ਵਿਚ ਨਜਾਇਜ਼ ਕਬਜ਼ੇ ਨਾ ਹੀ ਹੋਣ ਦਿੱਤੇ ਜਾਣ। ਜਿਥੋਂ ਤੱਕ ਸਵਾਲ ਗਲਤ ਪਾਰਕਿੰਗ ਦਾ ਤਾਂ ਉਨ੍ਹਾਂ ਦੇ ਪੌਕੇ ’ਤੇ ਚਲਾਨ ਕੀਤੇ ਜਾ ਰਹੇ ਹਨ। ਡੀ. ਐਸ. ਪੀ. ਤੂਰ ਨੇ ਕਿਹਾ ਕਿ ਐਸ. ਐਸ. ਪੀ. ਦੀਪਕ ਪਾਰਿਕ ਅਤੇ ਐਸ. ਪੀ. ਟ੍ਰੈਫਿਕ ਰਾਕੇਸ਼ ਕੁਮਾਰ ਵਲੋਂ ਟ੍ਰੈਫਿਕ ਵਿਵਸਥਾ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਕਾਰਨ ਉਹ ਖੁੱਦ ਫੀਲਡ ਵਿਚ ਉਤਰ ਕੇ ਰੋਜ਼ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਯਤਨ ਕਰ ਰਹੇ ਹਨ। ਟ੍ਰੈਫਿਕ ਪੁਲਸ ਲੋਕਾਂ ਦੀ ਸੇਵਾ ਲਈ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਜਾਮ ਲੱਗਣ ਤੋਂ ਮੁਕਤ ਕਰਵਾਇਆ ਜਾਵੇ, ਇਸ ਲਈ ਜਲਦੀ ਹੀ ਵੱਖ-ਵੱਖ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ। ਡੀ. ਐਸ. ਪੀ. ਤੂਰ ਨੇ ਦੁਕਾਨਦਾਰਾਂ ਨੂੰ ਟ੍ਰੈਫਕ ਪੁਲਸ ਨਾਲ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬਾਜ਼ਾਰ ਖਾਲੀ ਹੋਣਗੇ ਤਾਂ ਗਾਹਕ ਆਸਾਨੀ ਨਾਲ ਦੁਕਾਨਾਂ ਤੱਕ ਪਹੁੰਚ ਕਰ ਸਕਦੇ ਹਨ ਤੇ ਸਾਡਾ ਮਨੋਰਥ ਵੀ ਇਹੀ ਹੈ ਕਿ ਲੋਕ ਟ੍ਰੈਫਿਕ ਤੋਂ ਪਰੇਸ਼ਾਨ ਨਾ ਹੋਣ ਤੇ ਦੁਕਾਨਦਾਰਾਂ ਦਾ ਵਪਾਰ ਵੀ ਵਧੀਆ ਢੰਗ ਨਾਲ ਚੱਲੇ।

Leave a Reply

Your email address will not be published. Required fields are marked *