ਪੋਲੋ ਗਰਾਊਂਡ, ਪਟਿਆਲਾ ਵਿਖੇ ਨਾਟਕ ‘ਬੁੱਤ ਜਾਗ ਪਿਆ’ ਦੀ ਪੇਸ਼ਕਾਰੀ ਕਰਵਾਈ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੋਲੋ ਗਰਾਊਂਡ, ਪਟਿਆਲਾ ਵਿਖੇ ਪ੍ਰਸਿੱਧ ਪੰਜਾਬੀ ਨਾਟਕਕਾਰ ਸਵ. ਗੁਰਸ਼ਰਨ ਸਿੰਘ ਵੱਲੋਂ ਰਚਿਤ ਨਾਟਕ ‘ਬੁੱਤ ਜਾਗ ਪਿਆ’ ਦੀ ਪੇਸ਼ਕਾਰੀ ਕਰਵਾਈ ਗਈ। ਇਸ ਪੇਸ਼ਕਾਰੀ ਦਾ ਨਿਰਦੇਸ਼ਨ ਅਨਾਇਤ ਵੱਲੋਂ ਕੀਤਾ ਗਿਆ। ਇਥੇ ਹਾਜ਼ਰ ਸਮੂਹ ਦਰਸ਼ਕਾਂ ਵੱਲੋਂ ਨਾਟਕ ਦੀ ਇਸ ਪੇਸ਼ਕਾਰੀ ਨੂੰ ਖੂਬ ਪਸੰਦ ਕੀਤਾ ਗਿਆ। ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਪਟਿਆਲਾ ਜਿਲ੍ਹਾ ਪ੍ਰਬੰਧਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਹੋਰ ਉੱਚ ਅਧਿਕਾਰੀ ਇਸ ਮੌਕੇ ਹਾਜ਼ਰ ਰਹੇ। ਇਸ ਮੌਕੇ ਬੋਲਦਿਆਂ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਨਾਟਕ ਦੀ ਇਸ ਪੇਸ਼ਕਾਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਿਹੇ ਯੋਧਿਆਂ ਨੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਇਹਨਾਂ ਸ਼ਹੀਦਾਂ ਵੱਲੋਂ ਜਿਸ ਤਰ੍ਹਾਂ ਦੇ ਆਜ਼ਾਦ ਭਾਰਤ ਦਾ ਸੁਪਨਾ ਲਿਆ ਗਿਆ ਸੀ ਉਸ ਦੇ ਨਿਰਮਾਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸੰਬੰਧਤ ਨਾਟਕ ਟੀਮ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੂੰ ਸਨਮਾਨਤ ਕੀਤਾ ਗਿਆ। ਡਾ. ਗਗਨਦੀਪ ਥਾਪਾ ਨੇ ਦੱਸਿਆ ਕਿ ਇਸ ਲੜੀ ਤਹਿਤ ਪੰਜਾਬ ਦੀਆਂ ਦੋ ਹੋਰ ਥਾਂਵਾਂ ਉੱਤੇ ਵੀ ਯੁਵਕ ਭਲਾਈ ਵਿਭਾਗ ਵੱਲੋਂ ਨਾਟਕ ਪੇਸ਼ਕਾਰੀਆਂ ਕਰਵਾਈਆਂ ਜਾ ਰਹੀਆਂ ਹਨ। 28 ਸਤੰਬਰ 2022 ਨੂੰ ਸ਼ਾਮ 4:00 ਵਜੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੇਵਲ ਧਾਲੀਵਾਲ ਵੱਲੋਂ ਲਿਖਤ ਅਤੇ ਨਿਰਦੇਸ਼ਤ ਨਾਟਕ ‘ਬਸੰਤੀ ਚੋਲਾ’ ਦੀ ਪੇਸ਼ਕਾਰੀ ਕੀਤੀ ਜਾਣੀ ਹੈ। ਇਸੇ ਹੀ ਦਿਨ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਇਤਿਹਾਸਕ ਜਗ੍ਹਾ ਹੁਸੈਨੀਵਾਲਾ ਵਿਖੇ ਦਵਿੰਦਰ ਦਮਨ ਵੱਲੋਂ ਲਿਖਤ ਅਤੇ ਰਾਜੇਸ਼ ਸ਼ਰਮਾ ਵੱਲੋਂ ਨਿਰਦੇਸ਼ਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਹੋਣੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਸੁਨੇਹੇ ਵਿਚ ਯੁਵਕ ਭਲਾਈ ਵਿਭਾਗ ਦੇ ਇਸ ਉੱਦਮ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ ਗਈ।

