ਅੰਮ੍ਰਿਤਸਰਪੰਜਾਬ

ਖ਼ਾਲਸਾ ਇੰਜੀਨੀਅਰਿੰਗ ਕਾਲਜ ਵਿਖੇ ਕਾਨਵੋਕੇਸ਼ਨ ਦੌਰਾਨ ਮਜੀਠੀਆ ਨੇ 590 ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ

ਮਜੀਠੀਆ ਤੇ ਛੀਨਾ ਨੇ ਵਿਦਿਆਰਥੀਆਂ ਦੇ ਇੰਜੀਨੀਅਰਿੰਗ ਪ੍ਰਤੀ ਰੁਝਾਨ ਨੂੰ ਬੜ੍ਹਾਵਾ ਦੇਣ ਦਾ ਦਿੱਤਾ ਹੋਕਾ

ਅੰਮ੍ਰਿਤਸਰ, 10 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਇੰਜੀਨੀਅਰ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਅੱਜ ਦੂਜੀ ਕਾਨਵੋਕੇਸ਼ਨ ਆਯੋਜਿਤ ਕੀਤੀ ਗਈ। ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸ: ਮਜੀਠੀਆ ਨਾਲ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਰੀਬ 590 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਉਪਰੰਤ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਸਾਲਾਨਾ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ’ਚ ਪ੍ਰਾਪਤੀਆਂ ਸਬੰਧੀ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ। ਇਸ ਮੌਕੇ ਸ: ਮਜੀਠੀਆ ਨੇ ਆਪਣੇ ਕਾਨਵੋਕੇਸ਼ਨ ਭਾਸ਼ਣ ਦੌਰਾਨ ਕਿਹਾ ਕਿ ਤਕਨੀਕ ਦੇ ਇਸ ਯੁੱਗ ’ਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣ ਦਾ ਬਣਦਿਆਂ ਹੋਇਆ ਬਦਲਾਅ ਲਿਆਉਣਾ ਅਜੋਕੇ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਇਸ ਮੌਕੇ ਗੁਣਕਾਰੀ ਵਿੱਦਿਆ ਪ੍ਰਦਾਨ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ’ਚ ਬਹੁਤ ਸਾਰੇ ਇੰਜੀਨੀਅਰ ਕਾਲਜ ਹਨ ਪਰ ਉਹੀ ਕਾਲਜ ਭਵਿੱਖ ਉਸਾਰ ਸਕਦੇ ਹਨ ਜੋ ਕਿ ਗੁਣਵਤਾ ਭਰਪੂਰ ਵਿੱਦਿਆ ਪ੍ਰਦਾਨ ਕਰਦੇ ਹਨ। ਇਸ ਮੌਕੇ ਸ: ਮਜੀਠੀਆ ਅਤੇ ਸ: ਛੀਨਾ ਨੇ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਦੇ ਖੇਤਰ ’ਚ ਵਧੇਰੇ ਰੁਝਾਨ ਸਬੰਧੀ ਬੜ੍ਹਾਵਾ ਦੇਣ ਦਾ ਹੋਕਾ ਵੀ ਦਿੱਤਾ।

ਇਸ ਮੌਕੇ ਸ: ਛੀਨਾ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਰਵਾਇਤੀ ਸਿੱਖਿਆ ਦੇ ਨਾਲ ਨਾਲ ਮੌਲਿਕ ਸਿੱਖਿਆ ਪ੍ਰਦਾਨ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ’ਚ ਪ੍ਰੋਫੈਸ਼ਨਲ ਵਿੱਦਿਆ ਦਾ ਇਕ ਪ੍ਰਵਾਹ ਚਲ ਰਿਹਾ ਹੈ, ਜਿਸ ਸਦਕਾ ਸਾਡੀਆਂ ਸੰਸਥਾਵਾਂ ਨੂੰ ਵੀ ਮੌਜ਼ੂਦਾ ਹਾਲਾਤਾਂ ਮੁਤਾਬਕ ਵਿੱਦਿਅਕ ਪ੍ਰਣਾਲੀ ’ਚ ਬਦਲਾਅ ਲਿਆਉਣ ਦੀ ਜਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕਿ ਇੰਜੀਨੀਅਰ ਕਾਲਜਾਂ ਦੀ ਭਰਮਾਰ ਹੈ ਪਰ ਕੁਆਲਿਟੀ ਦੀ ਵਿੱਦਿਆ ਦਾ ਪ੍ਰਸਾਰ ਅਤਿਅੰਤ ਜਰੂਰੀ ਹੈ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਬਦਲਦੇ ਹਾਲਾਤਾਂ ਮੁਤਾਬਕ ਪ੍ਰੋਫੈਸ਼ਨਲ ਵਿੱਦਿਆ ਨੂੰ ਅਪਨਾਉਣ ਅਤੇ ਅੱਛੀ ਜੀਵਨ ਸ਼ੈਲੀ ਨੂੰ ਧਾਰਨ ਕਰਨ ਦੀ ਗੱਲ ਕਹੀ। ਕਾਨਵੋਕੇਸ਼ਨ ਮੌਕੇ ਬੀ. ਟੈਕ, ਬੀ. ਐਸ. ਸੀ. ਐਗਰੀਕਲਚਰ, ਬੀ. ਸੀ. ਏ., ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਸ: ਮਜੀਠੀਆ ਅਤੇ ਸ: ਛੀਨਾ ਵੱਲੋਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਕਾਨਵੋਕੇਸ਼ਨ ਮੌਕੇ ਡਾ. ਬਾਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਵੱਲੋਂ ਸਮੇਂ‐ਸਮੇਂ ’ਤੇ ਕਰਵਾਈਆਂ ਜਾਂਦੀਆਂ ਪਲੇਸਮੈਂਟ ਰਾਹੀਂ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਪੱਧਰ ’ਤੇ ਬਹੁਤ ਸਾਰੇ ਆਯੋਜਿਤ ਹੋਣ ਵਾਲੇ ਯੂਥ ਫ਼ੈਸਟੀਵਲਾਂ ਅਤੇ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਸਫ਼ਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਕਈ ਪ੍ਰਕਾਰ ਦੇ ਪਲਾਨ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਸਰਦੂਲ ਸਿੰਘ ਮੰਨਨ, ਸ: ਅਜ਼ਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਸਮੂਹ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Leave a Reply

Your email address will not be published. Required fields are marked *