ਅੰਮ੍ਰਿਤਸਰਪੰਜਾਬ

ਸਾਂਝ ਚੈਰੀਟੇਬਲ ਸੁਸਾਇਟੀ ਨੇ ਢੇਡ ਸੌ ਟਰਾਈ ਸਾਈਕਲ ਅਪਾਹਜ ਵਿਅਕਤੀਆਂ ਨੂੰ ਤਕਸੀਮ ਕੀਤੇ।

ਸ. ਹਰਭਜਨ ਸਿੰਘ ਈ.ਟੀ.ਓ ਵਿਸ਼ੇਸ਼ ਤੌਰ ਤੇ ਪੁਜੇ

ਅਪਾਹਜਾਂ ਦੀ ਸਹਾਇਤਾ ਕਰਨੀ ਪਰਉਪਕਾਰਤਾ ਹੈ: ਸ. ਦਿਲਜੀਤ ਸਿੰਘ ਬੇਦੀ

ਅੰਮਿ੍ਰਤਸਰ: 10 ਅਕਤੂਬਰ (ਮਧੂਸਾਰ ਬਿਊਰੋ) ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਖੁਲੀ ਗਰਾਉਂਡ ਵਿੱਚ ਅੱਜ ਸਾਂਝ ਚੈਰੀਟੇਬਲ ਸੁਸਾਇਟੀ ਗੱਦਲੀ ਵੱਲੋਂ ਅਪਾਹਜ ਵਿਅਕਤੀਆਂ ਨੂੰ ਇਕ ਸੌ ਪੰਜਾਹ ਟਰਾਈ ਸਾਈਕਲ ਤਕਸੀਮ ਕੀਤੇ ਗਏ। ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਟਰਾਈ ਸਾਈਕਲ ਵੰਡਣ ਦੀ ਅਰਦਾਸ ਸਾਂਝ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਕੀਤੀ। ਉਪਰੰਤ ਸ. ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਸਰਕਾਰ ਨੇ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਇਕਲ ਦੇ ਕੇ ਤੋਰਿਆ। ਇਹ ਲੋੜਵੰਦ ਵਿਅਕਤੀ ਸਾਰੇ ਅੰਮਿ੍ਰਤਸਰ ਦੇ ਵੱਖ-ਵੱਖ ਥਾਵਾਂ ਤੋਂ ਸਨ। ਸ. ਹਰਭਜਨ ਸਿੰਘ ਮੰਤਰੀ ਨੇ ਕਿਹਾ ਕਿ ਸਾਂਝ ਚੈਰੀਟੇਬਲ ਸੁਸਾਇਟੀ ਦਾ ਇਹ ਉਪਰਾਲਾ ਪ੍ਰਸੰਸ਼ਾ ਜਨਕ ਹੈ ਅਸੀਂ ਹਰ ਤਰ੍ਹਾਂ ਦਾ ਸੁਸਾਇਟੀ ਨੂੰ ਸਹਿਯੋਗ ਦੇਵਾਂਗੇ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਅਪਾਹਜਾਂ ਦੀ ਮਦਦ ਕਰਨੀ ਉਨ੍ਹਾਂ ਨੁੰ ਰੁਜ਼ਗਾਰ ਤੇ ਜਾਣ ਲਈ ਸਾਧਨ ਮਹੱਇਆ ਕਰਾਉਣਾ ਸੋਸਾਇਟੀ ਦੀ ਪਰਉਪਕਾਰਤਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਰਜ ਦਯਾਵਾਨ ਵਿਅਕਤੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਪਰ ਕਾਰਜ ਕਰਨ ਵਾਲਾ ਵਿਅਕਤੀ ਸਮਰਪਿਤ ਭਾਵਨਾ ਵਾਲਾ ਹੋਣਾ ਜ਼ਰੂਰੀ ਹੈ। ਗਿਆਨੀ ਭੁਪਿੰਦਰ ਸਿੰਘ ਗੱਦਲੀ ਪ੍ਰਧਾਨ ਸੁਸਾਇਟੀ ਨੇ ਦਸਿਆ ਕਿ ਸੁਸਾਇਟੀ ਵਲੋਂ ਪਹਿਲਾਂ ਕੋਵਿਡ ਦਰਮਿਆਨ ਗ੍ਰੰਥੀਆਂ, ਪਾਠੀਆਂ ਰਾਗੀਆਂ, ਢਾਡੀਆਂ, ਕਥਾਵਾਚਕਾਂ ਤੇ ਹੋਰ ਲੋੜ ਵੰਦਾਂ ਦੀ ਰਾਸ਼ਨ ਪੱਧਰ ਤੇ ਸੇਵਾ ਕੀਤੀ। ਉਪਰੰਤ ਸੁਸਾਇਟੀ ਨੇ ਆਪਣਾ ਇਲਾਜ ਨਾ ਕਰਾ ਸਕਣ ਵਾਲੇ ਵਿਅਕਤੀਆਂ ਦੀ ਵੀ ਬਾਂਹ ਫੜੀ ਹੈ, ਹੁਣ ਅਪਾਹਜਾਂ ਨੂੰ ਢੇਡ ਸੌ ਟਰਾਈ ਸਾਈਕਲ ਅੱਜ ਵੰਡੇ ਹਨ। ਢੇਡ ਸੌ ਦਾ ਹੀ ਹੋਰ ਟੀਚਾ ਹੈ। ਜਿਕਰਯੋਗ ਹੈ ਕਿ ਸੰਸਥਾ ਵਲੋਂ ਹੁਣ ਤੱਕ ਲੱਗਭਗ 56 ਦੇ ਕਰੀਬ ਗਰੀਬ ਧੀਆਂ ਦੇ ਵਿਆਹ ਕੀਤੇ ਜਾ ਚੁਕੇ ਹਨ, ਆਖੰਡ ਪਾਠੀ ਸਿੰਘਾਂ ਨੂੰ ਵੀਹ ਦੇ ਕਰੀਬ ਘਰ ਬਣਾਕੇ ਦਿਤੇ ਗਏ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸੁਸਾਇਟੀ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਗੱਦਲੀ ਨੇ ਮੰਤਰੀ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਹਿੰਦਰ ਕੌਰ ਨੂੰ ਸਿਰਪਾਓ ਤੇ ਸ਼ਾਲ ਨਾਲ ਸਨਮਾਨਿਤ ਕੀਤਾ। ਇਸ ਸਮੇਂ ਗਿਆਨੀ ਭੁਪਿੰਦਰ ਸਿੰਘ ਪ੍ਰਧਾਨ, ਭਾਈ ਜਗਦੇਵ ਸਿੰਘ ਜਨਰਲ ਸੈਕਟਰੀ, ਭਾਈ ਸੁਖਦੀਪ ਸਿੰਘ ਖਜਾਨਚੀ, ਭਾਈ ਮਹਿਤਾਬ ਸਿੰਘ ਮੈਂਬਰ, ਭਾਈ ਗੁਰਲਾਲ ਸਿੰਘ ਮੈਂਬਰ, ਭਾਈ ਗੁਰਮੁਖ ਸਿੰਘ, ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *