ਕਰਮਚਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਾਅ ਦਾ ਨਾਅਰਾ ਮਾਰਨ ਵਾਲਾ ਟਰੇਡ ਯੂਨੀਅਨ ਆਗੂ ਰਜ਼ਨੀਸ਼ ਭਾਰਦਵਾਜ
ਜੀਐਨਡੀਯੂ. ਨਾਨ-ਟੀਚਿੰਗ ਐਸੋਸੀਏਸ਼ਨ ਦੇ ਸੱਭ ਤੋਂ ਛੋਟੀ ਉਮਰ ਦੇ ਮੈਂਬਰ, ਸਕੱਤਰ ਤੇ ਪ੍ਰਧਾਨ ਹੋਣ ਦਾ ਮਾਣ ਹੈ ਹਾਸਲ
ਅੰਮ੍ਰਿਤਸਰ: (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅਜੋਕੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਹਰ ਮਨੁੱਖ ਆਪਣੀ ਸਰਲ ਅਤੇ ਸੁਖਾਲੀ ਜੀਵਨਸ਼ੈਲੀ ਨੂੰ ਲੈ ਕੇ ਸਵਾਰਥਾਂ ਨਾਲ ਜੁੜਿਆ ਹੈ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਵਰਗੇ ਅਹਿਮ ਤੇ ਵੱਕਾਰੀ ਅਹੁੱਦੇ ਤੇ ਬਿਰਾਜਮਾਨ ਤੇ ਲੋਕ ਨੇਤਾ ਰਜ਼ਨੀਸ਼ ਭਾਰਦਵਾਜ ਇੱਕ ਅਜਿਹੇ ਵਿਅਕਤੀ ਹਨ ਜੋ ਯੂਨੀਵਰਸਿਟੀ ਗਲਿਆਰੇ ਦੇ ਅੰਦਰ ਕਾਰਜਸ਼ੀਲ ਗੈਰ ਅਧਿਆਪਨ ਵਰਗ ਦੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ। ਗੈਰ ਅਧਿਆਪਨ ਵਰਗ ਦੇ ਚਵਾਤੀਆਂ ਭਰੇ ਮਸਲੇ ਅਤੇ ਮੰਗਾਂ ਤੇ ਕੁੱਝ ਵੀ ਕਰਨ ਗੁਜ਼ਰਨ ਨੂੰ ਤਿਆਰ ਰਹਿੰਦੇ ਹਨ। ਕਰਮਚਾਰੀਆਂ ਦੇ ਮਸਲਿਆਂ ਤੇ ਸਮਾਜ ਸੇਵਾ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦੇਣਾ ਰਜ਼ਨੀਸ਼ ਭਾਰਦਵਾਜ ਦੀ ਆਦਤ ਅਤੇ ਸ਼ੌਕ ਦੇ ਵਿੱਚ ਸ਼ਾਮਲ ਹੈ। ਰਜ਼ਨੀਸ਼ ਭਾਰਦਵਾਜ ਅੱਜ ਕੱਲ ਜੀ.ਐਨ.ਡੀ.ਯੂ. ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਥਿਤ ਵਿਦੇਸ਼ੀ ਭਾਸ਼ਾਵਾਂ ਵਿਭਾਗ ਵਿਖੇ ਬਤੌਰ ਨਿਗਰਾਨ ਦੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਇੱਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਵਾਂਗ ਤੇਜ਼ੀ ਨਾਲ ਵਿਚਰ ਰਹੇ ਹਨ। 14 ਅਗਸਤ 1983 ਨੂੰ ਇੱਕ ਸਿਰਕੱਢ ਰਾਜਨੀਤਕ ਤੇ ਸਮਾਜ ਸੇਵੀ ਪਰਿਵਾਰ ਨਾਲ ਸਬੰਧਿਤ ਪਿਤਾ ਰਣਬੀਰ ਸਿੰਘ ਤੇ ਮਾਤਾ ਪ੍ਰਕਾਸ਼ ਕੁਮਾਰੀ ਦੇ ਘਰ ਦੇ ਵਿਹੜੇ ਦੀ ਰੋਣਕ ਬਣੇ। ਰਜ਼ਨੀਸ਼ ਭਾਰਦਵਾਜ ਨੂੰ ਬਚਪਨ ਦੇ ਵਿੱਚ ਹੀ ਰਾਜਨੀਤੀਕ ਖੇਤਰ ਦੇ ਵਿੱਚ ਰਾਜਨੀਤੀ ਖੇਡਣ ਦਾ ਸੌਂਕ ਸੀ। ਜਦੋਂ ਕਿ ਕਈ ਹੋਰਨਾਂ ਖੇਤਰਾਂ ਦੇ ਵਿੱਚ ਵੀ ਹੱਥ ਅਜਮਾਉਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੋਣ ਕਾਰਨ ਜੀ.ਐਨ.ਡੀ.ਯੂ. ਗੈਰ-ਅਧਿਆਪਨ ਕਰਮਚਾਰੀ ਵਰਗ ਦੇ ਵਿੱਚ ਉਨ੍ਹਾਂ ਦੀ ਹਰਮਨਪਿਆਰਤਾ ਦੀ ਤੂਤੀ ਬੋਲਦੀ ਹੈ। ਉਨ੍ਹਾਂ ਮੁੱਢਲੀ ਸਕੂਲੀ ਤੇ ਕਾਲਜ ਵਿਦਿਆ ਹਾਸਲ ਕਰਨ ਤੋਂ ਬਾਅਦ ਉੱਚ ਵਿਦਿਆ ਹਾਸਲ ਕਰ ਕੇ ਕੁੱਝ ਬਣਨ ਤੇ ਕਰ ਦਿਖਾਉਣ ਦੀ ਲਾਲਸਾ ਮਨ ਹੀ ਮਨ ਵਿਚ ਜ਼ਾਹਿਰ ਕੀਤੀ। ਜਿਸ ਦੇ ਚਲਦਿਆਂ ਉਹ ਸੰਨ 2004 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਤੌਰ ਕਲਰਕ ਕਮ ਜੂਨੀਅਰ ਡੇਟਾ ਐਂਟਰੀ ਓਪਰੇਟਰ ਭਰਤੀ ਹੋਏ। ਤਰੱਕੀ ਦੀਆਂ ਪੋੜੀਆਂ ਦਰ ਪੋੜ੍ਹੀਆਂ ਚੜਦੇ ਹੋਏ ਉਹ ਯੂਨੀਵਰਸਿਟੀ ਵਿਚ ਹੁਣ ਬਤੌਰ ਨਿਗਰਾਨ ਵਜੋਂ ਸੇਵਾ ਨਿਭਾ ਰਹੇ ਹਨ।
ਉਨ੍ਹਾਂ ਸੰਨ 2006 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਚੋਣਾਂ ਦਰਮਿਆਨ ਕਿਸਮਤ ਅਜਮਾਈ ਕਰਦੇ ਹੋਏ ਜਿੱਥੇ ਸਰਗਰਮ ਸਿਆਸਤ ਵਿੱਚ ਪੈਰ ਧਰਿਆ ਉੱਥੇ ਜਿੱਤ ਦੇ ਝੰਡੇ ਬੁਲੰਦ ਕਰਦੇ ਹੋਏ ਸਭ ਤੋਂ ਛੋਟੀ ਉਮਰ ਦੇ ਮੈਂਬਰ, ਸਕੱਤਰ, ਪ੍ਰਧਾਨ ਵਰਗੇ ਵੱਕਾਰੀ ਅਹੁੱਦਿਆਂ ਤੇ ਰਹਿੰਦੇ ਹੋਏ ਕਰਮਚਾਰੀ ਸੇਵਾਵਾਂ ਦਾ ਸਫ਼ਰ ਅੱਜ ਤੱਕ ਜਾਰੀ ਰੱਖਿਆ ਹੋਇਆ ਹੈ ਤੇ ਅੱਜ ਤੱਕ ਫਿਰ ਮੁੜ ਕੇ ਪਿੱਛੇ ਨਹੀਂ ਵੇਖਿਆ। ਸੰਨ 2013 ਵਿਚ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਫੈਡਰੇਸ਼ਨ ਦੇ ਸਕੱਤਰ ਅਤੇ ਆਲ ਇੰਡੀਆ ਯੂਨੀਵਰਸਿਟੀ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਵੀ ਰਹੇ। ਸੰਨ 2013-14 ਦੇ ਵਿੱਚ ਉਹ ਮੁੜ ਜੀ.ਐਨ.ਡੀ.ਯੂ. ਨਾਨ-ਟੀਚਿੰਗ ਇਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁੱਦੇ ਤੇ ਰਹਿੰਦੇ ਹੋਏ ਕਰਮਚਾਰੀ ਹੱਕੀ ਮੰਗਾਂ ਤੇ ਅਧਿਕਾਰਾਂ ਦੀ ਖਾਤਰ ਡੱਟ ਕੇ ਹਾਅ ਦਾ ਨਾਅਰਾ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਲੰਮਾ ਸਮਾਂ ਆਪਣੀ ਮਾਂ ਪਾਰਟੀ ‘ਡੈਮੋਕਰੇਟਿਕ ਇੰਪਲਾਈਜ਼ ਫਰੰਟ’ ਦੀ ਸਰਪ੍ਰਸਤੀ ਦੀ ਵਾਂਗਡੋਰ ਸੰਭਾਲੀ। ਸੰਨ 2020 ਤੋਂ ਰਜ਼ਨੀਸ਼ ਭਾਰਦਵਾਜ ਨੇ ਦਰਿਆਦਿੱਲੀ ਦਾ ਮੁਜਾਹਿਰਾ ਕਰਦੇ ਹੋਏ ਤੇ ਜੰਮਹੂਰੀ ਕਦਰਾਂ ਕੀਮਤਾਂ ਦਾ ਮੁੱਲ ਤਾਰਦਿਆਂ ਯੂਨੀਵਰਸਿਟੀ ਦੇ 50 ਸਾਲਾਂ ਰਾਜਨੀਤੀਕ ਇਤਿਹਾਸ ਦੀ ਤਵਾਰੀਖ ਬਦਲਦਿਆਂ ਇੱਕ ਸੁਹਿਰਦ ਮਹਿਲਾ ਕਰਮਚਾਰੀ ਹਰਵਿੰਦਰ ਕੌਰ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਜਦੋਂ ਕਿ ਆਪਣੀ ਵਿਰੋਧੀ ਪਾਰਟੀ ਦੇ ਇੱਕ ਇਮਾਨਦਾਰ, ਸਰਗਰਮ ਅਤੇ ਕਰਮਚਾਰੀਆਂ ਦੇ ਹਿਤ ਲਈ ਸਮਰਪਿਤ ਆਗੂ ਅਮਨ ਅਰੋੜਾ ਨੂੰ ਵੀ ਸਰਬਸੰਮਤੀ ਨਾਲ ਪ੍ਰਧਾਨ ਬਣਾਉਣ ਵਿਚ ਫਰਾਖ਼ਦਿਲੀ ਦਿਖਾਈ। ਰਜ਼ਨੀਸ਼ ਭਾਰਦਵਾਜ ਜਿੱਥੇ ਇੱਕ ਚੋਟੀ ਦੇ ਟਰੇਡ ਯੂਨੀਅਨ ਆਗੂ ਹਨ ਉੱਥੇ ਉਨ੍ਹਾਂ ਦੇ ਅਦਾਕਾਰੀ ਪੱਖ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਪੰਜਾਬੀ ਫੀਚਰ ਫਿਲਮ “ਕਿਰਦਾਰ-ਏ-ਸਰਦਾਰ” ਤੇ ਵੱਖ-ਵੱਖ ਗਾਇਕਾਂ ਦੇ ਵੱਲੋਂ ਗਾਏ ਗੀਤ “ਚੁਸਤੀ ਚਲਾਕੀ”, “ਗੁਲਾਮੀ”, “ਮਰਸਡੀਜ਼/ਭੂਡਾ” ਆਦਿ ਤੋਂ ਇਲਾਵਾ ਆਉਣ ਵਾਲੀ ਪੰਜਾਬੀ ਫੀਚਰ ਫਿਲਮ “ਖਿਡਾਰੀ” ਦੇ ਵਿੱਚ ਕੀਤੇ ਗਏ ਬੇਮਿਸਾਲ ਅਭਿਨੈ ਅਤੇ ਸ਼ਾਨਦਾਰ ਕਲਾਕਾਰੀ ਉਨ੍ਹਾਂ ਦੀ ਸ਼ਖ਼ਸਿਅਤ ਨੂੰ ਚਾਰ ਚੰਦ ਲਗਾਉਂਦੀ ਹੈ। ਇਸ ਵਾਰ ਸੱਤਾ ਤੇ ਕਾਬਜ਼ ਹੋਈ “ਆਮ ਆਦਮੀ ਪਾਰਟੀ” ਦੇ ਬਤੌਰ ਆਗੂ ਅਤੇ ਸੇਵਾਦਾਰ ਜਨਤਕ ਸੇਵਾਵਾਂ ਨਿਭਾ ਰਹੇ ਹਨ। ਜਦੋਂ ਕਿ ਇਸ ਵਾਰ ਵੀ ਏਸੇ ਮਹੀਨੇ ਹੋਣ ਵਾਲੀਆਂ ਜੀ.ਐਨ.ਡੀ.ਯੂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਚੌਣਾਂ ਦੌਰਾਨ ਉਹ ਆਪਣੇ ਧੜੇ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਸਮੁੱਚੀ ਟੀਮ ਨੂੰ ਜਿਤਾਉਣ ਲਈ ਅਤੇ ਸੱਤਾ ਦੇ ਗਲਿਆਰੇ ਤੇ ਕਾਬਜ਼ ਕਰਵਾਉਣ ਲਈ ਦਿਨ ਰਾਤ ਮੇਹਨਤ ਕਰ ਰਹੇ ਹਨ। ਯੂਨੀਵਰਸਿਟੀ ਗੈਰ-ਅਧਿਆਪਨ ਵਰਗ ਨੂੰ ਰਜ਼ਨੀਸ਼ ਭਾਰਦਵਾਜ ਤੋਂ ਵੱਡੀਆਂ ਆਸਾਂ ਹਨ।

