ਪਾਕਿਸਤਾਨ ’ਚ ਘੱਟ ਗਿਣਤੀਆਂ ਤੇ ਅਤਿਆਚਾਰ ਬੇਰੋਕ ਜਾਰੀ: ਨਿਹੰਗ ਸਿੰਘ ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮਿ੍ਰਤਸਰ:- 12 ਅਕਤੂਬਰ (ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਮੱੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਪਾਕਿਸਤਾਨ ’ਚ ਗੁਰਦੁਆਰਿਆਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਅਤੇ ਘੱਟ ਗਿਣਤੀਆਂ ਨਾਲ ਹੋ ਰਹੀ ਧੱਕੇ ਸ਼ਾਹੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ, ਵਿਦੇਸ ਮੰਤਰੀ ਨੂੰ ਕਿਹਾ ਕਿ ਉਹ ਪਾਕਿਸਤਾਨ ‘ਚ ਸਿੱਖਾਂ, ਹਿੰਦੂ, ਈਸਾਈ ਭਾਈਚਾਰਿਆਂ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਪਾਕਿਸਤਾਨ ਸਰਕਾਰ ’ਤੇ ਕੂਟਨੀਤਕ ਠੋਸ ਦਬਾਅ ਬਨਾਉਣ। ਉਨ੍ਹਾਂ ਕਿਹਾ ਕਿ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਮਨੀ ਸਿੰਘ, ਗੁ. ਭਾਈ ਤਾਰੂ ਸਿੰਘ ਤੇ ਨਾਜਾਇਜ ਕਬਜ਼ਿਆਂ ਬਾਰੇ ਖੁਲਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸਨ ਸਿੰਘ ਅਤੇ ਉੱਥੋਂ ਦੀ ਮੀਡੀਆ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਵੱਖ-ਵੱਖ ਪੁਲਸ ਥਾਣਿਆਂ ਅਤੇ ਜ਼ਿਲ੍ਹਾ ਪ੍ਰਸਾਸਨ ਕੋਲ ਪੁੱਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਪਾਕਿਸਤਾਨ ’ਚ ਅੰਦਰ ਘੱਟਗਿਣਤੀ ਭਾਈਚਾਰੇ ’ਤੇ ਲਗਾਤਾਰ ਵਧ ਰਹੇ ਹਮਲਿਆਂ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸੂਬਾ ਸਿੰਧ ਦੇ ਲਰਕਾਨਾ ਦੇ ਘਾਸਪੀੜ੍ਹੀ ਇਲਾਕੇ ’ਚ ਵਾਲਮੀਕਿ ਭਾਈਚਾਰੇ ਨੂੰ ਪੂਜਾ ਪਾਠ ਵੀ ਨਹੀਂ ਕਰਨ ਦਿੱਤਾ ਗਿਆ। ਇਸ ਭਾਈਚਾਰੇ ਨੂੰ ਸੜਕਾਂ ’ਤੇ ਉਤਰ ਕੇ ਪਾਕਿਸਤਾਨ ਸਰਕਾਰ ਖਿਲਾਫ ਆਵਾਜ ਬੁਲੰਦ ਕਰਨੀ ਪਈ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ’ਚ ਦੋ ਹਫਤਿਆਂ ’ਚ ਚੌਥੀ ਹਿੰਦੂ ਲੜਕੀ ਨੂੰ ਅਗਵਾ ਕਰਦਿਆਂ ਜਬਰਦਸਤੀ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ ਹੈ। ਮੀਰਪੁਰ-ਖਾਸ ਦੀ ਹਿੰਦੂ ਲੜਕੀ ਨੂੰ ਅਗਵਾ ਕਰਨ ਉਪਰੰਤ ਉਸ ਦਾ ਨਿਕਾਹ ਇਕ ਮੁਸਲਮਾਨ ਨਾਲ ਜਬਰੀ ਕਰ ਦਿੱਤਾ ਗਿਆ। ਨਾਸਰਪੁਰ ਤੋਂ ਅਗਵਾ ਹੋਈ ਲੜਕੀ 14 ਸਾਲ ਦੀ ਸੀ। ਸਿੰਧ ਦੇ ਬਾਰਪਰਕਾਰ ਦੇ ਕਸਬਾ ਛਛਰੇ ਦੇ ਨੇੜਲੇ ਪਿੰਡ ਚੱਪਰ ਦੀਨਸਾਹ ’ਚ ਇਕ ਹਿੰਦੂ ਲੜਕੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ, ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ ‘ਚ ਸਿੱਖ ਅਧਿਆਪਕਾ ਦੀਨਾ ਕੌਰ ਨੂੰ ਅਗਵਾ ਕਰਕੇ ਜਬਰਦਸਤੀ ਕਿਸੇ ਮੁਸਲਮਾਨ ਨਾਲ ਨਿਕਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਹੁਣ ਇਕ ਮਾਸੂਮ ਲੜਕੇ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਦਫੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵਸਦੇ ਘੱਟ ਗਿਣਤੀ ਭਾਈਚਾਰੇ ਦੀ ਜਾਨਮਾਲ ਦੀ ਰਾਖੀ ਕਰਨੀ ਪਾਕਿਸਤਾਨ ਸਰਕਾਰ ਦਾ ਪਹਿਲਾਂ ਫਰਜ਼ ਹੈ। ਪਰ ਜਿਸ ਤਰ੍ਹਾਂ ਘਟਨਾ ਵਾਪਰ ਰਹੀਆਂ ਹਨ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਪਾਕਿਸਤਾਨ ਸਰਕਾਰ ਇਸ ਪੱਖ ਵੱਲ ਧਿਆਨ ਨਹੀ ਦੇ ਰਹੀ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨੂੰ ਕਿਹਾ ਕਿ ਉਹ ਅਸਰ ਰਸੂਖ ਵਰਤ ਕੇ ਇਨ੍ਹਾਂ ਘਟਨਾਵਾਂ ਤੇ ਰੋਕਥਾਮ ਕਰਵਾਉਣ।

