ਅੰਮਿ੍ਰਤਪਾਲ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲੇ ਕਰ ਰਹੇ ਪੰਜਾਬ ਦਾ ਮਾਹੌਲ ਖਰਾਬ : ਜਥੇਦਾਰ ਪੰਜੋਲੀ
ਪਤਿਤਪੁਣੇ ਨੂੰ ਠੱਲ ਪਾਉਣ ਲਈ ਅੰਮਿ੍ਰਤ ਸੰਚਾਰ ਲਹਿਰ ਦੌਰਾਨ ਸਹਿਯੋਗ ਕਰੇਗੀ ਸ਼ੋ੍ਰਮਣੀ ਕਮੇਟੀ
ਪਟਿਆਲਾ 12 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਸਿੰਘ ਦੇ ਪੱਖ ’ਚ ਖੜਦਿਆਂ ਕਿਹਾ ਕਿ ਆਪ, ਭਾਜਪਾ ਅਤੇ ਕਾਂਗਰਸ ਦੇ ਆਗੂ ਅੰਮਿ੍ਰਤਪਾਲ ਨੂੰ ਲੈ ਕੇ ਬੇਲੋੜਾ ਕੂੜ ਪ੍ਰਚਾਰ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ’ਤੇ ਲੱਗੇ ਹੋਏ ਹਨ, ਜਦਕਿ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਿਰਫ ਅੰਮਿ੍ਰਤ ਸੰਚਾਰ ਦੀ ਲਹਿਰ ਨੂੰ ਹੀ ਉਤਸ਼ਾਹਤ ਕਰ ਰਹੇ ਹਨ। ਜਥੇਦਾਰ ਪੰਜੋਲੀ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੰਮਿ੍ਰਤਪਾਲ ਸਿੰਘ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੁੰਦੀ ਹੋਵੇ ਇਸ ਕਰਕੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸਰਕਾਰ ਨੂੰ ਡੂੰਘਾਈ ਨਾਲ ਛਾਣਬੀਣ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਮਿ੍ਰਤਪਾਲ ਵੱਲੋਂ ਅਜਿਹਾ ਕੁਝ ਵੀ ਨਹੀਂ ਆਖਿਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਜਾਂ ਭਾਈਚਾਰਕ ਟੁੱਟਦੀ ਵਿਖਾਈ ਦਿੰਦੀ ਹੋਵੇ।
ਜਥੇਦਾਰ ਪੰਜੋਲੀ ਨੇ ਸਿਆਸੀ ਵਿਅਕਤੀਆਂ ਦੇ ਨਾਂ ਲੈਂਦਿਆਂ ਆਖਿਆ ਰਵਨੀਤ ਬਿੱਟੂ, ਮਨਜਿੰਦਰਜੀਤ ਸਿੰਘ ਬਿੱਟੂ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੁਝ ਆਗੂ ਸਿਰਫ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਭੜਕਾਊ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਕਰਨ ’ਤੇ ਤੁਲੇ ਹੋਏ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਦੇ ਸਾਹਮਣੇ ਪਹਿਲਾਂ ਹੀ ਵੱਡੀਆਂ ਚੁਣੌਤੀਆਂ ਹਨ ਇਸ ਕਰਕੇ ਲੋਕਾਂ ਦੇ ਚੁਣੇ ਨੁਮਾਇੰਦੇ ਅਤੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਵੇ ਨਾ ਕਿ ਅੰਮਿ੍ਰਤਪਾਲ ਸਿੰਘ ਖਿਲਾਫ਼ ਕੂੜ ਪ੍ਰਚਾਰ ਕਰਕੇ ਲੋਕਾਂ ਦਾ ਧਿਆਨ ਨਾ ਭਟਕਾਵੇ। ਉਨ੍ਹਾਂ ਅੰਮਿ੍ਰਤਪਾਲ ਨੂੰ ਅਪੀਲ ਕੀਤੀ ਕਿ ਜਿਹੜਾ ਨਿਸ਼ਾਨਾ ਲੈ ਕੇ ਉਹ ਚੱਲੇ ਹੋਏ ਹਨ ਉਸ ਨੂੰ ਜਾਰੀ ਰੱਖਦੇ ਹੋਏ ਅੰਮਿ੍ਰਤਧਾਰੀ ਸਿੰਘ ਸਜਾਉਣਾ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਵਾਲੇ ਕਦਮ ਨੂੰ ਅੱਗੇ ਵਧਾਵੇ ਅਤੇ ਅੰਮਿ੍ਰਤ ਸੰਚਾਰ ਲਹਿਰ ਨੂੰ ਪ੍ਰਚੰਡ ਰੂਪ ਵਿਚ ਚਲਾਵੇ ਅਤੇ ਇਸ ਲਹਿਰ ਵਿਚ ਸ਼ੋ੍ਰਮਣੀ ਕਮੇਟੀ ਆਪਣਾ ਵੱਡਾ ਸਹਿਯੋਗ ਵੀ ਕਰੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੀਆਂ ਹਨ, ਜਿਨ੍ਹਾਂ ਦੀ ਸਹੂਲਤ ਲਈ ਭਾਰਤ ਸਰਕਾਰ ਨੂੰ ਸੌਖੀ ਵੀਜ਼ਾ ਪ੍ਰਣਾਲੀ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਸੁਖਾਵੇਂ ਬਣਾਉਣ ਲਈ ਕੇਂਦਰ ਸਰਕਾਰ ਨੂੰ ਯੋਗ ਅਤੇ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਜਿਥੇ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣਗੀਆਂ, ਉਥੇ ਹੀ ਵਪਾਰਕ ਸਾਂਝ ਵੀ ਬਹਾਲ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਕਰਨੈਨ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਸੁਖਬੀਰ ਸਿੰਘ ਅਬਲੋਵਾਲ, ਸੁਰਿੰਦਰ ਸਮਾਣਾ, ਆਤਮ ਪ੍ਰਕਾਸ਼ ਸਿੰਘ ਆਦਿ ਸ਼ਾਮਲ ਸਨ।

