ਪੰਥ ਨੂੰ ਬੁਲੰਦੀਆਂ ਤੇ ਲਿਜਾਣ ਵਾਲੇ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ
ਦਿਲਜੀਤ ਸਿੰਘ ਬੇਦੀ

(ਮਧੂਸਾਰ ਬਿਊਰੋ)
1716 ਤੋਂ 1753 ਈ: ਤਕ ਦਾ ਸਿੱਖ ਇਤਿਹਾਸ ਲਹੂ ਭਿੱਜਾ ਅਤੇ ਘਟਨਾਵਾਂ ਭਰਪੂਰ ਹੈ। ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਸਿੱਖ ਇਤਿਹਾਸ ਅੰਦਰ ਵਿਸ਼ੇਸ਼ ਸਥਾਨ ਰਖਦਾ ਹੈ। ਜਥੇਦਾਰ ਦੀਵਾਨ ਬਾਬਾ ਦਰਬਾਰਾ ਸਿੰਘ ਦੇ ਅਕਾਲ ਚਲਾਣੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਦੇ ਵੀ ਇਸ ਜਹਾਨ ਤੋਂ ਕੂਚ ਕਰ ਜਾਣ ਬਾਅਦ ਸਮੁੱਚੇ ਪੰਥ ਵੱਲੋਂ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸਮੁੱਚੀ ਕੌਮ ਵਲੋਂ ਸਰਬ ਸੰਮਤੀ ਨਾਲ ਪੰਥ ਦਾ ਜਥੇਦਾਰ ਪ੍ਰਵਾਨਿਆ ਗਿਆ। ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਆਪ ਅਠਾਰਵੀਂ ਸਦੀ ਦੇ ਉਨ੍ਹਾਂ ਸਿੱਖ ਸਰਦਾਰਾਂ ਵਿਚੋਂ ਸਨ, ਜਿਨ੍ਹਾਂ ਦਾ ਨਾਂ ਸਿੱਖ ਤਵਾਰੀਖ਼ ਵਿਚ ਸੁਨਹਿਰੀ ਅੱਖ਼ਰਾਂ ਵਿਚ ਚਮਕਦਾ ਹੈ।ਆਪ ਦਾ ਜਨਮ 1697 ਈ. ਵਿੱਚ ਸ. ਦਲੀਪ ਸਿੰਘ ਦੇ ਘਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੋਕੇ ਹੁਣ ਪਾਕਿਸਤਾਨ ਵਿੱਚ ਹੋਇਆ। ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿਚ ਮਿਲੀ ਸੀ। ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪ੍ਰਭਾਵਤ ਹੋ ਕੇ ਆਪ ਅੰਮ੍ਰਿਤਪਾਨ ਕਰ ਕੇ ਸਿੰਘ ਸਜੇ। ਆਪ ਬੇਹੱਦ ਦਲੇਰ, ਸੂਰਬੀਰ, ਸੋਹਣੇ ਸੁਨੱਖੇ ਅਤੇ ਕਹਿਣੀ,ਕਥਨੀ ਦੇ ਪੱਕੇ ਸਨ।ਵੱਡੇ ਸਿੱਖ ਆਗੂਆਂ ਦੀ ਸ਼ਹਾਦਤ ਤੋਂ ਬਾਅਦ ਪੰਥ ਦੀ ਅਗਵਾਈ ਕਰਦਿਆਂ ਆਪ ਨੇ ਸਿੱਖ ਕੌਮ ਦੀ ਬੁਲੰਦੀ ਲਈ ਵੱਡਮਲਾ ਯੋਗਦਾਨ ਪਾਇਆ।
ਜ਼ਕਰੀਆ ਖ਼ਾਂ ਦੇ ਸਮੇਂ ਸਿੱਖਾਂ ਤੇ ਸਖ਼ਤੀ ਦਾ ਦੌਰ ਸਿਖਰਤੇ ਸੀ ਅਤੇ ਉਨ੍ਹਾਂ ਦੇ ਸਿਰਾਂ ਤੇ ਇਨਾਮ ਵੀ ਰੱਖੇ ਗਏ ਸਨ। ਸਿੱਖਾਂ ਦੀ ਸੂਹ ਦੇਣ ਵਾਲੇ ਅਤੇ ਸਿੱਖਾਂ ਨੂੰ ਮਾਰ ਕੇ ਸਿਰ ਪੇਸ਼ ਕਰਨ ਵਾਲੇ ਨੂੰ ਇਨਾਮ ਦਿਤਾ ਜਾਂਦਾ ਸੀ ਪਰ ਇਸ ਸਖ਼ਤਾਈ ਦੇ ਬਾਵਜੂਦਵੀ ਸਿੱਖਾਂ ਨੇ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਜ਼ਾਲਮਾਂ ਨਾਲ ਟੱਕਰ ਲੈਣ ਲਈ ਸਿੱਖਾਂ ਨੇ ਠਾਣੀ ਰੱਖੀ। ਸਿੱਖਾਂ ਦੀ ਹਿੰਮਤ, ਅਣਖ ਅਤੇ ਦਲੇਰੀ ਤੋਂ ਜ਼ਕਰੀਆ ਖ਼ਾਂ ਕਾਫੀ ਦੁਖੀ ਸੀ। ਉਸ ਵਲੋਂ ਸਿੱਖਾਂ ਨੂੰ ਸਮੇਂ-ਸਮੇਂ ਕਈ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ। ਭਾਵੇਂ ਸਾਰੇ ਇਸ ਸਬੰਧੀ ਇਕ ਮਤ ਨਹੀਂ ਵੀ ਸਨ ਪਰ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦਾ ਰਵੱਈਆ ਨਰਮ ਹੋ ਗਿਆ। ਇਸ ਪਿਛੋਂ ਸਿੱਖ ਅੰਮ੍ਰਿਤਸਰ ਆ ਕੇ ਵਸ ਗਏ। ਸਿੱਖਾਂ ਦੀ ਆਬਾਦੀ ਵਧਣ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਆਉਣ ਲੱਗੀਆਂ, ਜਿਸ ’ਤੇ ਨਵਾਬ ਕਪੂਰ ਸਿੰਘ ਨੇ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡ ਦਿਤਾ। 40 ਵਰ੍ਹਿਆਂ ਤੋਂ ਵੱਧ ਉਮਰ ਵਾਲੇ ‘ਬੁੱਢਾ ਦਲ’ ਵਿੱਚ ਸ਼ਾਮਲ ਹੋ ਗਏ ਅਤੇ ਇਸ ਤੋਂ ਘੱਟ ਉਮਰ ਵਾਲੇ ਤਰਨਾ ਦਲ ਅਖਵਾਇਆ। ਨਵਾਬ ਕਪੂਰ ਸਿੰਘ ਇਨ੍ਹਾਂ ਦੋਹਾਂ ਦਲਾਂ ਦੇ ਜਥੇਦਾਰ ਰਹੇ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿੱਚ ਹੀ ਰਹਿ ਪਿਆ। ਇਸ ਦੌਰਾਨ ਸੂਬੇਦਾਰ ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਸਮਝੌਤਾ ਤੋੜ ਲਿਆ ਅਤੇ ਸਿੱਖਾਂ ਤੇ ਫਿਰ ਤੋਂ ਜ਼ੁਲਮ ਅਤੇ ਅਤਿਆਚਾਰ ਦਾ ਦੌਰ ਆਰੰਭ ਹੋ ਗਿਆ। ਇਸ ਮੁਸ਼ਕਲਾਂ ਭਰੇ ਸਮੇਂ ਵਿੱਚ ਬੁੱਢਾ ਦਲ ਦਾ ਅੰਮ੍ਰਿਤਸਰ ਰਹਿਣਾ ਸੌਖਾ ਨਾ ਰਿਹਾ। ਇਸ ਉਪਰੰਤ ਲੰਮਾਂ ਅਰਸਾ ਸਿੱਖਾਂ ਨੇ ਸਰਕਾਰੀ ਜ਼ੁਲਮ ਦਾ ਟਾਕਰਾ ਕਰਦਿਆਂ ਬਤੀਤ ਕੀਤਾ। ਬੇਸ਼ੱਕ ਸਿੱਖ ਕੌਮ ਨੇ ਇਸ ਸਮੇਂ ਦੌਰਾਨ ਅਤਿਅੰਤ ਜਾਨੀ ਤੇ ਮਾਲੀ ਨੁਕਸਾਨ ਵੀ ਉਠਾਇਆ ਪਰ ਫਿਰ ਵੀ ਸਿੱਖਾਂ ਨੇ ਆਪਣੇ ਆਪ ਨੂੰ ਜਥੇਬੰਦ ਕਰ ਲਿਆ। 1748 ਈ. ਵਿੱਚ ਦਲ ਖ਼ਾਲਸਾ ਬਣਿਆ ਅਤੇ ਮਿਸਲਾਂ ਦੀ ਸਥਾਪਨਾ ਹੋਈ।ਜੁਝਾਰੂ ਸ਼ੇਰਦਿਲ, ਅਦੁੱਤੀ ਜਰਨੈਲ, ਸੇਵਾ ਸਿਮਰਨ, ਤਿਆਗ ਅਤੇ ਪਰਉਪਕਾਰ ਦੇ ਮੁਜੱਸਮੇਂਸਿੰਘ ਸਾਹਿਬ ਨਵਾਬ ਕਪੂਰ ਸਿੰਘ ਨੇ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਜਥੇਦਾਰੀ ਸੁਘੜ ਸਿਆਣੇ ਜਥੇਦਾਰ ਵਜੋਂਸੰਭਾਲੀ। ਮਿਸਲਾਂ ਵਿੱਚ ਇੱਕ ਮਿਸਲਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ‘ਫ਼ੈਜ਼ਲਪੁਰੀਆ ਜਾਂ ਸਿੰਘ ਪੁਰੀਆਮਿਸਲ ਕਿਹਾ ਜਾਂਦਾ ਹੈ। ਨਵਾਬ ਕਪੂਰ ਸਿੰਘ ਦੀ ਵਡੇਰੀ ਉਮਰ ਅਤੇ ਆਦਰਸ਼ਕ ਸ਼ਖ਼ਸੀਅਤ ਕਾਰਨ ਸਿੱਖ ਪੰਥ ਉਨ੍ਹਾਂ ਦਾ ਸਤਿਕਾਰ ਕਰਦਾ ਸੀ। ਇੰਜ ਆਪ ਨੇ ਸਿੱਖ ਪੰਥ ਦੀ ਲੰਮਾ ਸਮਾਂ ਸੁਯੋਗ ਅਗਵਾਈ ਕਰ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਜਥੇਦਾਰ ਨਵਾਬ ਕਪੂਰ ਸਿੰਘ ਪੰਥ ਦੀ ਵਾਗਡੋਰ ਆਪਣੇ ਧਰਮ ਪੁੱਤਰ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੋਂਪ ਕੇ ਅੱਸੂ ਸੁਦੀ ਦਸਵੀਂ ਸੰਮਤ ਬਿ:1811 1753 ਈ: ਨੂੰ ਸ੍ਰੀ ਅੰਮ੍ਰਿਤਸਰ ਵਿਚ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੀ 269 ਵੀਂ ਬਰਸੀ ਮਨਾਈ ਜਾ ਰਹੀ ਹੈ। ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ :- ਸ. ਜੱਸਾ ਸਿੰਘ(ਆਹਲੂਵਾਲੀਆਂ) ਜਨਮ 1718 ਈ: ਨੂੰ ਸ. ਬਦਰ ਸਿੰਘ ਤੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਬਾਪ ਦਾ ਸਾਇਆ ਛੋਟੀ ਉਮਰੇ ਆਪ ਦੇ ਸਿਰ ਤੋਂ ਉਠ ਗਿਆ।ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਹੀ ਜੁਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿਚ ਹੀ ਸਿੱਖ ਵਿਚਾਰਧਾਰਾ, ਆਤਮਕ ਸਮਾਜਿਕ ਪੱਖਾਂ ਤੇ ਬਹੁਪੱਖੀ ਸਿਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ, ਤਲਵਾਰ, ਤੀਰਾਂ ਦੇ ਪੱਥੇ -ਕਮਾਨ, ਗੁਰਜ ਬਖ਼ਸ਼ਿਸ਼ ਕੀਤੇ।
ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ ਜਲੰਧਰ, ਜਥੇਦਾਰ ਨਵਾਬ ਕਪੂਰ ਸਿੰਘ ਪਾਸ ਪੁੱਜੇ। ਸ. ਜੱਸਾ ਸਿੰਘ ਦੀ ਸਖਸ਼ੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਨਵਾਬ ਕਪੂਰ ਸਿੰਘ ਦੇ ਕਹਿਣ ਤੇ ਮਾਤਾ ਜੀਵਨ ਕੌਰ ਨੇ ਜੱਸਾ ਸਿੰਘ ਨੂੰ ਤੇ ਉਥੇ ਹੀ ਛੱਡ ਦਿਤਾ। ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜਸਵਾਰੀ, ਤੇਗ਼, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿਖਿਆ ਦਿਤੀ ਤੇ ਦਿਵਾਈ। ਸ. ਜੱਸਾ ਸਿੰਘ ਇਸ ਆਦਿ ਸਿਖਲਾਈ ਦੇ ਨਾਲ ਦੀਵਾਨਾਂ ਵਿਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖ਼ੂਬ ਕਰਦਾ। ਜਵਾਨ ਹੋਣਤੇ ਉਸ ਨੂੰ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਪਾਨ ਕਰਵਾਇਆ ਤੇ ਰਹਿਤ ਬਹਿਤ ਵਿਚ ਪਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਸਾਹਿਬ ਨੇ ਖ਼ਾਲਸੇ ਦੇ ਘੋੜਿਆਂ ਨੂੰ ਖ਼ੁਰਾਕ ਮੁਹੱਈਆ ਕਰਨਦੀ ਸੇਵਾ ਸੌਂਪ ਦਿਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਸ. ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦਾ ਸਾਥ ਦਿਤਾ। ਇਸ ਤਰ੍ਹਾਂ ਸ. ਜੱਸਾ ਸਿੰਘ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਹੋ ਗਏ ਸਨ।
ਸ. ਜੱਸਾ ਸਿੰਘ ਨੇ ਜਿਥੇ ਅਫ਼ਗ਼ਾਨੀਆਂ ਨੂੰ ਸੋਧਿਆ ਉਥੇ 1761 ਈ. ਨੂੰ ਅਮਿਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ। 1761 ਨੂੰ ਖ਼ਾਲਸੇ ਨੇ ਲਾਹੌਰ ਫ਼ਤਹਿ ਕੀਤਾ ਅਤੇ ਇਸ ਖ਼ੁਸ਼ੀ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ‘ਸੁਲਤਾਨ-ਉਲ-ਕੌਮਐਲਾਨਿਆ ਗਿਆ। ਸੁਲਤਾਨ- ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। ਇਤਿਹਾਸ ਅਨੁਸਾਰ ਘੱਲੂਘਾਰਾ ਜੋ 5 ਫ਼ਰਵਰੀ 1762 ਨੂੰ ਕੁੱਪ ਰਹੀੜੇ ਦੇ ਸਥਾਨ ਉਪਰ ਵਾਪਰਿਆ, ਉਸ ਸਮੇਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ। 11 ਮਾਰਚ 1783 ਨੂੰ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਸਰਦਾਰਾਂ ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਲਾਲ ਕਿਲ੍ਹੇ ’ਤੇ ਕੇਸਰੀਨਿਸ਼ਾਨ ਲਹਿਰਾਇਆ ਤੇ ਸੁਲਤਾਨ ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਅਖ਼ੀਰ ਅੱਸੂ ਸੁਦੀ 11 ਸੰਮਤ 1810 ਅਕਤੂਬਰ 1783 ਈ. ਨੂੰ ਕੌਮ ਨੂੰ ਬੁਲੰਦੀਆਂ `ਤੇ ਪਹੁੰਚਾ ਜਥੇ: ਬਾਬਾ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ 239 ਵੀਂ ਬਰਸੀ ਮਨਾਈ ਜਾ ਰਹੀ ਹੈ। ਇਨ੍ਹਾਂ ਦੋਹਾਂ ਯੋਧਿਆਂ ਦੀ ਯਾਦ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਨਿਹੰਗ ਸਿੰਘਾਂ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ96 ਕਰੋੜੀ ਦੀ ਅਗਵਾਈ ਵਿੱਚ ਹਰ ਸਾਲ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਗੁ: ਬੁਰਜ ਅਕਾਲੀਬਾਬਾ ਫੂਲਾ ਸਿੰਘ, ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੌਮ ਦੇ ਮਹਾਨ ਦੋਹਾਂ ਜਥੇਦਾਰਾਂ ਦੀ ਸਾਲਾਨਾ ਬਰਸੀ ਸਮਾਗਮਾਂ ਸਮੇਂ 18 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 20 ਨੂੰ ਭੋਗ ਪਾਏ ਜਾਣਗੇ। ਜਿਸ ਵਿਚ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨਾਲ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰ ਸਾਂਝੇ ਕਰਨਗੇ। ਨਾਮਵਰ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ।

