ਖ਼ਾਲਸਾ ਕਾਲਜ ਪਟਿਆਲਾ ਨੇ ਖੇਤਰੀ ਯੁਵਕ ਤੇ ਲੋਕ ਕਲਾਵਾਂ ਮੇਲੇ ਵਿੱਚ ਪੰਜਵੀਂ ਵਾਰ ਓਵਰਆਲ ਟਰਾਫੀ ਜਿੱਤ ਕੇ ਰਚਿਆ ਇਤਿਹਾਸ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ਦੇ ਖ਼ੇਤਰੀ ਯੁਵਕ ਅਤੇ ਲੋਕ ਕਲਾਵਾਂ ਮੇਲੇ ਵਿੱਚ ਆਪਣੀ ਸਰਦਾਰੀ ਨੂੰ ਕਾਇਮ ਰੱਖਦੇ ਹੋਏ ਪੰਜਵੀਂ ਵਾਰ ਓਵਰਆਲ ਚੈਂਪੀਅਨ ਰਹਿਣ ਦੀ ਟਰਾਫੀ ਜਿੱਤਣ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਪਬਲਿਕ ਕਾਲਜ ਸਮਾਣਾ ਵਿਖੇ ਚੱਲ ਰਹੇ ਇਸ ਚਾਰ ਰੋਜ਼ਾ ਖੇਤਰੀ ਯੁਵਕ ਮੇਲੇ ਤੇ ਅੰਤਮ ਦਿਨ ਸਮੁੱਚੇ ਨਤੀਜਿਆਂ ਦੇ ਆਧਾਰ ’ਤੇ 178 ਅੰਕਾਂ ਨਾਲ ਖ਼ਾਲਸਾ ਕਾਲਜ ਪਟਿਆਲਾ ਨੇ ਓਵਰਆਲ ਟਰਾਫ਼ੀ ਲਗਾਤਾਰ ਪੰਜਵੀਂ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਵਰਨਣਯੋਗ ਹੈ ਕਿ ਪਟਿਆਲਾ ਜ਼ੋਨ ਵਿੱਚ 50 ਦੇ ਲਗਭਗ ਕਾਲਜ 56 ਦੇ ਕਰੀਬ ਵੱਖ-ਵੱਖ ਵੰਨਗੀਆਂ ਵਿੱਚ ਭਾਗ ਲੈ ਰਹੇ ਸਨ, ਜਿਨ੍ਹਾਂ ਵਿੱਚੋਂ ਖ਼ਾਲਸਾ ਕਾਲਜ ਪਟਿਆਲਾ ਨੇ 20 ਵੰਨਗੀਆਂ ਜਿਨ੍ਹਾਂ ਵਿੱਚ ਗੀਤ, ਗਜ਼ਲ, ਗਰੁੱਪ ਸੌਂਗ, ਗਰੁੱਪ ਸ਼ਬਦ, ਕਲਾਸੀਕਲ ਵੋਕਲ, ਨਾਲਾ ਬਣਾਈ, ਪੱਖੀ, ਪਰਾਂਦਾ ਬਣਾਈ, ਕਢਾਈ, ਰੱਸਾ ਵਟਾਈ, ਇਨੂੰ ਬਣਾਉਣਾ, ਫੋਕ ਆਰਕੈਸਟਰਾ, ਲੋਕਸਾਜ਼, ਡਿਬੇਟ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਸੋਲੋ, ਵੈਸਟਨ ਇੰਸਟਰੂਮੈੰਟ, ਭੰਡਾਂ ਦੇ ਮੁਕਾਬਲੇ, ਰਵਾਇਤੀ ਲੋਕ-ਗੀਤ, ਪਹਿਰਾਵਾ ਪ੍ਰਦਰਸ਼ਨੀ ਤੇ ਵਾਰ ਗਾਇਨ ਸਾਮਲ ਸਨ ਇਨ੍ਹਾਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ। 14 ਵੰਨਗੀਆਂ ਜਿਨ੍ਹਾਂ ਵਿਚ ਗੁੱਡੀਆਂ ਪਟੋਲੇ, ਕਰੋਸ਼ੀਆ, ਛਿੱਕੂ, ਖਿੱਦੋ, ਝੂੰਮਰ, ਭਾਸ਼ਨ, ਨਾਟਕ, ਮਮਿੱਕਰੀ, ਲਘੂ ਫ਼ਿਲਮ, ਨੁੱਕੜ ਨਾਟਕ, ਕਵੀਸ਼ਰੀ, ਕਲਾਸੀਕਲ ਡਾਂਸ, ਨਾਨ ਪ੍ਰਕਸ਼ਨ ਤੇ ਪੋਸਟਰ ਮੇਕਿੰਗ ਸਾਮਲ ਹਨ ਵਿੱਚ ਦੂਜਾ ਸਥਾਨ ਅਤੇ 6 ਵੰਨਗੀਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖ਼ਾਲਸਾ ਕਾਲਜ ਪਟਿਆਲਾ ਨੇ ਸੰਗੀਤ, ਲੋਕ ਕਲਾਵਾਂ ਅਤੇ ਥੀਏਟਰ ਦੇ ਖੇਤਰ ਦੀਆਂ ਵੱਖ-ਵੱਖ ਓਵਰਆਲ ਟਰਾਫੀਆਂ ਵੀ ਹਾਸਲ ਕਰਨ ਵਿਚ ਵੀ ਸਫਲ ਰਿਹਾ।
ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਨੇ ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖ਼ਾਲਸਾ ਕਾਲਜ ਦਾ ਪੰਜ ਵਾਰ ਲਗਾਤਾਰ ਚੈਂਪੀਅਨ ਬਣਨਾ ਇਹ ਦੱਸਦਾ ਹੈ ਕਿ ਸਾਡੇ ਕਾਲਜ ਕੇਵਲ ਅਕਾਦਮਿਕ ਖੇਤਰ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਸੱਭਿਆਚਾਰਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ ਸ. ਸੁਖਮਿੰਦਰ ਸਿੰਘ ਸਕੱਤਰ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਨੇ ਖ਼ਾਲਸਾ ਕਾਲਜ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਉੱਤੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਪਣਾ ਇਤਿਹਾਸ ਲਗਾਤਾਰ ਸੁਨਹਿਰੀ ਅੱਖਰਾਂ ਵਿਚ ਲਿਖ ਰਿਹਾ ਹੈ। ਸ. ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱਤਰ ਖ਼ਾਲਸਾ ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਸਟਾਫ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਕਾਲਜ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਓਵਰਆਲ ਟਰਾਫੀ ਹਾਸਲ ਕਰਦਾ ਆ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਖ਼ਾਲਸਾ ਕਾਲਜ ਵਿੱਦਿਆ ਦੇ ਨਾਲ-ਨਾਲ ਸਹਿ-ਵਿਦਿਅਕ ਸਰਗਰਮੀਆਂ ਦੇ ਖੇਤਰ ਵਿਚ ਵੀ ਉੱਤਰੀ ਭਾਰਤ ਦੀ ਇਕ ਪ੍ਰਮੁੱਖ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।
ਸ. ਸਤਵਿੰਦਰ ਸਿੰਘ ਟੌਹੜਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਲਜ ਦੀ ਇਸ ਵਡਮੁੱਲੀ ਪ੍ਰਾਪਤੀ ਦੇ ਮੌਕੇ ਕਾਲਜ ਪਿ੍ਰੰਸੀਪਲ ਅਤੇ ਸਮੁੱਚੇ ਸਟਾਫ ਵਧਾਈ ਦਿੱਤੀ। ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ, ਖ਼ਾਲਸਾ ਕਾਲਜ ਪਟਿਆਲਾ ਨੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਮੁੱਚੇ ਸਟਾਫ, ਡੀਨ ਕਲਚਰਲ ਡਾ. ਹਰਵਿੰਦਰ ਕੌਰ, ਸਮੂਹ ਟੀਮਾਂ ਦੇ ਇੰਚਾਰਜ ਸਾਹਿਬਾਨ ਤੇ ਕਮੇਟੀ ਮੈਂਬਰ ਅਤੇ ਵਿਦਿਆਰਥੀਆਂ ਨੂੰ ਕਾਲਜ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਲਗਭਗ 50 ਕਾਲਜਾਂ ਦੀ ਸ਼ਮੂਲੀਅਤ ਵਾਲੇ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ ਵੀ ਸ਼ਾਮਲ ਹੈ ਦੇ ਮੁਕਾਬਲਿਆਂ ਵਿਚ ਲਗਾਤਾਰ ਪੰਜਵੀਂ ਵਾਰ ਓਵਰਆਲ ਟਰਾਫੀ ’ਤੇ ਕਬਜਾ ਕਰਨ ਵਿਚ ਕਾਮਯਾਬ ਰਹੇ ਹਾਂ। ਉਹਨਾਂ ਇਹ ਵੀ ਕਿਹਾ ਕਿ ਸਾਡੀ ਇਹ ਪ੍ਰਾਪਤੀ ਦੱਸਦੀ ਹੈ ਕਿ ਖ਼ਾਲਸਾ ਕਾਲਜ ਪਟਿਆਲਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੀ ਅਥਾਹ ਸਮਰੱਥਾ ਰੱਖਦਾ ਹੈ। ਡਾ. ਹਰਵਿੰਦਰ ਕੌਰ ਵਾਈਸ ਪਿ੍ਰੰਸੀਪਲ ਅਤੇ ਡੀਨ ਕਲਚਰਲ ਨੇ ਕਿਹਾ ਕਿ ਕਾਲਜ ਦੀ ਇਸ ਪ੍ਰਾਪਤੀ ਨਾਲ ਜਿੱਥੇ ਸਾਡਾ ਸਿਰ ਮਾਣ ਨਾਲ ਹੋਰ ਉੱਚਾ ਹੋਇਆ ਹੈ ਉੱਥੇ ਨਾਲ ਦੀ ਨਾਲ ਹੀ ਸਾਡੀਆਂ ਜਿੰਮੇਵਾਰੀਆਂ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਹੁਣ ਤੋਂ ਹੀ ਅੱਗੇ ਹੋਣ ਵਾਲੇ ਅੰਤਰ ਖੇਤਰੀ ਮੁਕਾਬਲਿਆਂ ਲਈ ਕਮਰਕੱਸਾ ਕਰਨ ਦੀ ਤਾਕੀਦ ਵੀ ਕੀਤੀ ਅਤੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।

