ਡਿਪਟੀ ਕਮਿਸ਼ਨਰ ਵੱਲੋਂ ‘ਪੋਸ਼ਣ ਅਭਿਆਨ’ ਨੂੰ ਜ਼ਿਲ੍ਹੇ ‘ਚ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਹਦਾਇਤਾਂ
ਆਂਗਣਵਾੜੀ ਸੈਂਟਰਾਂ ‘ਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ : ਸਾਕਸ਼ੀ ਸਾਹਨੀ
ਜ਼ਿਲ੍ਹੇ ‘ਚ ਮਾਵਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾਵੇ ਜਾਗਰੂਕਤਾ ਮੁਹਿੰਮ : ਡਿਪਟੀ ਕਮਿਸ਼ਨਰ
ਪਟਿਆਲਾ, 20 ਅਕਤੂਬਰ: (ਰਮਨਦੀਪ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ਤੇ ਜ਼ਿਲ੍ਹੇ ਅੰਦਰ ਕੁਪੋਸ਼ਣ ਦਾ ਸ਼ਿਕਾਰ ਬੱਚਿਆਂ ਦੀ ਦਰ ਸਿਫ਼ਰ ਦੇ ਲਿਆਉਣ ਲਈ ਸਬੰਧਤ ਸਾਰੇ ਵਿਭਾਗ ਮਿਲ ਕੇ ਕੰਮ ਕਰਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਸ਼ਣ ਅਭਿਆਨ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਦਾ ਕਨਵਰਜੈਂਸ ਐਕਸ਼ਨ ਪਲਾਨ 2022-23 ਤਿਆਰ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪੋਸ਼ਣ ਅਭਿਆਨ ਦਾ ਮੁੱਖ ਉਦੇਸ਼ ਛੇ ਸਾਲ ਤਕ ਦੇ ਬੱਚਿਆਂ ਵਿਚ ਬੌਣੇਪਨ, ਕੁਪੋਸ਼ਣ ਨੂੰ ਖਤਮ ਕਰਨਾ, ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਵਿਚ ਕਮੀ ਲਿਆਉਣਾ, ਛੇ ਮਹੀਨੇ ਤੋਂ 3 ਸਾਲ ਤਕ ਦੇ ਬੱਚਿਆਂ ਵਿਚ ਖੂਨ ਦੀ ਕਮੀ ਨੂੰ ਦੂਰ ਕਰਨਾ ਅਤੇ 11 ਤੋਂ 18 ਸਾਲ ਦੀਆਂ ਲੜਕੀਆਂ ਤੇ ਮਾਂ ਬਣਨ ਵਾਲੀਆਂ ਔਰਤਾਂ ਵਿਚ ਪਾਈ ਜਾਣ ਵਾਲੀ ਖੂਨ ਦੀ ਕਮੀ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੀਆਂ ਸਰਗਰਮੀਆਂ ਨੂੰ ਜ਼ਿਲ੍ਹੇ ਵਿਚ ਸਹੀ ਤਰ੍ਹਾਂ ਕਰਨ ਲਈ ਵੱਖ ਵੱਖ ਵਿਭਾਗਾਂ ਦਾ ਤਾਲਮੇਲ ਹੋਣ ਬਹੁਤ ਜ਼ਰੂਰੀ ਹੈ ਤੇ ਇਸ ਮੀਟਿੰਗ ਦਾ ਮੁੱਖ ਮਕਸਦ ਸਾਰੇ ਸਬੰਧਤ ਵਿਭਾਗਾਂ ਦਾ ਆਪਸ ਵਿਚ ਤਾਲਮੇਲ ਕਰਕੇ ‘ਪੋਸ਼ਣ ਅਭਿਆਨ’ ਦਾ ਫਾਇਦਾ ਜ਼ਿਲ੍ਹੇ ਵਿਚ ਹਰੇਕ ਯੋਗ ਲਾਭਪਾਤਰੀ ਦਾ ਪੁੱਜਦਾ ਕਰਨਾ ਹੈ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਬੱਚੇ ਦੀ ਸਮੇਂ ਸਮੇਂ ਉਤੇ ਸਿਹਤ ਜਾਂਚ ਕਰਨ ਸਮੇਤ ਕਿਸ਼ੋਰ ਲੜਕੀਆਂ ਤੇ ਮਾਵਾਂ ਨੂੰ ਧਿਆਨਦੇਣਯੋਗ ਗੱਲਾਂ ਸਬੰਧੀ ਜਾਗਰੂਕ ਕਰਨ ਲਈ ਪ੍ਰਚਾਰ ਸਮੱਗਰੀ ਆਂਗਣਵਾੜੀ ਸੈਂਟਰਾਂ ਵਿਚ ਉਪਲਬਧ ਕਰਵਾਉਣ ਲਈ ਕਿਹਾ। ਜਦਕਿ ਆਂਗਣਵਾੜੀ ਸੈਂਟਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਨ ਲਈ ਪੰਚਾਇਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਤਾਲਮੇਲ ਕਰਕੇ ਤਿੰਨ ਹਫ਼ਤੇ ਵਿਚ ਕਾਰਵਾਈ ਰਿਪੋਰਟ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁਪੋਸ਼ਣ ਮੁਕਤ ਸਮਾਜ ਦੀ ਸਿਰਜਣਾ ਲਈ ਹਰ ਵਿਭਾਗ ਨੂੰ ਆਪਣਾਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੁਮਾਰ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸੁਖਚੈਨ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਡਾ. ਵੀਨੂੰ ਗੋਇਲ, ਸੀ.ਡੀ.ਪੀ.ਓ ਗੁਰਮੀਤ ਸਿੰਘ, ਡਿਪਟੀ ਡੀ.ਈ.ਓ. ਮਨਵਿੰਦਰ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

