ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਅਤੇ ਕਿਸਾਨ ਹਿਤੈਸ਼ੀ : ਪ੍ਰੋ. ਸਰਚਾਂਦ ਸਿੰਘ ਖਿਆਲਾ।
ਦਲ ਪੰਥ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਦਾ ਕੀਤਾ ਸਨਮਾਨ ।
ਮੋਦੀ ਨੇ ਦੀਵਾਲੀ ਮੌਕੇ ਕਿਸਾਨਾਂ ਨੂੰ 16 ਹਜ਼ਾਰ ਕਰੋੜ ਅਤੇ ਐਮ ਐਸ ਪੀ ’ਚ ਭਾਰੀ ਵਾਧਾ ਕਰਦਿਆਂ ਦੋਹਰੀ ਸੌਗਾਤ ਦਿੱਤੀ।
ਅੰਮ੍ਰਿਤਸਰ 21 ਅਕਤੂਬਰ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਮੁਲਾਕਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਹਿਤੈਸ਼ੀ ਅਤੇ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਅਤੇ ਫ਼ੈਸਲਿਆਂ ਤੋਂ ਉਨ੍ਹਾਂ ਨੂੰ ਜਾਣੂ ਕਰਾਇਆ ਹੈ। ਪ੍ਰੋ: ਸਰਚਾਂਦ ਸਿੰਘ ਨੇ ਗੁਰਦੁਆਰਾ ਮਲ ਅਖਾੜਾ ਪਾਤਸ਼ਾਹੀ ਛੇਵੀਂ ਛਾਉਣੀ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਜਥੇਦਾਰ ਬਲਬੀਰ ਸਿੰਘ ਨਾਲ ਪੰਥਕ ਵਿਚਾਰਾਂ ਕੀਤੀਆਂ ਅਤੇ ਦਲ ਪੰਥ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਲ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜੋ ਤੇਗ਼ਾਂ ਮਾਰੀਆਂ, ਉਹ ਕੌਮ ਦੀ ਸਿਮ੍ਰਿਤੀਆਂ ਦਾ ਹਿੱਸਾ ਹਨ। ਦਲ ਪੰਥ ਦੇ ਮੁਖੀ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਜੋ ਭੂਮਿਕਾ ਅਦਾ ਕੀਤੀ ਉਹ ਅੱਜ ਵੀ ਪੰਥਕ ਫ਼ੈਸਲਿਆਂ ਲਈ ਵਿਰਾਸਤੀ ਮਾਪਦੰਡ ਅਤੇ ਪ੍ਰੇਰਨਾ ਸਰੋਤ ਹਨ। ਇਸ ਮੌਕੇ ਦਲ ਪੰਥ ਦੇ ਮੁਖੀ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ । ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਫੂਲਾ ਸਿੰਘ ਜੀ ਦੀ ਕੁਝ ਮਹੀਨਿਆਂ ਬਾਅਦ ਆ ਰਹੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਦੇਸ਼ ਵਿਦੇਸ਼ ’ਚ ਵੱਡੇ ਪੱਧਰ ’ਤੇ ਮਨਾਉਣ ਅਤੇ ਸਹਿਯੋਗ ਲਈ ਕੇਂਦਰ ਸਰਕਾਰ ਨੂੰ ਕਿਹਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਦੀਵਾਲੀ ਮੌਕੇ ’ਤੇ ਕਿਸਾਨਾਂ ਲਈ ਪੀ. ਐੱਮ. ਕਿਸਾਨ ਯੋਜਨਾ ਤਹਿਤ 16 ਹਜ਼ਾਰ ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕਰਦਿਆਂ ਅਤੇ ਹਾੜੀ ਦੀਆਂ 6 ਅਹਿਮ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ‘ਚ 9 ਫੀਸਦੀ ਤੱਕ ਦਾ ਭਾਰੀ ਵਾਧਾ ਕਰਦਿਆਂ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਅਤੇ ਕਿਸਾਨਾਂ ਨੂੰ ਦੋਹਰੀ ਸੌਗਾਤ ਦਿਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਕਣਕ ’ਤੇ 110 ਰੁਪਏ ਪ੍ਰਤੀ ਕੁਇੰਟਲ, ਜੌਂ ’ਤੇ 100 ਰੁਪਏ, ਛੋਲਿਆਂ ’ਤੇ 105 ਰੁਪਏ, ਮਸਰ ’ਤੇ 500, ਸਰ੍ਹੋਂ ਲਈ 400 ਅਤੇ ਸੂਰਜਮੁਖੀ ਲਈ 209 ਰੁਪਏ ਪ੍ਰਤੀ ਕੁਇੰਟਲ ਦਾ ਭਾਰੀ ਵਾਧਾ ਸ਼ਾਮਿਲ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਖੇਤਰ ’ਚ ਇਕ ਨਵੀਂ ਯੋਜਨਾ ‘ਇਕ ਰਾਸ਼ਟਰ ਇਕ ਖਾਦ’ ਦੀ ਵੀ ਸ਼ੁਰੂਆਤ ਕੀਤੀ ਜਿਸ ਤਹਿਤ ਕੰਪਨੀਆਂ ਨੂੰ ਸਬਸਿਡੀ ਵਾਲੀਆਂ ਸਾਰੀਆਂ ਖਾਦਾਂ ਇਕ ਸਿੰਗਲ ਬਰਾਂਡ ‘ਭਾਰਤ’ ਦੇ ਨਾਂਅ ‘ਤੇ ਦੇਣੀਆਂ ਲਾਜ਼ਮੀ ਹੋਣਗੀਆਂ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 600 ਹੋਰ ਸਮਰਿੱਧੀ ਕੇਂਦਰ ਖੋਲ੍ਹਦਿਆਂ ਕਿਸਾਨਾਂ ਨੂੰ ਬੀਜਾਂ, ਮਿੱਟੀ ਦੀਆਂ ਪਰਖ ਕਰਨ ਦੀਆਂ ਸੁਵਿਧਾਵਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਅਹਿਮ ਫ਼ੈਸਲੇ ’ਤੇ ਅਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਭਵਿੱਖ ਸਨਅਤੀਕਰਨ ਨਾਲ ਬੱਝਾ ਹੋਇਆ ਹੈ, ਪਰ ਨਰਿੰਦਰ ਮੋਦੀ ਦੀ ਸਰਕਾਰ ਖੇਤੀ ਖੇਤਰ ਦੇ ਵਿਕਾਸ ਪ੍ਰਤੀ ਪ੍ਰਤੀਬੱਧ ਹੈ ਅਤੇ ਖੇਤੀ ਸੰਬੰਧੀ ਨੀਤੀਆਂ ਵਿਚ ਕਿਸਾਨੀ ਨਜ਼ਰੀਏ ਨਾਲ ਵੱਡੀਆਂ ਤਬਦੀਲੀਆਂ ਲਿਆਉਣ ਦੀ ਲੋੜ ਪ੍ਰਤੀ ਸੁਚੇਤ ਹੈ। ਭਾਰਤ ਵਿਚ ਖੇਤੀ ਖੇਤਰ ਲੰਮੇ ਸਮੇਂ ਤੋਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਬਣਿਆ ਆ ਰਿਹਾ ਹੈ। ਜਿਸ ਨੇ ਅੱਗੇ ਵੀ ਨਿਰੰਤਰ ਜਾਰੀ ਰਹਿਣਾ ਹੈ।

