ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ
ਸੱਖਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨ ਜੱਥਿਆਂ ਨੇ ਚਲਾਇਆ ਗੁਰਬਾਣੀ ਪ੍ਰਵਾਹ
ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਜੋੜਿਆ
ਪਟਿਆਲਾ 26 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਨੌਵੇਂ ਪਾਤਸ਼ਾਹ ਦੇ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਦੇਰ ਰਾਤ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਮਤਿ ਸਮਾਗਮ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਨੇ ਸੰਗਤਾਂ ਨੂੰ ਕਥਾ ਰਾਹੀਂ ਬਾਬਾ ਬੁੱਢਾ ਜੀ ਦੇ ਜੀਵਨ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਜਥਿਆਂ ਵਿਚ ਭਾਈ ਰਵਿੰਦਰ ਸਿੰਘ ਜੀ, ਭਾਈ ਲਖਵਿੰਦਰ ਸਿੰਘ, ਭਾਈ ਅਮਨਦੀਪ ਸਿੰਘ ਤੋਂ ਇਲਾਵਾ ਗੁਰੂ ਕੀ ਕਾਂਸੀ ਤੋਂ ਬਾਬਾ ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਕੇ ਨਿਹਾਲ ਕੀਤਾ।

ਇਸ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ, ਜਿਨਾਂ ਨੇ ਖੁਦ ਕਥਾ ਰਾਹੀਂ ਸੰਗਤਾਂ ਨੂੰ ਬਾਬਾ ਬੁੱਢਾ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ ਅਤੇ ਦੱਸਿਆ ਕਿ ਬ੍ਰਹਮ ਗਿਆਨੀ, ਅਨਿਨ ਸੇਵਕ, ਪਰਉਪਕਾਰੀ ਅਤੇ ਵਿਦਵਾਨ ਬਾਬਾ ਬੁੱਢਾ ਜੀ ਨੂੰ ਸਿੱਖ ਇਤਿਹਾਸ ਅੰਦਰ ਇਸ ਕਰਕੇ ਵਿਲੱਖਣ ਸਥਾਨ ਪ੍ਰਾਪਤ ਹੈ ਕਿਉਂਕਿ ਆਪ ਜੀ ਨੂੰ ਛੇ ਗੁਰੂ ਸਾਹਿਬਾਨ ਤੱਕ ਦਾ ਤਿਲਕ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਕਿਨਾਰੇ ਬੈਠਕੇ ਸੰਗਤਾਂ ਨੂੰ ਜਿਥੇ ਗੁਰਬਾਣੀ ਦੇ ਫਲਸਫੇ ਨਾਲ ਜੋੜਿਆ, ਉਥੇ ਹੀ ਬਿਖੜੇ ਸਮਿਆਂ ਵਿਚ ਆਪਣੀ ਦੂਰਦਿ੍ਰਸ਼ਟੀ ਅਤੇ ਤੀਖਣ ਬੁੱਧੀ ਨਾਲ ਸਿੱਖਾਂ ਨੂੰ ਇਕ ਝੰਡੇ ਹੇਠ ਰੱਖਣ ਦਾ ਕਾਰਜ ਕੀਤਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਗੁਰੂ ਪ੍ਰਤੀ ਆਸਥਾ ਅਤੇ ਸਮਰਪਿਤ ਦੀ ਭਾਵਨਾ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਮਿਲਦੀ ਹੈ, ਜਿਨਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਕੇ ਪ੍ਰਮਾਤਮਾ ’ਚ ਭੇਦ ਹੋਣ ਦੀ ਜੀਵਨ ਜਾਂਚ ਮਿਲਦੀ ਹੈ। ਉਨਾਂ ਦੱਸਿਆ ਕਿ ਇਤਿਹਾਸ ਅੰਦਰ ਆਪ ਜੀ ਵੱਲੋਂ ਕੀਤੇ ਕਾਰਜ ਮਹਾਨ ਅਤੇ ਵਿਲੱਖਣ ਹਨ ਆਪ ਜੀ ਦੇ ਜੀਵਨ ਮਾਰਗ ਤੋਂ ਸੇਧ ਲੈ ਕੇ ਜੀਵਨ ਮਿਸ਼ਨ ਤੋਂ ਉਪਰ ਉਠ ਕੇ ਸੇਵਾ ਤੇ ਭਗਤੀ ’ਚ ਲੀਨ ਹੋਇਆ ਜਾ ਸਕਦਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾ ਵੱਲੋਂ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਸਮੇਤ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਗੁਰਮਤਿ ਸਮਾਗਮ ਦੌਰਾਨ ਸੰਗਤਾਂ ਲਈ ਦੇਰ ਰਾਤ ਤੱਕ ਗੁਰਬਾਣੀ ਪ੍ਰਵਾਹ ਅਤੇ ਅਤੁੱਟ ਲੰਗਰ ਵਰਤਿਆ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੇ ਅਰਦਾਸ ਨਾਲ ਸਮਾਪਤ ਹੋਇਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਮੀਤ ਮੈਨੇਜਰ ਇੰਦਰਜੀਤ ਸਿੰਘ ਗਿੱਲ, ਹੈਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

