ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟੋਨਿਕਸ ਕਲੱਬ ਵੱਲੋਂ ਸੱਤ ਰੋਜ਼ਾ ਵਰਕਸ਼ਾਪ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਕੰਪਿਊਟੋਨਿਕਸ ਕਲੱਬ ਵਲੋਂ ਗ੍ਰਾਫਿਕਸ ਐਡੀਟਿੰਗ ਟੂਲ-ਕੈਨਵਾ ’ ਵਿਸ਼ੇ ’ਤੇ ਵਿਦਿਆਰਥੀਆਂ ਲਈ ਸੱਤ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦੌਰਾਨ ਮੁੱਖ ਬੁਲਾਰੇ ਵਜੋਂ ਕੰਪਿਊਟਰ ਵਿਭਾਗ ਦੇ ਪ੍ਰੋ. ਗੁਰਪਾਲ ਸਿੰਘ ਸਨ। ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ’ਤੇ ਪੋਸਟਾਂ ਤਿਆਰ ਕਰਨ, ਸਰਟੀਫਿਕੇਟ ਤੇ ਬਰੋਸ਼ਰ ਬਣਾਉਣ ਅਤੇ ਵੀਡੀਓ ਐਡੀਟਿੰਗ ਕਰਨ ਦੀ ਸਿਖਲਾਈ ਦਿੱਤੀ ਗਈ। ਵਿਦਿਆਰਥੀਆਂ ਨੇ ਨਵੀਆਂ ਤਕਨੀਕਾਂ ਸਿੱਖਣ ਲਈ ਉਤਸੁਕਤਾ ਨਾਲ ਵਰਕਸ਼ਾਪ ਵਿੱਚ ਭਾਗ ਲਿਆ ਅਤੇ ਉਨ੍ਹਾਂ ਨੇ ਅਨੇਕਾਂ ਪੋਸਟਾਂ, ਸਰਟੀਫਿਕੇਟ ਅਤੇ ਲੋਗੋ ਤਿਆਰ ਕੀਤੇ। ਸੱਤ ਰੋਜ਼ਾ ਵਰਕਸ਼ਾਪ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ਵਿੱਚ ਬਹੁਤ ਮਦਦਗਾਰ ਰਹੀ।
ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ਵਿਚ ਬਹੁਤ ਸਹਾਈ ਸਿੱਧ ਹੁੰਦੀਆਂ ਹੈ। ਅਜਿਹੇ ਯਤਨ ਅਜੋਕੇ ਸਮੇਂ ਵਿੱਚ ਬਹੁਤ ਢੁਕਵੇਂ ਹਨ ਜਦੋਂ ਸੋਸ਼ਲ ਮੀਡੀਆ ਰੋਜ਼ਾਨਾ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ। ਕੰਪਿਊਟਰ ਵਿਭਾਗ ਦੀ ਮੁਖੀ ਪ੍ਰੋ. ਸੁਖਮੀਨ ਕੌਰ ਨੇ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਵਰਕਸ਼ਾਪ ਬਹੁਤ ਸਫ਼ਲ ਰਹੀ। ਕੰਪਿਊਟੋਨਿਕਸ ਕਲੱਬ ਦੀ ਕਨਵੀਨਰ ਪ੍ਰੋ. ਇੰਦਰਬੀਰ ਕੌਰ ਨੇ ਵਿਦਿਆਰਥੀਆਂ ਨੂੰ ਅਡਵਾਂਸ ਪ੍ਰੈਕਟੀਕਲ ਟਰੇਨਿੰਗ ਲਈ ਹਮੇਸ਼ਾ ਉਤਸੁਕ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਿਭਾਗ ਅਤੇ ਕਲੱਬ ਹਮੇਸ਼ਾ ਨਵੀਨਤਮ ਟੈਕਨਾਲੋਜੀ ਬਾਰੇ ਗਿਆਨ ਦੇਣ ਲਈ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਿਣਗੇ।

