ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਡਾ. ਪਰਮਵੀਰ ਸਿੰਘ ਦੀ ਕਿਤਾਬ

ਗੁਰੂਤੇਗ ਬਹਾਦਰ ਜੀ (ਜੀਵਨ, ਮਹਿਮਾ ਅਤੇ ਚਰਨ ਛੋਹ ਅਸਥਾਨ)

ਦਿਲਜੀਤ ਸਿੰਘ ਬੇਦੀ

(ਮਧੂਸਾਰ ਬਿਊਰੋ)
ਗੁਰੂ ਸਾਹਿਬਾਨ ਦਾ ਜੀਵਨ ਅਤੇ ਬਾਣੀ ਸਿੱਖ ਸੰਗਤ ਨੂੰ ਪ੍ਰਭੂ-ਮੁਖੀ ਜੀਵਨ-ਜਾਚ ਧਾਰਨ ਕਰਨ ਦੇ ਨਾਲ-ਨਾਲ ਸਮਾਜ ਵਿਚ ਸੇਵਾ, ਸੰਜਮ, ਸੱਚਾਈ ਅਤੇ ਸਦਾਚਾਰਿਕ ਜੀਵਨ ਆਦਰਸ਼ਾਂ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ।ਬਾਣੀ ਅਧਿਆਤਮਿਕ ਉਚਤਾ ਪ੍ਰਦਾਨ ਕਰਨ ਦਾ ਕਾਰਜ ਕਰਦੀ ਹੈ ਅਤੇ ਗੁਰੂ ਸਾਹਿਬ ਦੀਆਂ ਜੀਵਨ-ਯਾਤਰਾਵਾਂ ਵਿਚੋਂ ਗੁਰ-ਇਤਿਹਾਸ, ਗੁਰ-ਮਰਯਾਦਾ, ਗੁਰ-ਮਹਿਮਾਂ ਅਤੇ ਸਮਕਾਲੀ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਹਨ। ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਗੁਰਸਿੱਖ ਯਤਨਸ਼ੀਲ ਰਹਿੰਦਾ ਹੈ। ਹੱਥਲੀ ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਅਤੇ ਚਰਨ ਛੋਹ ਅਸਥਾਨਾਂ ਨਾਲ ਸਬੰਧਿਤ ਹੈ ਅਤੇ ਗੁਰੂ ਜੀ ਦੇ 200 ਤੋਂ ਵਧੇਰੇ ਚਰਨ ਛੋਹ ਅਸਥਾਨਾਂ ਦੇ ਨਾਲ-ਨਾਲ ਉਨ੍ਹਾਂ ਦੀ ਮਹਿਮਾ ਅਤੇ ਸਮਕਾਲੀ ਸਿੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ।ਗੁਰੂ ਜੀ ਦੁਆਰਾ ਉਚਾਰੀ ਗਈ ਬਾਣੀ, ਹੁਕਮਨਾਮੇ, ਚਰਨਛੋਹ ਪ੍ਰਾਪਤ ਅਸਥਾਨਾਂ ਦੀ ਖੋਜ ਭਰਪੂਰ ਜਾਣਕਾਰੀ ਹੈ। ਡਾ. ਪਰਮਵੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ, ਹੁਕਨਾਮਿਆਂ, ਵੱਖ-ਵੱਖ ਸਰੋਤਾਂ ਵਿੱਚ ਅੰਕਿਤ ਮਹਿਮਾ, ਸ਼ਰਧਾਵਾਨ ਪ੍ਰੇਮੀਆਂ, ਗੁਰੂ ਜੀ ਦੇ ਚਰਨ-ਛੋਹ ਪ੍ਰਾਪਤ ਗੁਰ ਅਸਥਾਨਾਂ ਤੇ ਨਿੱਜੀ ਤੌਰ ਤੇ ਪਹੁੰਚ ਕੇ ਤਸਵੀਰਾਂ ਅਤੇ ਜੋ ਉਥੋਂ ਦੇ ਵਸਨੀਕਾਂ ਤੋਂ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ, ਉਸਨੂੰ ਇਸ ਪੁਸਤਕ ਵਿੱਚ ਦਰਜ ਕੀਤਾ ਹੈ।

ਗੁਰੂ ਤੇਗ ਬਹਾਦਰ ਜੀ ਉਸ ਸਮੇਂ ਦੇ ਚਸ਼ਮਦੀਦ ਗਵਾਹ ਸਨ। ਜਦੋਂ ਸਿੱਖ ਪੰਥ ਮੀਰੀ-ਪੀਰੀ ਦੇ ਸਬੱਬ ਮੁਗ਼ਲ ਹਕੂਮਤ ਨਾਲ ਸੈਨਿਕ ਸੰਘਰਸ਼ ਦੇ ਤਜ਼ਰਬੇ ਵਿਚੋਂ ਗੁਜ਼ਰ ਰਿਹਾ ਸੀ।ਨੌਵੇਂ ਪਾਤਸ਼ਾਹ ਨੇ 1664 ਈ. ਵਿਚ ਗੁਰਿਆਈ ਉਸ ਵਕਤ ਸੰਭਾਲੀ ਸੀ ਜਦ ਮੀਣੇ, ਧੀਰਮੱਲੀਏ ਤੇ ਰਾਮਰਾਈਏ ਗੁਰੂਆਂ ਦੀਆਂ ਸਰਗਰਮੀਆਂ ਕਾਰਨ ਸਿੱਖ ਪੰਥ ਦੀ ਧਾਰਮਿਕ ਮੌਲਿਕਤਾ ਤੇ ਸਮਾਜਕ ਏਕਤਾ ਦਾਅ ‘ਤੇ ਲੱਗੀ ਹੋਈ ਸੀ। ਸਿੱਖ ਧਰਮ ਦਾ ਪ੍ਰਚਾਰ ਤੇ ਸੰਗਠਨਾਤਮਿਕ ਢਾਂਚਾ ਮਸੰਦ ਸਿਸਟਮ ਵਿਚ ਫੁੱਟ ਦੇ ਕਾਰਨ ਚਰਮਰਾ ਗਿਆ ਸੀ।ਸਿੱਖ ਪੰਥ ਉਪਰ ਸੰਕਟ ਦੇ ਵੀ ਗਹਿਰੇ ਬੱਦਲ ਛਾਏ ਹੋਏ ਸਨ। ਮੁਗ਼ਲ ਬਾਦਸ਼ਾਹ ਔਰਗਜ਼ੇਬ, ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦਾ ਸੀ ਤੇ ਸਿੱਖ ਪੰਥ ਦੀ ਵਾਗਡੋਰ ਮੁਗ਼ਲ ਹਕੂਮਤ ਦੇ ਕਿਸੇ ਵਫ਼ਾਦਾਰ ਸ਼ਖ਼ਸ ਨੂੰ ਦੇਣੀ ਚਾਹੁੰਦਾ ਸੀ। ਗੁਰੂ ਜੀ ਦੇ ਆਪਣੇ ਹੱਥੀਂ ਸਿੱਖ ਸੰਗਤਾਂ ਨੂੰ ਲਿਖੇ ਹੁਕਮਨਾਮੇ ਪੰਜਾਬੀ ਵਿੱਚ ਖੁਸ਼-ਖ਼ਾਤੀ ਦੇ ਅਨੂਪਮ ਨਮੂਨੇ ਹਨ ਜੋ ਉਹਨਾਂ ਨੂੰ ਪੰਜਾਬੀ ਭਾਸ਼ਾ ਵਿਚ ਪੱਤਰ ਲੇਖਨ ਕਲਾ ਦੇ ਮੋਢੀ ਸਾਬਿਤ ਕਰਦੇ ਹਨ। ਵਿਸ਼ਵ-ਸ੍ਰਿਸ਼ਟੀ ਦੇ ਪੱਖੋਂ ਗੁਰੂ ਸਾਹਿਬ ਦਾ ਇਹ ਮਹਾਂਵਾਕ ‘ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ’ ਬੇਖ਼ੌਫ ਜੀਵਨ-ਸ਼ੈਲੀ ਨੂੰ ਪ੍ਰਤਿਪਾਦਤ ਕਰਦਾ ਵਿਸ਼ਵ ਵਿਚ ਅਮਨ-ਸ਼ਾਂਤੀ ਦੇ ਸਹਿਹੋਂਦ ‘ਤੇ ਆਧਾਰਿਤ ਬਹੁ-ਬਿਧਿ ਸਭਿਆਚਾਰਕ ਵਿਵਸਥਾ ਦੀ ਸਥਾਪਤੀ ਲਈ ਸਰਬ ਸਾਂਝੇ ਐਲਾਨਨਾਮੇ ਦੀ ਆਧਾਰ-ਸ਼ਿਲਾ ਬਣਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਦਰਸ਼ਨ, ਸ਼ਹੀਦੀ ਤੇ ਵਿਰਾਸਤ, ਮਨੁੱਖਤਾ ਦਾ ਬੇਸ਼ਕੀਮਤੀ ਸਰਮਾਇਆ ਹੈ, ਜੋ ਬੇਇਨਸਾਫੀ ਤੇ ਜ਼ੁਲਮ ਵਿਰੁੱਧ ਸਚਾਈ ਦੇ ਪਹਿਰੇਦਾਰਾਂ ਵਾਸਤੇ ਉਤਸ਼ਾਹ ਤੇ ਪ੍ਰੇਰਨਾ ਦਾ ਸਰੋਤ ਹੈ। ਸਿੱਖ ਪੰਥ ਦੀ ਅਰਦਾਸ ਦਾ ਇਹ ਜ਼ੁਜ਼, ‘ਤੇਗ ਬਹਾਦਰ ਸਿਮਰੀਐ ਘਰ ਨਿਧਿ ਆਵੈ ਧਾਇ। ਸਭ ਥਾਈਂ ਹੋਇ ਸਹਾਇ॥’ ਭਾਵ ਗੁਰੂ ਸਾਹਿਬ ਦੁਨੀਆ ਦੀਆਂ ਸਾਰੀਆਂ ਬਰਕਤਾਂ ਦੇ ਭੰਡਾਰ ਅਤੇ ਨਿਆਸਰਿਆਂ ਦਾ ਆਸਰਾ ਹਨ, ਸਮੁੱਚਾ ਸਿੱਖ ਪੰਥ ਦੀ ਸਾਂਝੀ/ਸਮੂਹਿਕ ਸਿਮ੍ਰਤੀ ਵਿਚ ਬਹੁਤ ਹੀ ਡੂੰਘਾ ਉਕਰਿਆ ਹੋਇਆ ਹੈ, ਜੋ ਬੇਹੱਦ ਸ਼ਰਧਾ ਤੇ ਪ੍ਰੇਰਣਾ ਦਾ ਸਰੋਤ ਹੈ।

ਲੇਖਕ ਨੇ ਮੁੱਢਲੇ ਸਿੱਖ ਸਰੋਤਾਂ ਦੇ ਆਧਾਰ ਉਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ-ਉਦੇਸ਼, ਪ੍ਰਚਾਰ ਯਾਤਰਾਵਾਂ, ਚਰਨ ਛੋਹ ਗੁਰਧਾਮਾਂ, ਸ਼ਹੀਦੀ ਸਾਕਾ, ਸਿੱਖ-ਸੇਵਕ, ਅਭਿਨੰਦਨ, ਆਦਿ ਨੂੰ ਵਿਚਾਰ-ਚਰਚਾ ਦਾ ਵਿਸ਼ਾ ਬਣਾਇਆ ਹੈ ਤਾਂ ਕਿ ਗੁਰੂ ਜੀ ਦੀ ਸ਼ਖ਼ਸੀਅਤ ਦੇ ਅਣਪਛਾਤੇ ਤੇ ਘੱਟ-ਚਰਚਿਤ ਪੱਖ ਵੀ ਰੌਸ਼ਨ ਹੋ ਜਾਣ। ਏਸੇ ਤਰ੍ਹਾਂ ਗੁਰੂ ਸਾਹਿਬ ਦੀ ਧਾਰਮਿਕ ਰਹਿਬਰ ਵਜੋਂ ਪ੍ਰਤਿਭਾ ਤੇ ਕਾਰਜ-ਕੁਸ਼ਲਤਾ ਅਤੇ ਸਿੱਖ ਪੰਥ ਦੇ ਸੰਗਠਨ ਦੀ ਪੁਨਰ-ਸਥਾਪਨਾ ਵਿਚ ਯੋਗਦਾਨ ਨੂੰ ਵੀ ਬਹਿਸ ਦੇ ਕੇਂਦਰ ਵਿਚ ਲਿਆਉਣ ਦਾ ਜਤਨ ਕੀਤਾ ਹੈ।ਵਿਦਵਾਨ ਲੇਖਕ ਨੇ ਨੌਵੇਂ ਗੁਰੂ ਜੀ ਦੀ ਬਾਣੀ ਵਿਚੋਂ ਹਵਾਲੇ ਉਧਰਿਤ ਕਰਕੇ ਉਕਤ ਦ੍ਰਿਸ਼ਟੀਕੋਣ ਨੂੰ ਦਰੁਸਤ ਕਰਨ ਦਾ ਭਰਪੂਰ ਜਤਨ ਕੀਤਾ ਹੈ। ਲੇਖਕ ਨੇ ਗੁਰੂ ਤੇਗ ਬਹਾਦਰ ਜੀ ਦੇ ਉਦੇਸ਼ ਤੇ ਸੰਚਾਰ-ਜੁਗਤਿ ਨੂੰ ਸਮਝਣ ਲਈ ਉਹਨਾਂ ਦੁਆਰਾ ਸਿੱਖ ਸੰਗਤਾਂ ਨੂੰ ਲਿਖੇ ਹੁਕਮਨਾਮਿਆਂ ਦੀ ਗਵਾਹੀ ਰਾਹੀਂ ਪੁਸ਼ਟ ਕਰਨ ਦਾ ਉਦਮ ਕੀਤਾ ਹੈ ਅਤੇ ਦਰਸਾਇਆ ਹੈ ਕਿ ਇਹ ਹੁਕਮਨਾਮੇ ਕਿਵੇਂ ਗੁਰੂ ਸਾਹਿਬ ਦੀ ਕਾਰਜ-ਸ਼ੈਲੀ ਤੇ ਪਹੁੰਚ-ਵਿਧੀ ਦੀਆਂ ਪਰਤਾਂ ਖੋਲ੍ਹਦੇ ਹਨ। ਵਿਭਿੰਨ ਵਰਗਾਂ, ਧਰਮਾਂ, ਜਾਤਾਂ, ਪੇਸ਼ਿਆਂ, ਪ੍ਰਦੇਸਾਂ ਆਦਿ ਦੇ ਲੋਕ ਸ਼ਾਮਿਲ ਸਨ। ਹੱਥਲੀ ਕਿਤਾਬ ਦੀ ਵਿਸ਼ੇਸ਼ਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸੰਪਰਕ ਵਿਚ ਆਏ ਸਿੱਖ-ਸੇਵਕਾਂ, ਸ਼ਰਧਾਲੂਆਂ ਤੇ ਪ੍ਰਸ਼ੰਸਕਾਂ ਦੀ ਯਾਦ ਤਾਜ਼ਾ ਕਰਾਉਣ ਤੋਂ ਇਲਾਵਾ ਉਹਨਾਂ ਦੀ ਸ਼ਖ਼ਸੀਅਤ ਤੇ ਸੇਵਾਵਾਂ ਦਾ ਉਲੇਖ ਵੀ ਕਰਦੀ ਹੈ। ਗੁਰੂ ਤੇਗ ਬਹਾਦਰ ਦੀਆਂ ਯਾਤਰਾਵਾਂ ਦੇ ਰਸਤਿਆਂ ਤੇ ਚਰਨ ਛੋਹ ਗੁਰਧਾਮਾਂ ਨੂੰ ਇਤਿਹਾਸਿਕ ਕ੍ਰਮ ਵਿਚ ਪ੍ਰਸਤੁਤ ਕਰਨਾ ਬਹੁਤ ਹੀ ਕਠਿਨ ਕਾਰਜ ਹੈ ਕਿਉਂਕਿ ਸਿੱਖ ਸਰੋਤਾਂ ਵਿਚ ਇਸ ਬਾਰੇ ਬਹੁਤ ਭੰਬਲ-ਭੂਸਾ ਹੈ। ਮੌਜੂਦਾ ਪੋਥੀ ਵਿਚ ਲੇਖਕ ਨੇ ਭਾਰਤ ਦੇ ਉੱਤਰ-ਪੂਰਬੀ ਉੱਤਰ ਪ੍ਰਦੇਸ, ਬਿਹਾਰ, ਪੂਰਬੀ-ਬੰਗਾਲ, ਆਸਾਮ ਤੇ ਅਜੋਕੇ ਬੰਗਲਾਦੇਸ਼ ਅਤੇ ਮਾਲਵਾ ਵਿਚ ਗੁਰੂ ਤੇਗ ਬਹਾਦਰ ਜੀ ਦੀ ਦੀ ਚਰਨ ਛੋਹ ਗੁਰਧਾਮਾਂ ਦੀ ਵਿਸਤ੍ਰਿਤ ਤੇ ਨਵੀਨਤਮ ਜਾਣਕਾਰੀ ਜੋ ਉਸ ਨੇ ਮੌਕੇ ਉੱਤੇ ਜਾ ਕੇ ਗ੍ਰਹਿਣ ਕੀਤੀ ਜੁਟਾਈ ਹੈ,।ਇਸ ਵਿਚ ਗੁਰਧਾਮਾਂ ਦੀ ਸਥਾਪਨਾ ਦਾ ਇਤਿਹਾਸ, ਪ੍ਰਬੰਧ, ਜਾਇਦਾਦ, ਸੁਵਿਧਾਵਾਂ, ਆਦਿ ਤੋਂ ਇਲਾਵਾ 1984 ਵਿਚ ਨੁਕਸਾਨੇ ਤੇ ਅਲੋਪ ਹੋ ਜਾਣ ਦੀ ਕਗਾਰ ਤੇ ਖੜ੍ਹੇ ਗੁਰਧਾਮਾਂ ਦੇ ਵੇਰਵੇ ਵੀ ਅੰਕਿਤ ਕੀਤੇ ਹਨ। ਇਹ ਯਤਨ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗਾ।
ਸੰਸਾਰ ਦੇ ਧਰਮਾਂ ਵਿਚੋਂ ਸਿੱਖ ਧਰਮ ਸਭ ਤੋਂ ਬਾਅਦ ਵਿਚ ਪ੍ਰਗਟ ਹੋਇਆ ਹੈ ਪਰ ਇਸ ਨੇ ਬਹੁਤ ਛੇਤੀ ਆਪਣੀ ਪਛਾਣ ਕਾਇਮ ਕਰ ਲਈ ਹੈ। ਸੰਸਾਰ ਦੇ ਪ੍ਰਮੁੱਖ ਧਰਮਾਂ ਵਿੱਚ ਆਪਣਾ ਸਥਾਨ ਕਾਇਮ ਕਰਨ ਵਾਲੇ ਸਿੱਖ ਧਰਮ ਦਾ ਅਰੰਭ ਗੁਰੂ ਨਾਨਕ ਦੇਵ ਜੀ ਤੋਂ ਹੋਇਆ। ਜਿਹੜੇ ਕਿ 1469 ਈਸਵੀ ਵਿਚ ਤਲਵੰਡੀ ਰਾਇ ਭਇ ਵਿਖੇ ਪ੍ਰਗਟ ਹੋਏ ਸਨ। ਮੌਜੂਦਾ ਪਾਕਿਸਤਾਨ ਦਾ ਇਹ ਨਗਰ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ।ਉਨ੍ਹਾਂ ਦੀ ਨੌਵੀ ਜੋਤਿ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵਿਚੋਂ ਸੇਵਾ, ਸਿਮਰਨ, ਸੰਜਮ, ਸਵੈਮਾਨ ਅਤੇ ਸ਼ਹਾਦਤ ਦੇ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਉਤਰ-ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਅਤੇ ਮੌਜੂਦਾ ਬੰਗਲਾਦੇਸ਼ ਵਿਖੇ ਵਿਭਿੰਨ ਭਾਸ਼ਾਈ ਖੇਤਰ ਮੌਜੂਦ ਹਨ। ਪੂਰਬ ਦੀਆਂ ਯਾਤਰਾਵਾਂ ਦਾ ਪ੍ਰਭਾਵ ਗੁਰੂ ਸਾਹਿਬ ਦੀ ਬਾਣੀ ਵਿਚੋਂ ਵੀ ਪ੍ਰਗਟ ਹੁੰਦਾ ਹੈ। ਗੁਰੂ ਸਾਹਿਬਾਨ ਦੇ ਕਾਰਜਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੁਆਰਾ ਦਰਸਾਏ ਗਏ ਮਾਰਗ ਨੂੰ ਧਾਰਨ ਕਰਨ ਵਾਲੀ ਪ੍ਰੇਰਨਾ ਅਤੇ ਅਗਵਾਈ ਪ੍ਰਾਪਤ ਕਰਨ ਲਈ ਪਿਛਲੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ, ਅਤੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਇਹਨਾਂ ਮੌਕਿਆਂ ‘ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਰਵਾਇਤੀ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ, ੳਤਸ਼ਾਹ ਅਤੇ ਚੜ੍ਹਦੀਕਲਾ ਨਾਲ ਆਯੋਜਿਤ ਕੀਤੇ ਹਨ। ਅਕਾਦਮਿਕ ਅਦਾਰਿਆਂ ਵਲੋਂ ਵੀ ਇਹਨਾਂ ਸ਼ਤਾਬਦੀਆਂ ਮੌਕੇ ਆਪਣਾ ਯੋਗਦਾਨ ਪਾਉਂਦੇ ਹੋਏ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਾਣੀ ਸਬੰਧੀ ਵਿਭਿੰਨ ਵਿਸ਼ਿਆਂ ‘ਤੇ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ ਅਤੇ ਖੋਜ-ਕਾਰਜ ਆਦਿ ਹੋਏ ਹਨ। ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਯਾਤਰਾਵਾਂ ਵਿਚੋਂ ਵਿਭਿੰਨ ਇਲਾਕਿਆਂ ਦੀ ਸੰਗਤ ਅਤੇ ਗੁਰੂ ਸਾਹਿਬ ਲਈ ਪਿਆਰ, ਸ਼ਰਧਾ, ਸੇਵਾ, ਨਿਮਰਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਤੋਂ ਬੰਗਲਾਦੇਸ਼ ਤੱਕ ਵਿਭਿੰਨ ਇਲਾਕਿਆਂ ਅਤੇ ਪ੍ਰਦੇਸ਼ਾਂ ਵਿਚ ਮੌਜੂਦ 200 ਤੋਂ ਵਧੇਰੇ ਗੁਰੂਧਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਭਾਵੇਂ ਕੋਈ ਸੌਖਾ ਕਾਰਜ ਨਹੀਂ ਸੀ ਪਰ ਹੱਥਲੀ ਪੁਸਤਕ ਵਿਚ ਵਿਭਿੰਨ ਗੁਰਦੁਅਰਾ ਸਾਹਿਬਾਨ, ਪੰਜਾਬ, ਹਰਿਆਣਾ, ਉਤਰਪ੍ਰਦੇਸ਼, ਬਿਹਾਰ, ਬੰਗਲਾਦੇਸ਼ ਅਤੇ ਦਿੱਲੀ ਤੋਂੋ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਅਸਥਾਨਾਂ ਦੀਆਂ ਰੰਗਦਾਰ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਇਤਿਹਾਸਕ ਗੁਰਧਾਮਾਂ ਅਤੇ ਅਜਾਇਬ ਘਰਾਂ ਤੋਂ ਪ੍ਰਾਪਤ ਹੋਈਆਂ ਹਨ। ਸੰਤ ਜੋਧ ਸਿੰਘ ਰਿਸ਼ੀਕੇਸ ਅਤੇ ਡਾ. ਬਲਵੰਤ ਸਿੰਘ ਢਿਲੋਂ ਨੇ ਵੀ ਕਿਤਾਬ ਬਾਰੇ ਆਪਣੇ ਕੀਮਤੀ ਵਿਚਾਰ ਅੰਕਿਤ ਕੀਤੇ।

Leave a Reply

Your email address will not be published. Required fields are marked *