ਸੰਗੀਤ ਵਿਭਾਗ ਵਲੋਂ ਸੰਗੀਤਕ ਸ਼ਾਮ ਵਿਚ ਹੀਰ ਵਾਰਿਸ ਦੇ ਗਾਇਨ ਦੀਆਂ ਵੱਖ -ਵੱਖ ਵੰਨਗੀਆਂ ਦੀ ਖ਼ੂਬਸੂਰਤ ਅਤੇ ਮਧੁਰ ਪੇਸ਼ਕਾਰੀ ਹੋਈ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਆਯੋਜਿਤ ਕੀਤੇ ਗਏ ਜਸ਼ਨ ਮੌਕੇ ਸੰਗੀਤ ਵਿਭਾਗ ਵਲੋਂ ਸੰਗੀਤਕ ਸ਼ਾਮ ਵਿਚ ਹੀਰ ਵਾਰਿਸ ਦੇ ਗਾਇਨ ਦੀਆਂ ਵੱਖ -ਵੱਖ ਵੰਨਗੀਆਂ ਦੀ ਖ਼ੂਬਸੂਰਤ ਅਤੇ ਮਧੁਰ ਪੇਸ਼ਕਾਰੀ ਹੋਈ। ਸਮਾਗਮ ਦਾ ਸੰਚਾਲਨ ਕਰਦੇ ਹੋਏ ਕੋਆਰਡੀਨੇਟਰ ਡਾ਼ ਨਿਵੇਦਿੱਤਾ ਸਿੰਘ ਨੇ ਦੱਸਿਆ ਕਿ ਪੰਜਾਬੀ ਸਾਹਿਤ ਪਰੰਪਰਾ ਵਿਚ ਹੀਰ ਵਾਰਿਸ ਦਾ ਗਾਇਨ ਅਨਿਬੱਧ ਤੇ ਨਿਬੱਧ ਰੂਪਾਂ ਵਿਚ ਕੀਤਾ ਜਾਂਦਾ ਹੈ। ਆਗ਼ਾਜ਼ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਹੀਰ ਦਾ ਖੁਲ੍ਹੇ ਅੰਦਾਜ਼ ਵਿਚ ਗਾਇਨ ਕਰਨ ਨਾਲ ਹੋਇਆ। ਹੀਰ ਦੀ ਇਹ ਧੁਨ ਹਰ ਪੰਜਾਬੀ ਦੇ ਮਨਾਂ ਵਿਚ ਵੱਸਦੀ ਹੈ ਅਤੇ ਭੈਰਵੀ ਰਾਗ ਦੇ ਸੁਰਾਂ ‘ਤੇ ਅਧਾਰਿਤ ਹੈ। ਨਾਲ ਵੰਝਲੀ ਦੀ ਸੰਗਤੀ ਨੇ ਪੇਸ਼ਕਾਰੀ ਨੂੰ ਆਕਰਸ਼ਕ ਰੂਪ ਪ੍ਰਦਾਨ ਕੀਤਾ। ਇਸ ਉਪਰੰਤ ਵਿਦਿਆਰਥੀਆਂ ਵਲੋਂ ਹੀ ਤੁੰਬੀ, ਢੋਲਕ ਤੇ ਚਿਮਟੇ ਦੀ ਸੰਗਤ ਵਿਚ ਹੀਰ ਦੀ ਨਿਬੱਧ ਰੂਪ ਵਿਚ ਮਨਮੋਹਕ ਪ੍ਰਸਤੁਤੀ ਦਿੱਤੀ ਗਈ।
ਵਿਦਿਆਰਥੀ ਮੰਗਲ ਮੰਗੀ ਨੇ ਅਤਿ ਸੁਰੀਲੇ ਅਤੇ ਕਰੁਣਾਮਈ ਅੰਦਾਜ਼ ਵਿਚ ਹੀਰ ਵਾਰਿਸ ਦਾ ਗਾਇਨ ਤੂੰਬੇ ਦੀ ਸੰਗਤ ਵਿਚ ਕੀਤਾ ਜਿਸਨੇ ਸ੍ਰੋਤਿਆਂ ਨੂੰ ਭਾਵੁਕ ਕਰ ਦਿੱਤਾ। ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਪ੍ਰਸਿੱਧ ਢਾਡੀ ਦੇਸ ਰਾਜ ਛਾਜਲੀ ਤੇ ਸਾਥੀਆਂ ਨੇ ਪਰੰਪਰਾਗਤ ਢੰਗ ਨਾਲ ਹੀਰ ਵਾਰਿਸ ਦਾ ਗਾਇਨ ਕੀਤਾ। ਢਾਡੀ ਅੰਦਾਜ਼ ਵਿਚ ਹੀਰ ਵਾਰਿਸ ਦੇ ਚੋਣਵੇਂ ਬੈਂਤਾਂ ਦੀ ਵਿਆਖਿਆ ਕਰਦੇ ਹੋਏ ਮਲਵਈ ਅੰਦਾਜ਼, ਕਵੀਸ਼ਰੀ ਤੇ ਕਲੀ ਦੇ ਰੂਪ ਵਿਚ ਗਾਇਨ ਪੇਸ਼ ਕੀਤਾ ਜਿਸਨੂੰ ਭਰਵੀਂ ਗਿਣਤੀ ਵਿਚ ਹਾਜ਼ਰ ਸ੍ਰੋਤਿਆਂ ਨੇ ਮੰਤਰ ਮੁਗਧ ਹੋ ਕੇ ਸੁਣਿਆ। ਸਮਾਗਮ ਵਿਚ ਪ੍ਰੋ. ਅਰੁਨ ਗਰੋਵਰ, ਸਾਬਕਾ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਸਿੰਡੀਕੇਟ ਮੈਂਬਰ, ਪੰਜਾਬੀ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਮ. ਐਲ. ਏ ਪਟਿਆਲਾ ਦਿਹਾਤੀ ਡਾ਼ ਬਲਬੀਰ ਸਿੰਘ, ਪ੍ਰੋ. ਨੀਰਾ ਗਰੋਵਰ, ਡਾ਼ ਮੀਰਾ ਮਦਨ, ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਹਾਜ਼ਰ ਰਹੇ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰਧਾਨਗੀ ਕਰਦਿਆਂ ਸਮੁੱਚੇ ਜਸ਼ਨ ਸਮਾਗਮਾਂ ਦੀ ਸਾਰਥਕਤਾ ਅਤੇ ਸਫਲਤਾ ਉੱਤੇ ਚਾਨਣਾ ਪਾਇਆ।

