ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ 2018 ਦੀਆਂ ਤਿਆਰੀਆਂ ਮੁਕੰਮਲ

ਪਟਿਆਲਾ: 17 ਫਰਬਰੀ (ਮਧੂਸਾਰ ਬਿਊਰੋ) ਗਿਆਨ ਪ੍ਰਬੰਧ ਨੂੰ ਪ੍ਰਚੰਡ ਕਰਨ ਤੇ ਸੰਸਾਰ ਵਿਚ ਪੈਦਾ ਹੋ ਰਹੇ ਦੁਰ-ਪ੍ਰਭਾਵਾਂ ਨੂੰ ਦੂਰਕਰਨ ਲਈ ਪੁਸਤਕ ਦੀ ਭੂਮਿਕਾ ਹਰ ਸਮਕਾਲ ਵਿਚ ਹੀ ਕੇਂਦਰੀ ਰਹੀ ਹੈ।

ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਏ ਜਾ ਰਹੇ ‘ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ 2018’ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਹੋਇਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਹੇ। ਉਨ੍ਹਾਂ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਪੈਦਾ ਕਰਨ ਲਈ ਯੂਨੀਵਰਸਿਟੀ ਨੇ ਆਪਣੀਆਂ ਸਮੁੱਚੀਆਂ ਰਚਨਾਵਾਂ ‘ਤੇ ਪੰਜਾਹ ਪ੍ਰਤੀਸ਼ਤ ਛੂਟ ਦਾ ਐਲਾਨ ਵੀ ਕਰ ਦਿੱਤਾ ਹੈ, ਜਿਸ ਦਾ ਪ੍ਰਾਰੰਭ ਇਸ ਪੁਸਤਕ ਮੇਲੇ ਤੋਂ ਹੋਵੇਗਾ। ਉਨ੍ਹਾਂ ਨੇ ਪਬਲੀਕੇਸ਼ਨ ਬਿਊਰੋ ਦੇ ਡਾਇਰੈਕਟਰ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਸਰਬਜਿੰਦਰ ਸਿੰਘ ਨੇ ਬਿਨਾਂ ਕਿਸੇ ਵਿੱਤੀ ਬੋਝ ਦੇ ਜਿਸ ਢੰਗ ਨਾਲ ਐਨੇ ਵੱਡੇ ਮੇਲੇ ਦੇ ਆਯੋਜਨ ਦੀ ਯੋਜਨਾ ਤਿਆਰ ਕੀਤੀ ਹੈ, ਉਸ ਨਾਲ ਪੰਜਾਬੀ ਯੂਨੀਵਰਸਿਟੀ ਦਾ ਸਿਰ ਮਾਣ ਨਾਲ ਉਚਾ ਹੋਵੇਗਾ।
ਪੁਸਤਕ ਮੇਲੇ ਦੇ ਰੂਹੇ-ਰਵਾਂ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਉਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਹਰਿਆਣਾ, ਪੰਜਾਬ ਅਤੇ ਜੰਮੂ ਕਸ਼ਮੀਰ ਦੇ ਪ੍ਰਕਾਸ਼ਨ ਇਸ ਮੇਲੇ ਵਿਚ ਸ਼ਿਰਕਤ ਕਰ ਰਹੇ ਹਨ, ਜਿਨ੍ਹਾਂ ਦੀ ਗਿਣਤੀ ਲਗਭਗ ਇਕ ਸੌ ਪੱਚੀ ਤੋਂ ਉਪਰ ਹੈ। ਭਾਰਤ ਸਰਕਾਰ ਦਾ ਅਦਾਰ ਨੈਸ਼ਨਲ ਬੁੱਕ ਟਰੱਸਟ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਵੱਡੀਆਂ ਸੰਸਥਾਵਾਂ ਮੇਲੇ ਦੀ ਸ਼ੋਭਾ ਵਧਾਉਣਗੀਆਂ।
ਡਾਇਰੈਕਟਰ ਪਬਲੀਕੇਸ਼ਨ ਬਿਊਰੋ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ਡਾ. ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ, ਕੈਨੇਡਾ ਕਰ ਰਹੇ ਹਨ ਅਤੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੀ ਅਗਵਾਈ ਵਿਚ ਸੰਸਾਰ ਪ੍ਰਸਿੱਧ ਦਾਨੀ ਡਾ. ਐਸ.ਪੀ.ਐਸ. ਓਬਰਾਏ ਨੂੰ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਲੱਗਭੱਗ ਪੂਰੇ ਪੰਜਾਬ ਵਿਚੋਂ ਪੰਜਾਹ ਹਜ਼ਾਰ ਲੋਕਾਂ ਦੇ ਇਸ ਮੇਲੇ ਵਿਚ ਸ਼ਿਰਕਤ ਕਰਨ ਦੀ ਸੰਭਾਵਨਾ ਹੈ। ਇਸ ਮੇਲੇ ਵਿਚ ਪੁਸਤਕਾਂ ਬਾਰੇ, ਨਵੇਂ ਗਿਆਨ ਪ੍ਰਬੰਧ ਦੀ ਵਿਧਾ ਬਾਰੇ ਵਿਸ਼ੇਸ਼ ਸੈਮੀਨਾਰ ਅਤੇ ਲੋਕ ਕਲਾਵਾਂ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ। ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ, ਪੰਜਾਬ ਸਰਕਾਰ ਵੱਲੋਂ ਇਸ ਮੇਲੇ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਾਵੇਗੀ।

Leave a Reply

Your email address will not be published. Required fields are marked *