ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਵਲੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ ਵਿਸ਼ੇ ਤੇ ਕਰਵਾਇਆ ਰਾਸ਼ਟਰੀ ਸੈਮੀਨਾਰ

ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸਰਪ੍ਰਸਤੀ ਕਰਦਿਆਂ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਇਤਿਹਾਸ ਨਾਲ ਜੁੜਨ ਦੀ ਪ੍ਰੇਰਨਾ ਦਿਤੀ। ਵਾਈਸ-ਚਾਂਸਲਰ, ਡਾ ਪਰਿਤ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਇਤਿਹਾਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਦੁੱਤੀ ਮਿਸਾਲ ਹੈ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਦੀ ਬਾਣੀ ਸਾਨੂੰ ਨਿਰਭਉ ਅਤੇ ਨਿਰਵੈਰ ਬਣਨ ਦੀ ਪ੍ਰੇਰਨਾ ਦਿੰਦੀ ਹੈ। ਧਰਮ ਅਧਿਐਨ ਵਿਭਾਗ ਵੱਲੋਂ ਉਲੀਕੇ ਗਏ ਸੈਮੀਨਾਰ ਲਈ ਵਿਭਾਗ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਸਿਖ ਅਧਿਐਨ ਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਸਮੇਂ-ਸਮੇਂ ਸਿਰ ਹੁੰਦੇ ਰਹਿਣੇ ਚਾਹੀਦੇ ਹਨ।

ਸੈਮੀਨਾਰ ਦੀ ਸ਼ੁਰੂਆਤ ਡੀਨ ਅਕਾਦਮਿਕ ਮਾਮਲੇ, ਡਾ ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਉਦਘਾਟਨੀ ਸ਼ਬਦਾਂ ਨਾਲ ਹੋਈ। ਇਸ ਮੌਕੇ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਡਾ ਦਲਜੀਤ ਸਿੰਘ, ਚੇਅਰਪਰਸਨ, ਸ੍ਰੀ ਗੁਰੂ ਤੇਗ ਬਹਾਦਰ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਅਤੇ ਸ਼ਹਾਦਤ ਸਬੰਧੀ ਪਰਚਾ ਪੇਸ਼ ਕੀਤਾ। ਗੁਰਮੁਖੀ ਅਤੇ ਫਾਰਸੀ ਸ੍ਰੋਤਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਪਾਏ ਜਾਂਦੇ ਕਈ ਭੁਲੇਖਿਆਂ ਦਾ ਨਿਵਾਰਣ ਕੀਤਾ। ਇਸ ਮੌਕੇ ਵਿਦਵਾਨ ਵਕਤਾ ਵਜੋਂ ਸ਼ਾਮਲ ਹੋਏ ਡਾ ਸਤਿੰਦਰ ਸਿੰਘ ਰੰਧਾਵਾ, ਸਹਾਇਕ ਡਾਇਰੈਕਟਰ, ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸੀਟੀਚਿਊਟ, ਬਹਾਦਰਗੜ੍ਹ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਬੰਧੀ ਪੇਪਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਵਿਚੋਂ ਮਨੁੱਖਤਾ ਦੇ ਉਧਾਰ ਲਈ ਵਡਮੁੱਲੀ ਸੇਧ ਲਈ ਜਾ ਸਕਦੀ ਹੈ। ਸੈਮੀਨਾਰ ਦੀ ਸਮਾਪਤੀ ਵਿਭਾਗ ਮੁਖੀ ਡਾ ਕਿਰਨਦੀਪ ਕੌਰ ਵੱਲੋਂ ਕੀਤੇ ਗਏ ਧੰਨਵਾਦ ਰਾਹੀਂ ਹੋਈ।

Leave a Reply

Your email address will not be published. Required fields are marked *