ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਆਰੰਭੀ ‘ਦਸਤਖਤੀ ਮੁਹਿੰਮ
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਸਰਕਾਰਾਂ ਜਲਦ ਰਿਹਾਅ ਕਰਨ : ਜਥੇ. ਕਰਤਾਪੁਰ
ਬਹਾਦਰਗੜ੍ਹ/ਪਟਿਆਲਾ 11 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੇਲ੍ਹਾਂ ਵਿਚ ਨਜਰਬੰਦੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ‘ਦਸਤਖਤੀ ਮੁਹਿੰਮ’ ਨੂੰ ਹੋਰ ਵੀ ਤੇਜ਼ ਕੀਤਾ ਗਿਆ। ਅਗਲੇ ਪੜ੍ਹਾਅ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ’ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ‘ਦਸਤਖਤੀ ਮੁਹਿੰਮ’ ਦੀ ਸ਼ੁਰੂਆਤ ਸੰਗਤਾਂ ਵੱਲੋਂ ਪ੍ਰੋਫਾਰਮੇ ਭਰ ਕੇ ਕੀਤੀ ਗਈ। ਦਸਤਖਤੀ ਮੁਹਿੰਮ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਕੀਤੀ ਗਈ।
ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਖੁਦ ‘ਦਸਤਖਤੀ ਮੁਹਿੰਮ’ ਦੇ ਪ੍ਰੋਫਾਰਮੇ ਭਰਨ ਦੀ ਸ਼ੁਰੂਆਤ ਕਰਦਿਆਂ ਮੰਗ ਕੀਤੀ ਕਿ ਜੇਲ੍ਹਾਂ ਵਿਚ ਨਜ਼ਰਬੰਦੀ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਸਰਕਾਰਾਂ ਬਿਨਾਂ ਕਿਸੇ ਦੇਰੀ ਤੋਂ ਬੰਦੀ ਸਿੱਖਾਂ ਨੂੰ ਰਿਹਾਅ ਕਰਨ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਆਰੰਭੀ ਦਸਤਖਤੀ ਮੁਹਿੰਮ ਦਾ ਮੰਤਵ ਸੁੱਤੀਆਂ ਸਰਕਾਰਾਂ ਨੂੰ ਜਗਾਉਣਾ ਹੈ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਮੱਥਾ ਟੇਕਣ ਪੁੱਜਦੀ ਸੰਗਤਾਂ ਵੱਧ ਚੜ੍ਹਕੇ ਦਸਤਖਤੀ ਮੁਹਿੰਮ ਹਿੱਸਾ ਬਣਨ ਅਤੇ ਪ੍ਰੋਫਾਰਮੇ ਭਰਕੇ ਮੰਗ ਕਰਨ ਕਿ ਬੰਦੀ ਸਿੱਖ ਰਿਹਾਅ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸੁਰਜੀਤ ਸਿੰਘ, ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਗੁਰਦੀਪ ਸਿੰਘ ਸ਼ੇਖੂਪੁਰਾ, ਕੇਹਰ ਸਿੰਘ , ਕਾਰ ਸੇਵਾ ਵਾਲੇ ਬਾਬਾ ਸੋਹਣ ਸਿੰਘ ਤੋਂ ਇਲਾਵੇ ਇਲਾਕੇ ਭਰ ਦੀ ਸੰਗਤ ਵੱਡੀ ਗਿਣਤੀ ਵਿਚ ਮੌਜੂਦ ਸੀ।

