ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਰਮਪਿਤ ਇੰਦੋਰ ਵਿਖੇ ਬੁੱਢਾ ਦਲ ਵਲੋਂ ਦੋ ਰੋਜ਼ਾ ਗੁਰਮਤਿ ਸਮਾਗਮ ਅੱਜ
ਅਨੰਦਪੁਰ ਸਾਹਿਬ 16 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਜੋ 14 ਮਾਰਚ 2023 ਨੂੰ ਆ ਰਹੀ ਹੈ ਨੂੰ ਸਮਰਪਿਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾਵਹੀਰ ਨਿਹੰਗ ਸਿੰਘਾਂ ਵਲੋਂ ਮੱਧਪ੍ਰਦੇਸ਼ ਅਤੇ ਛਤੀਸਗੜ੍ਹ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ, ਪ੍ਰਤਾਪ ਨਗਰ ਇੰਦੋਰ ਵਿਖੇ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ ਕੱਲ ਤੋਂ ਅਰੰਭ ਹੋਣਗੇ। ਬੁੱਢਾ ਦਲ ਦੇ ਸੱਕਤਰ ਸ. ਦਿਲਜੀਤ ਸਿੰਘ ਬੇਦੀ ਨੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਜਾਰੀ ਇਕ ਪ੍ਰੈਸ ਨੋਟ ਵਿੱਚ ਕਿਹਾ ਕਿ ਗੁ. ਅਮਰਦਾਸ ਜੀ ਪ੍ਰਤਾਪ ਨਗਰ ਇੰਦੋਰ ਵਿਖੇ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਗੁਰਮਤਿ ਕੀਰਤਨ ਦਰਬਾਰ ਅੱਜ ਤੋਂ ਅਰੰਭ ਹੋਵੇਗਾ ਅਤੇ ਉਥੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰੂ ਸਾਹਿਬਾਂ ਦੇ ਪਾਵਨ ਪਵਿੱਤਰ ਪੁਰਾਤਨ ਇਤਿਹਾਸਕ ਸ਼ਸਤ੍ਰਾਂ ਦੇ ਦਰਸ਼ਨ ਕਰਵਾਏ ਜਾਣਗੇ।
ਸ. ਬੇਦੀ ਨੇ ਹੋਰ ਦਸਿਆ ਕਿ ਸ੍ਰ. ਹਰਪਾਲ ਸਿੰਘ ਭਾਟੀਆ ਪ੍ਰਧਾਨ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਕੇਂਦਰੀ ਸਿੰਘ ਸਭਾ ਅਤੇ ਸ੍ਰ. ਗੁਰਿੰਦਰ ਸਿੰਘ ਬਾਵਾ ਮੁੰਬਈ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਦੋ ਰੋਜ਼ਾ ਗੁਰਮਤਿ ਸਮਾਗਮ ਕੱਲ ਤੋ ਅਰੰਭ ਹੋਵੇਗਾ ਅਤੇ ਇਸ ਮੌਕੇ ਕੌਮ ਦੇ ਨਾਮਵਰ ਰਾਗੀ, ਢਾਡੀ, ਪ੍ਰਚਾਰਕ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। ਜਿਨ੍ਹਾਂ ਵਿੱਚ ਸੰਤ ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲੇ ਮੁੱਖ ਪ੍ਰਚਾਰਕ ਬੁੱਢਾ ਦਲ, ਮਾਤਾ ਵਿਪਨਪ੍ਰੀਤ ਕੌਰ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਲੁਧਿਆਣਾ, ਬੀਬੀ ਪਰਮਜੀਤ ਕੌਰ ਪਿੰਕੀ ਸ੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਅੰਮ੍ਰਿਤਸਰ, ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਪ੍ਰਸਿੱਧ ਪੰਥਕ ਢਾਡੀ ਜੱਥਾ, ਭਾਈ ਸੁਖਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਪ੍ਰਤਾਪ ਸਿੰਘ ਹਜ਼ੂਰੀ ਰਾਗੀ ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਭਾਈ ਸੂਰਜ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪ੍ਰਤਾਪ ਨਗਰ ਆਦਿ ਧਾਰਮਿਕ ਸ਼ਖਸ਼ੀਅਤਾਂ ਪੁਜਣਗੀਆਂ ਅਤੇ ਸੰਗਤਾਂ ਨੂੰ ਗੁਰਬਾਣੀ ਵਿਖਿਆਨਾਂ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।

