ਗੁਲਦਾਉਦੀ ਦੀਆਂ 72 ਕਿਸਮਾਂ ਨਾਲ਼ ਖਿੜ ਉੱਠਿਆ ਪੰਜਾਬੀ ਯੂਨੀਵਰਸਿਟੀ ਦਾ ਵਿਹੜਾ
1700 ਦੇ ਕਰੀਬ ਗਮਲੇ ਬਣੇ 13ਵੀਂ ਗੁਲਦਾਉਦੀ ਨੁਮਾਇਸ਼ ਦਾ ਸਿ਼ੰਗਾਰ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਖ਼ੂਬਸੂਰਤ ਕੈਂਪਸ ਇਹਨੀ ਦਿਨੀਂ ਗੁਲਦਾਉਦੀ ਦੇ ਰੰਗ ਬਰੰਗੇ ਫੁੱਲਾਂ ਨਾਲ ਹੋਰ ਖਿੜ ਉਠਦਾ ਹੈ। ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੀ ਦੇਖ-ਰੇਖ ਵਿੱਚ ਇੱਥੇ ਗੁਲਦਾਉਦੀ ਦੀਆਂ ਅਨੇਕ ਵੰਨਗੀਆਂ ਨੂੰ ਉਗਾਇਆ ਅਤੇ ਖਿੜਾਇਆ ਜਾਂਦਾ ਹੈ ਜੋ ਇਸ ਖ਼ੂਬਸੂਰਤੀ ਦਾ ਸਬੱਬ ਬਣਦੀਆਂ ਹਨ। ਬਾਗਬਾਨੀ ਵਿਭਾਗ ਵੱਲੋਂ ਗੁਲਦਾਉਦੀ ਦੀਆਂ ਇਨ੍ਹਾਂ ਵੰਨਗੀਆਂ ਨੂੰ ਪ੍ਰਦਰਸਿ਼ਤ ਕਰਨ ਦੇ ਮਕਸਦ ਨਾਲ਼ 13ਵੀਂ ਗੁਲਦਾਉਦੀ ਨੁਮਾਇਸ਼ ਲਗਾਈ ਗਈ। ਇਸ ਨੁਮਾਇਸ਼ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਕੁਮਾਰ ਤਿਵਾੜੀ, ਰਜਿਸਟਰਾਰ ਡਾ. ਨਵਜੋਤ ਕੌਰ ਅਤੇ ਡਾਇਰੈਕਟਰ ਕਾਂਸਟੀਚੁਐਂਟ ਕਾਲਜਿਜ਼ ਡਾ. ਤ੍ਰਿਸ਼ਨਜੀਤ ਕੌਰ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਨੁਮਾਇਸ਼ ਅਤੇ ਇਸ ਵਿੱਚ ਸ਼ਾਮਿਲ ਗੁਲਦਾਉਦੀ ਦੀਆਂ ਵੱਖ-ਵੱਖ ਕਿਸਮਾਂ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਸਾਡੇ ਚੌਗਿਰਦੇ ਨੂੰ ਖ਼ੂਬਸੂਰਤ ਅਤੇ ਰਮਣੀਕ ਬਣਾਉਣ ਵਿੱਚ ਇਨ੍ਹਾਂ ਫੁੱਲਾਂ ਅਤੇ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਇਨ੍ਹਾਂ ਦੇ ਇਸ ਤਰ੍ਹਾਂ ਖਿੜਨ ਨੂੰ ਨੁਮਾਇਸ਼ ਦੇ ਰੂਪ ਵਿੱਚ ਇੱਕ ਜਸ਼ਨ ਵਜੋਂ ਮਨਾਉਣਾ ਇੱਕ ਚੰਗਾ ਕਦਮ ਹੈ। ਇਸ ਨਾਲ਼ ਜਿੱਥੇ ਵਿਦਿਆਰਥੀ, ਕਰਮਚਾਰੀ ਅਤੇ ਹੋਰ ਸਭ ਲੋਕ ਇਨ੍ਹਾਂ ਵੱਖ-ਵੱਖ ਵੰਨਗੀਆਂ ਦੇ ਫੁੱਲਾਂ ਦੀ ਖ਼ੂਬਸੂਰਤੀ ਨੂੰ ਇਕੱਠਿਆਂ ਮਾਣ ਸਕਦੇ ਹਨ ਉੱਥੇ ਹੀ ਅਜਿਹੀ ਨੁਮਾਇਸ਼ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਵੀ ਬਣਦੀ ਹੈ। ਉਪ ਮੰਡਲ ਇੰਜਨੀਅਰ (ਬਾਗਬਾਨੀ) ਰਜਿੰਦਰ ਪ੍ਰਤਾਪ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਨੁਮਾਇਸ਼ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਗਬਾਨੀ ਵਿੰਗ ਵੱਲੋਂ ਗੁਲਦਾਉਦੀ ਦੀਆਂ ਲਗਭਗ 72 ਕਿਸਮਾਂ ਪ੍ਰਦਰਸਿ਼ਤ ਕੀਤੀਆਂ ਗਈਆਂ ਜੋ ਕਿ 1700 ਦੇ ਕਰੀਬ ਗਮਲਿਆਂ ਵਿੱਚ ਰੱਖੀਆਂ ਗਈਆਂ ਹਨ। ਕਾਰਜਕਾਰੀ ਇੰਜਨੀਅਰ ਮਨਜੀਤ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਦਰਸ਼ਨੀ ਨੂੰ ਯੂਨੀਵਰਸਿਟੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਟੀਚਿੰਗ ਫ਼ੈਕਲਟੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

