ਕਿਸਾਨੀ ਸੰਘਰਸ਼ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਖੋਜ ਪ੍ਰਾਜੈਕਟ ਸੰਬੰਧੀ ਮੀਟਿੰਗ
2023 ਵਿੱਚ ਮੁਕੰਮਲ ਕੀਤੇ ਜਾਣ ਸੰਬੰਧੀ ਹੋਇਆ ਤੈਅ
ਕਿਸਾਨ ਆਗੂਆਂ ਦੀ ਸ਼ਮੂਲੀਅਤ ਵਾਲ਼ੇ ਸੈਮੀਨਾਰ ਉੁੱਤੇ ਅਧਾਰਿਤ ਇੱਕ ਵੱਖਰੀ ਪੁਸਤਕ ਛਾਪਣ ਦਾ ਵੀ ਫ਼ੈਸਲਾ
ਪਟਿਆਲਾ (ਮਧੂਸਾਰ ਬਿਊਰੋ) ਕਿਸਾਨੀ ਸੰਘਰਸ਼ ਦੇ ਹਵਾਲੇ ਨਾਲ਼ ਪੰਜਾਬੀ ਯੂਨੀਵਰਸਿਟੀ ਵੱਲੋਂ ਉਲੀਕੇ ਗਏ ਕਿਤਾਬ ਰੂਪੀ ਪ੍ਰਾਜੈਕਟ ਦੀ ਰੂਪਾ-ਰੇਖਾ ਅਤੇ ਖਾਕੇ ਬਾਰੇ ਵਿਚਾਰ ਚਰਚਾ ਕਰਨ ਹਿਤ ਯੂਨੀਵਰਸਿਟੀ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਨਾਲ਼ ਸਬੰਧਤ ਵਿਦਵਾਨ ਪ੍ਰੋ. ਪਰਮਿੰਦਰ ਸਿੰਘ ਅਤੇ ਪ੍ਰੋ. ਸੁਖਦੇਵ ਸਿੰਘ ਸੋਹਲ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਅਨੁਪਮਾ, ਡਾ. ਦਲਜੀਤ ਸਿੰਘ, ਡਾ. ਜਸਦੀਪ ਸਿੰਘ ਤੂਰ, ਡਾ. ਜਸ਼ਨਦੀਪ ਸਿੰਘ ਅਤੇ ਡਾ. ਇੰਦਰਪ੍ਰੀਤ ਕੌਰ ਰੰਧਾਵਾ ਸ਼ਾਮਿਲ ਰਹੇ।
ਮੀਟਿੰਗ ਵਿੱਚ ਇਸ ਪ੍ਰਾਜੈਕਟ ਨੂੰ ਬਿਹਤਰੀ ਅਤੇ ਪੂਰਨਤਾ ਸਹਿਤ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਪਹਿਲੂਆਂ ਉੱਤੇ ਭਰਪੂਰ ਵਿਚਾਰ-ਚਰਚਾ ਹੋਈ ਜਿਸ ਵਿੱਚੋਂ ਬਹੁਤ ਸਾਰੀਆਂ ਸੇਧਾਂ ਸਾਹਮਣੇ ਆਈਆਂ।1 ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨ-ਮਜ਼ਦੂਰਾਂ ਨਾਲ਼ ਜੁੜੇ ਹੋਰਨਾਂ ਮਸਲਿਆਂ ਨੂੰ ਲੈ ਕੇ ਪਿਛਲੇ ਸਮੇਂ ਦਿੱਲੀ ਵਿੱਚ ਚੱਲੇ ਸੰਘਰਸ਼ ਨੇ ਪੰਜਾਬ ਨੂੰ ਕੌਮਾਂਤਰੀ ਪੱਧਰ ਉੱਤੇ ਉਭਾਰਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਾਲੇ ਇਸ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਨੂੰ ਪੜਚੋਲਣ, ਸਮਝਣ ਅਤੇ ਇਸ ਵਿੱਚੋਂ ਉੱਘੜਦੇ ਸਿਧਾਂਤਕ ਨੁਕਤਿਆਂ ਦੀ ਨਿਸ਼ਾਨਦੇਹੀ ਕਰਨ ਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਿਤਾਬ ਦੇ ਰੂਪ ਵਿੱਚ ਇਹ ਖੋਜ ਪ੍ਰਾਜੈਕਟ ਉਲੀਕਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਸਿ਼ਆਂ ਅਤੇ ਅਨੁਸ਼ਾਸਨਾਂ ਨਾਲ ਸੰਬੰਧਤ ਵਿਦਵਾਨਾਂ ਅਤੇ ਮਾਹਿਰਾਂ ਨੂੰ ਇਸ ਪ੍ਰਾਜੈਕਟ ਵਿੱਚ ਸ਼ਾਮਿਲ ਕੀਤੇ ਜਾਣ ਦਾ ਮਕਸਦ ਇਹ ਹੈ ਕਿ ਇਸ ਸੰਘਰਸ਼ ਦੀਆਂ ਵਿਸ਼ੇਸ਼ਤਾਵਾਂ ਨੂੰ ਵੱਖ-ਵੱਖ ਕੋਣਾਂ ਤੋਂ ਵੇਖਿਆ ਪਰਖਿਆ ਜਾ ਸਕੇ। ਮੀਟਿੰਗ ਦੌਰਾਨ ਸਭ ਮਾਹਿਰਾਂ ਵੱਲੋਂ ਜਿੱਥੇ ਆਪੋ ਆਪਣੇ ਵਿਸ਼ੇ ਬਾਰੇ ਵਿਚਾਰ ਸਾਂਝੇ ਕੀਤੇ ਗਏ ਉੱਥੇ ਹੀ ਆਪਸ ਵਿੱਚ ਚਰਚਾ ਦੌਰਾਨ ਇੱਕ ਦੂਜੇ ਨੂੰ ਸੁਝਾਅ ਪੇਸ਼ ਕੀਤੇ ਗਏ ਤਾਂ ਕਿ ਹਰੇਕ ਵਿਦਵਾਨ ਹੋਰ ਬਿਹਤਰੀ ਨਾਲ ਕੰਮ ਕਰ ਸਕੇ। ਇਸ ਮੌਕੇ ਇਹ ਤੈਅ ਹੋਇਆ ਕਿ ਇਹ ਪ੍ਰਾਜੈਕਟ 2023 ਦੌਰਾਨ ਹਰ ਹਾਲ ਵਿੱਚ ਮੁਕੰਮਲ ਕਰ ਕੇ ਪ੍ਰਕਾਸਿ਼ਤ ਕਰਵਾਇਆ ਜਾਵੇਗਾ। ਇਸ ਮੌਕੇ ਇੱਕ ਅਹਿਮ ਫ਼ੈਸਲਾ ਇਹ ਵੀ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਇੱਕ ਵੱਡਾ ਸੈਮੀਨਾਰ ਜਿਸ ਵਿੱਚ ਮੋਰਚੇ ਨਾਲ਼ ਜੁੜੇ ਆਗੂਆਂ ਨੇ ਸਿ਼ਰਕਤ ਕੀਤੀ ਸੀ, ਉਸ ਵਿੱਚ ਉਨ੍ਹਾਂ ਆਗੂਆਂ ਅਤੇ ਕਿਸਾਨ-ਮਜ਼ਦੂਰ ਮਸਲਿਆਂ ਦੇ ਮਾਹਿਰਾਂ ਵੱਲੋਂ ਜੋ ਵਿਚਾਰ ਪ੍ਰਗਟਾਏ ਗਏ ਸਨ, ਉਨ੍ਹਾਂ ਸਭ ਵਿਚਾਰਾਂ ਨੂੰ ਇੱਕ ਵੱਖਰੀ ਪੁਸਤਕ ਦੇ ਰੂਪ ਵਿੱਚ ਪ੍ਰਕਾਸਿ਼ਤ ਕਰਵਾਇਆ ਜਾਵੇਗਾ। ਪ੍ਰੋ. ਅਰਵਿੰਦ ਨੇ ਆਦੇਸ਼ ਦਿੱਤੇ ਕਿ ਭਾਸ਼ਣ ਅਧਾਰਿਤ ਇਸ ਪੁਸਤਕ ਨੂੰ ਜਲਦੀ ਪ੍ਰਕਾਸਿ਼ਤ ਕਰਵਾਇਆ ਜਾਵੇ। ਜਿ਼ਕਰਯੋਗ ਹੈ ਕਿ ਅਕਤੂਬਰ 2021 ਦੌਰਾਨ ਕਰਵਾਏ ਇਸ ਸੈਮੀਨਾਰ ਵਿੱਚ ਕਿਸਾਨ ਮਜ਼ਦੂਰ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਲਛਮਣ ਸਿੰਘ ਸੇਵੇਵਾਲਾ, ਕੰਵਲਪ੍ਰੀਤ ਪੰਨੂ ਆਦਿ ਤੋਂ ਇਲਾਵਾ ਖੇਤੀਬਾੜੀ ਨਾਲ਼ ਜੁੜੇ ਮਸਲਿਆਂ ਦੇ ਮਾਹਿਰ ਦਵਿੰਦਰ ਸ਼ਰਮਾ ਅਤੇ ਸੁੱਚਾ ਸਿੰਘ ਗਿੱਲ ਨੇ ਵੀ ਸਿ਼ਰਕਤ ਕੀਤੀ ਸੀ।

