ਪਟਿਆਲਾ

ਤਾਮਿਲਨਾਡੂ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਖਿਡਾਰੀ ਹਰਜਿੰਦਰ ਕੌਰ ਨੇ ਜਿੱਤਿਆ ਸੋਨ ਤਗ਼ਮਾ

123 ਕਿਲੋ ਕਲੀਨ ਜਰਕ ਨਾਲ਼ ਨਵਾਂ ਕੌਮੀ ਰਿਕਾਰਡ ਵੀ ਬਣਾਇਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਤਾਮਿਲਨਾਡੂ ਵਿਖੇ ਚੱਲ ਰਹੀ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸਿ਼ਪ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਖਿਡਾਰੀ ਹਰਜਿੰਦਰ ਕੌਰ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਔਰਤਾਂ ਦੇ 71 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਕੁੱਲ 214 ਕਿਲੋ ਭਾਰ ਚੁੱਕ ਕੇ ਇਹ ਤਗ਼ਮਾ ਆਪਣੇ ਨਾਮ ਕਰਨ ਤੋਂ ਇਲਾਵਾ ਉਸ ਨੇ 123 ਕਿਲੋ ਕਲੀਨ&ਜਰਕ ਨਾਲ਼ ਇੱਕ ਨਵਾਂ ਕੌਮੀ ਰਿਕਾਰਡ ਵੀ ਬਣਾਇਆ ਹੈ। 2022 ਦੀਆਂ ਬਰਮਿੰਘਮ ਕੌਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹਰਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੇ ਟਵਿੱਟਰ ਹੈਂਡਲ ਰਾਹੀਂ ਲਿਖਿਆ ਗਿਆ ਹੈ ਕਿ ‘ਸਾਡੇ ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਅੱਜ ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸਿ਼ਪ ਦੇ 71 ਕਿਲੋ ਵਰਗ ਵਿੱਚ ਕੁੱਲ 214 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਮਗ਼ਾ ਜਿੱਤਿਆ। ਹਰਜਿੰਦਰ ਨੇ 123 ਕਿਲੋ ਕਲੀਨ ਜਰਕ ਭਾਰ ਚੁੱਕ ਕੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਸਾਡੀ ਹੋਣਹਾਰ ਵੇਟਲਿਫ਼ਟਰ ਨੂੰ ਇਸ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ’।

ਪੰਜਾਬੀ ਯੂਨੀਵਰਸਿਟੀ ਤੋਂ ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਆਪਣੀ ਇਸ ਖਿਡਾਰੀ ਉੱਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹਰਜਿੰਦਰ ਕੌਰ ਤੋਂ ਬਹੁਤ ਉਮੀਦਾਂ ਹਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਪਤੀ ਉੱਤੇ ਹਰਜਿੰਦਰ ਕੌਰ, ਉਸਦੇ ਕੋਚ ਅਤੇ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਵੱਲੋਂ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਦੀ ਖੁਸ਼ੀ ਪੰਜਾਬੀ ਯੂਨੀਵਰਸਿਟੀ ਲਈ ਹੋਰ ਵੀ ਵਧੇਰੇ ਹੁੰਦੀ ਹੈ ਕਿਉਂਕਿ ਲੜਕੀਆਂ ਦੀ ਉਚੇਰੀ ਸਿੱਖਿਆ ਅਤੇ ਖੇਡਾਂ ਜਿਹੇ ਖੇਤਰਾਂ ਵਿੱਚ ਤਰੱਕੀ ਲਈ ਯੂਨੀਵਰਸਿਟੀ ਵਿਸ਼ੇੇਸ਼ ਤੌਰ ਉੱਤੇ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਲੜਕੀਆਂ ਲਈ ਵੀ ਪ੍ਰੇਰਣਦਾਇਕ ਸਿੱਧ ਹੋਵੇਗੀ ਜਿਸ ਨਾਲ਼ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਇਨ੍ਹਾਂ ਮੰਤਵਾਂ ਦੀ ਪੂਰਤੀ ਵਿੱਚ ਮਦਦ ਮਿਲੇਗੀ। ਨਾਭਾ ਨੇੜਲੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਦੇ ਭਰਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਹਰਜਿੰਦਰ ਕੌਰ ਆਪਣੀ ਮਿਹਨਤ ਸਦਕਾ ਬੁਲੰਦੀਆਂ ਨੂੰ ਛੋਹ ਰਹੀ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਕੌਰ ਦੀਆਂ ਇਹ ਪ੍ਰਾਪਤੀਆਂ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਮਦਦ ਵਿੱਚ ਵੀ ਸਹਾਈ ਹੋ ਰਹੀਆਂ ਹਨ।
ਜਿ਼ਕਰਯੋਗ ਹੈ ਕਿ ਬਰਮਿੰਘਮ ਕੌਮਨਵੈਲਥ ਖੇਡਾਂ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤਣ ਸਮੇਂ ਹਰਜਿੰਦਰ ਕੌਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਸੀ। ਸੰਧਵਾਂ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ ਹਰਜਿੰਦਰ ਕੌਰ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਸੀ।

Leave a Reply

Your email address will not be published. Required fields are marked *