ਰਾਹੁਲ ਗਾਂਧੀ ਨੂੰ ਲਿਬਾਸ ਨਹੀਂ ਬਲਕਿ ਸੋਚ ਬਦਲਣ ਦੀ ਲੋੜ : ਪ੍ਰੋ. ਚੰਦੂਮਾਜਰਾ
ਜੇਕਰ ਸਮੁੱਚੇ ਸੰਸਾਰ ਅਤੇ ਦੇਸ਼ ਵਿਚ ਪਾਣੀ ਦੀ ਵੰਡ ਰਿਪੇਰੀਅਨ ਕਾਨੂੰਨ ਮੁਤਾਬਕ ਹੁੰਦੀ ਹੈ ਤਾਂ ਇਹ ਕਾਨੂੰਨ ਪੰਜਾਬ ’ਤੇ ਨਹੀਂ ਕਿਉ ਨਹੀਂ ਹੁੰਦਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਸ. ਵਾਈ. ਐਲ. ਵਰਗੇ ਮੁੱਦੇ ’ਤੇ ਗੰਭੀਰ ਨਹੀਂ -ਸਰਕਾਰ ਪੰਜਾਬ ਨੂੰ ਬਹਾਰਲਿਆਂ ਨੂੰ ਸੌਂਪਣ ਲੱਗੀ ਹੋਈ ਹੈ
ਪਟਿਆਲਾ, 12 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਲਿਬਾਸਾਂ ਨੂੰ ਲੈ ਕੇ ਚਰਚਾ ਵਿਚ ਰਹਿਣ ’ਤੇ ਪ੍ਰਤੀਕਿਰਿਆ ਕੀਤੀ ਅਤੇ ਕਿਹਾ ਕਿ ਰਾਹੁਲ ਗਾਂਧੀ ਨੂੰ ਲਿਬਾਸ ਨਹੀਂ ਸਗੋਂ ਸੋਚ ਬਦਲਣ ਦੀ ਲੋੜ ਹੈ। ਰਾਹੁਲ ਗਾਂਧੀ ਪਹਿਲਾਂ ਪੰਜਾਬ ਦੇ ਵਿਸ਼ੇਸ਼ ਤੌਰ ’ਤੇ ਸਿੱਖਾਂ ਦੇ ਸਵਾਲਾਂ ਦਾ ਜਵਾਬ ਦੇਣ ਆਖਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਉਨ੍ਹਾਂ ਨੇ ਆਪਣੇ ਰਾਜ ਵਿਚ ਕੋਈ ਸਜ਼ਾ ਦੇਣ ਦੀ ਬਜਾਏ ਉਚੇ ਅਹੁਦੇ ਦੇ ਕੇ ਕਿਉ ਨਿਵਾਜਿਆ। ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਨਾਲ ਹਮਲਾ ਕੀਤਾ ਤੇ ਟੈਂਕ ਚੜ੍ਹਾਏ, ਆਖਰ ਪੰਜਾਬ ਨੂੰ 1966 ਵਿਚ ਪੂਰਾ ਪੰਜਾਬੀ ਇਲਾਕਾ ਕਿਉ ਨਹੀਂ ਦਿੱਤਾ ਗਿਆ, ਇਹੋ ਕਾਂਗਰਸ ਹੈ ਜਿਸਨੇ ਪੰਜਾਬ ਦੇ ਪਾਣੀ ਨੂੰ ਖੋਹਣ ਲਈ ਐਸ. ਵਾਈ. ਐਲ. ਨਹਿਰ ਦਾ ਨਿਰਮਾਣ ਕੀਤਾ, ਜੇਕਰ ਅਕਾਲੀ ਦਲ ਨੇ ਲੰਮਾਂ ਸੰਘਰਸ਼ ਕਰਕੇ ਪੰਜਾਬੀ ਸੂਬਾ ਬਣਾ ਵੀ ਲਿਆ ਸੀ ਤਾਂ ਉਸਨੂੰ ਹੁਣ ਤੱਕ ਰਾਜਧਾਨੀ ਕਿਉ ਨਹੀਂ ਦਿੱਤੀ ਗਈ ਇਹ ਸਮੁੱਚੇ ਸਵਾਲ ਅੱਜ ਵੀ ਕਾਂਗਰਸ ਦੇ ਸਾਹਮਣੇ ਖੜ੍ਹੇ ਹਨ ਅਤੇ ਰਾਹੁਲ ਗਾਂਧੀ ਨੂੰ ਇਨ੍ਹਾਂ ਸਮੁੱਚੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲਿਬਾਸ ਬਦਲ ਕੇ ਨਹੀਂ ਸਗੋਂ ਪੁਰਾਣੀ ਗਲਤੀਆਂ ਲਈ ਮੁਆਫੀ ਮੰਗ ਕੇ ਮੁੜ ਤੋਂ ਅਜਿਹਾ ਨਾ ਕਰਨ ਦਾ ਧਰਵਾਸ ਦੁਆ ਕੇ ਹੀ ਪੰਜਾਬ ਦੀ ਧਰਤੀ ’ਤੇ ਪੈਰ ਰੱਖਦੇ ਤਾਂ ਚੰਗਾ ਹੁੰਦਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਾਣੀਆਂ ਦੀ ਵੰਡ ਦੇ ਮਾਮਲੇ ਵਿਚ ਦੁਨੀਆਂ ਤੇ ਦੇਸ਼ ਵਿਚ ਰਿਪੇਰੀਅਨ ਕਾਨੂੰਨ ਮੁਤਾਬਕ ਫ਼ੈਸਲੇ ਹੁੰਦੇ ਹਨ ਪਰ ਇਹ ਫ਼ੈਸਲਾ ਪੰਜਾਬ ’ਤੇ ਲਾਗੂ ਨਹੀਂ ਹੁੰਦਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਈ. ਐਸ. ਐਲ. ਦੇ ਬਿਆਨ ਨੂੰ ਗੈਰ-ਸੰਜੀਦਗੀ ਵਾਲਾ ਦੱਸਦਿਆਂ ਕਿਹਾ ਕਿ ਭਗਵੰਤ ਮਾਨ ਇਸ ਮਸਲੇ ’ਤੇ ਗੰਭੀਰ ਹੀ ਨਹੀਂ ਹਨ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਸਰਬ ਪਾਰਟੀ ਮੀਟਿੰਗ ਬੁਲਾਉਂਦੇ ਤੇ ਸਮੁੱਚੇ ਪੰਜਾਬ ਨੂੰ ਇਕਜੁੱਟ ਕਰਦੇ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਸ. ਵਾਈ. ਐਲ. ਦਾ ਸਭ ਤੋਂ ਵਧ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ। ਰਾਹੁਲ ਗਾਂਧੀ ਦੇ ਪੁਰਖਿਆਂ ਨੇ ਗੁਆਂਢੀ ਰਾਜਾਂ ਨਾਲ ਫੁੱਟ ਪਾਈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੁਰਖੇ ਹੀ ਸਨ ਜਿਨ੍ਹਾਂ ਆਜਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪ੍ਰਵਾਸੀਆਂ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ। ਸਮੁੱਚੇ ਫ਼ੈਸਲੇ ਦਿੱਲੀ ਵਿਚ ਬੈਠ ਕੇ ਦਿੱਲੀ ਵਾਲਿਆਂ ਵਲੋਂ ਲਏ ਜਾ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ੋ੍ਰਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਫੌਜਇੰਦਰ ਸਿੰਘ ਮੁਖਮੇਲਪੁਰ, ਭੁਪਿੰਦਰ ਸਿੰਘ ਸ਼ੇਖੂਪੁਰ, ਗੁਰਦੀਪ ਸਿੰਘ ਸ਼ੇਖਪੁਰਾ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਐਚ. ਪੀ. ਰਟੌਲ, ਜਸ਼ਨਜੋਤ ਸਿੰਘ ਚੱਢਾ, ਭਾਟ ਸਿੱਖ ਵਿੰਗ ਦੇ ਸੂਬਾ ਪ੍ਰਧਾਨ ਪਲਵਿੰਦਰ ਰਿੰਕੂ, ਹਰਿੰਦਰਜੀਤ ਸਿੰਘ ਲੱਕੀ, ਗੁਰਮੁੱਖ ਸਿੰਘ ਸੁਹਾਗਹੇੜੀ ਆਦਿ ਮੌਜੂਦ ਸਨ।

