ਪਟਿਆਲਾ

ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਟਰੈਫਿਕ ਨਿਯਮਾਂ ਦੀ ਸਹੀ ਜਾਣਕਾਰੀ ਹਾਦਸਿਆਂ ਨੂੰ ਰੋਕਣ ਦਾ ਇਕੋ ਇਕ ਉਪਾਅ : ਪੁਸ਼ਪਾ ਦੇਵੀ

ਪਟਿਆਲਾ, 13 ਜਨਵਰੀ: (ਰਮਨਦੀਪ/ਮਧੂਸਾਰ ਬਿਊਰੋ) ਟਰੈਫ਼ਿਕ ਨਿਯਮਾਂ ਦੀ ਅਗਿਆਨਤਾ ਤੇ ਉਨ੍ਹਾਂ ਦੀ ਪਾਲਣਾ ਨਾ ਕਰਨਾ, ਤੇਜ਼ ਰਫ਼ਤਾਰ ਅਤੇ ਵਾਹਨ ਚਾਲਕਾਂ ਦਾ ਕਾਹਲਾਪਣ ਮੁੱਖ ਤੌਰ ‘ਤੇ ਸੜਕੀ ਹਾਦਸਿਆਂ ਦਾ ਕਾਰਨ ਬਣਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਸਪੈਕਟਰ ਪੁਸ਼ਪਾ ਦੇਵੀ ਨੇ ਦੇਹਰਾਦੂਨ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਟਰੈਫ਼ਿਕ ਪੁਲਿਸ ਤੇ ਟਰਾਂਸਪੋਰਟ ਵਿਭਾਗ ਵੱਲੋਂ ਮਨਾਏ ਜਾ ਰਹੇ ਸੜ੍ਹਕ ਸੁਰੱਖਿਆ ਸਪਤਾਹ ਸਬੰਧੀ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਅਤੇ ਖਾਸ ਤੌਰ ‘ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਕੇ ਸੜਕ ਹਾਦਸਿਆਂ ਦੀ ਦਰ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਤੋਂ ਸਮੇਂ-ਸਮੇਂ ‘ਤੇ ਜਾਣੂ ਕਰਵਾਉਂਦੇ ਰਹਿਣ ਅਤੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਵਾਹਨ ਚਲਾਉਣ ਦੀ ਆਗਿਆ ਬਿਲਕੁਲ ਨਾ ਦੇਣ।

ਇੰਸਪੈਕਟਰ ਪੁਸ਼ਪਾ ਦੇਵੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕਰਨ ਤਾਂ ਜੋ ਅਨਮੋਲ ਮਨੁੱਖੀ ਜਾਨਾਂ ਨੂੰ ਅਜਾਈਂ ਜਾਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਕਾਰ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਜਰੂਰੀ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਹਿਨਣਾ ਜਰੂਰੀ ਹੈ। ਇਸ ਤੋਂ ਇਲਾਵਾ ਟਰੈਫਿਕ ਲਾਈਟਾਂ ‘ਤੇ ਹਰੀ ਬੱਤੀ ਹੋਣ ਤੱਕ ਇੰਤਜਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਵਾਹਨ ਨੂੰ ਗਲਤ ਸਾਈਡ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗੱਡੀਆਂ ਪਾਰਕ ਕਰਨ ਸਮੇਂ ਵੀ ਸਹੀ ਸਥਾਨ ‘ਤੇ ਹੀ ਗੱਡੀਆਂ ਪਾਰਕ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਜਾਣ ਵਾਲੀ ਟਰੈਫਿਕ ਵਿੱਚ ਵਿਘਨ ਨਾ ਪਵੇ।

Leave a Reply

Your email address will not be published. Required fields are marked *