ਪਟਿਆਲਾ

ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ

ਦਸੰਬਰ ਦੀ ਪੈਨਸ਼ਨ ਪੂਰੀ ਨਾ ਪਾਉਣ ਕਾਰਨ ਹੋਇਆ ਪਿੱਟ ਸਿਆਪਾ

ਬਕਾਇਆ ਪੈਨਸ਼ਨ ਤੇ ਰਹਿੰਦੇ ਬਕਾਏ ਤੁਰੰਤ ਦੇਣ ਦੀ ਕੀਤੀ ਮੰਗ

ਸਭ ਦੀਆਂ ਨਜ਼ਰਾਂ, ਮੈਨੇਜਮੈਂਟ ਵਲੋਂ ਦਿੱਤੇ ਭਰੋਸੇ ਤੇ ਟਿੱਕੀਆ

ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ, ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਿਤ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਹਰ ਡਿਪੂ ਦੇ ਬੁਲਾਰੇ ਨੇ ਦਸੰਬਰ ਮਹੀਨੇ ਦੀ 60 ਪ੍ਰਤੀਸ਼ਤ ਪੈਨਸ਼ਨ ਪਾਉਣ ਦੀ ਨਿਖੇਧੀ ਕੀਤੀ ਅਤੇ ਰਹਿੰਦੀ 40 ਪ੍ਰਤੀਸ਼ਤ ਪੈਨਸ਼ਨ ਤੁਰੰਤ ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅਸੀਂ ਤਾਂ ਮੰਗ ਕੀਤੀ ਸੀ ਕਿ ਸਾਡੇ ਰਹਿੰਦੇ ਬਕਾਏ ਜਿਵੇਂ ਕਿ ਪੇ ਕਮਿਸ਼ਨ ਦੇ ਬਕਾਏ, ਪੇ—ਬੈਂਡ ਅਤੇ ਮੈਡੀਕਲ ਬਿੱਲਾਂ ਦੇ ਬਕਾਏ ਵੀ ਤੁਰੰਤ ਦਿੱਤੇ ਜਾਣ ਪਰੰਤੂ ਪੈਨਸ਼ਨ ਵੀ ਪੂਰੀ ਨਹੀਂ ਮਿਲੀ। ਖਚਾਖਰ ਭਰੀ ਰੈਲੀ ਰੂਪੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ, ਕੱਲ੍ਹ ਮੈਨੇਜਮੈਂਟ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦਿਆ ਕਿਹਾ ਕਿ ਮੈਨੇਜਮੈਂਟ ਨੇ ਭਰੋਸਾ ਦਵਾਇਆ ਹੈ ਕਿ ਇਸੇ ਸ਼ੁਕਰਵਾਰ ਤੱਕ ਰਹਿੰਦੀ 40 ਪ੍ਰਤੀਸ਼ਤ ਪੈਨਸ਼ਨ ਪਾ ਦਿੱਤੀ ਜਾਵੇਗੀ ਅਤੇ ਫਰਵਰੀ ਵਿੱਚ ਸਰਕਾਰ ਵਲੋਂ ਪੈਸੇ ਆ ਜਾਣਗੇ। ਜਿਨ੍ਹਾਂ ਨਾਲ ਸਾਡੇ ਸਾਰੇ ਬਕਾਇਆ ਦਾ ਭੁਗਤਾਨ ਹੋ ਜਾਵੇਗਾ ਅਤੇ ਅੱਗੋਂ ਲਈ ਪੈਨਸ਼ਨ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਪਹਿਲਾਂ ਪਾ ਦਿੱਤੀ ਜਾਇਆ ਕਰੇਗੀ। ਸ੍ਰ. ਕੰਗਣਵਾਲ ਨੇ ਕਿਹਾ ਕਿ ਆਪਾਂ ਨੇ ਹੁਣ ਤੋਂ ਜੋ ਵੀ ਪ੍ਰਾਪਤੀਆਂ ਕੀਤੀਆਂ ਹਨ ਉਹ ਸਭ ਏਕੇ ਨਾਲ ਹੀ ਕੀਤੀਆਂ ਹਨ। ਉਨ੍ਹਾਂ ਦੇ ਇਸੇ ਤਰ੍ਹਾਂ ਹੀ ਏਕਾ ਬਣਾਈ ਰੱਖਣ ਤੇ ਜ਼ੋਰ ਦਿੱਤਾ। ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਕਾਰਨ ਅਸੀਂ ਸਖਤ ਕਦਮ ਚੁੱਕਣ ਤੋਂ ਗੁਰੇਜ ਕੀਤਾ ਹੈ ਅਗਰ ਮੈਨੇਜਮੈਂਟ ਆਪਣੇ ਵਾਅਦੇ ਤੇ ਕਾਇਮ ਨਾ ਰਹੀ ਤਾਂ ਅਸੀਂ ਕਿਸੇ ਤਰ੍ਹਾਂ ਦਾ ਵੀ ਸਖਤ ਐਕਸ਼ਨ ਕਰਨ ਤੋਂ ਗੁਰੇਜ ਨਹੀਂ ਕਰਾਂਗੇ।

ਸਕੱਤਰ ਜਨਰਲ ਹਰੀ ਸਿੰਘ ਚਮਕ ਤੇ ਲੁਧਿਆਣਾ ਡਿਪੂ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਕਿਹਾ ਕਿ ਆਪਣੀਆਂ ਅਦਾਇਗੀਆਂ ਦੇ ਨਾਲ ਨਾਲ ਸਾਨੂੰ ਅਦਾਰਾ ਬਚਾਉਣ ਦੀ ਵੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਅਦਾਰੇ ਅੰਦਰ ਪੁਰਾਣੀਆਂ ਹੋ ਰਹੀਆਂ ਬੱਸਾਂ ਦੀ ਥਾਂ ਨਵੀਆਂ ਬੱਸਾਂ ਪਾਈਆਂ ਜਾਣ। ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਮੈਨੇਜਮੈਂਟ ਕੀਤੇ ਵਾਅਦੇ ਤੇ ਪੂਰੀ ਨਾ ਉੱਤਰੀ ਤਾਂ ਅਸੀਂ ਕਿਸੇ ਤਰ੍ਹਾਂ ਦਾ ਵੀ ਸਖਤ ਕਦਮ ਚੁੱਕਣ ਤੋਂ ਗੁਰੇਜ ਨਹੀਂ ਕਰਾਂਗੇ। ਉਨ੍ਹਾਂ ਨੇ ਰਹਿੰਦੀ ਪੈਨਸ਼ਨ ਅਤੇ ਬਕਾਇਆਂ ਦਾ ਤੁਰੰਤ ਭੁਗਤਾਨ ਕਰਨ ਦੀ ਮੰਗ ਕੀਤੀ ਅਤੇ ਆਪਣਾ ਏਕਾ ਬਣਾਈ ਰੱਖਣ ਤੇ ਜੋਰ ਦਿੱਤਾ। ਉਪਰੋਕਤ ਤੋਂ ਇਲਾਵਾ ਰੈਲੀ ਰੂਪੀ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ, ਜਨਰਲ ਸਕੱਤਰ ਕੇਂਦਰੀ ਬਾਡੀ, ਭਜਨ ਸਿੰਘ, ਗੁਰਮੁੱਖ ਸਿੰਘ ਚੰਡੀਗੜ੍ਹ ਡਿਪੂ, ਹਰਦੇਵ ਸਿੰਘ ਲੁਧਿਆਣਾ, ਤਰਸੇਮ ਸਿੰਘ ਸੈਣੀ ਕਪੂਰਥਲਾ, ਜਲੌਰ ਸਿੰਘ, ਕਰਨੈਲ ਸਿੰਘ ਬਰਗਾੜੀ ਫਰੀਦਕੋਟ, ਗੋਪਾਲ ਕ੍ਰਿਸ਼ਨ ਬਠਿੰਡਾ, ਸੁਖਦੇਵ ਸਿੰਘ ਬੁੱਢਲਾਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਬਹਾਦਰ ਸਿੰਘ, ਸੁਰਜੀਤ ਸਿੰਘ ਸੰਗਰੂਰ, ਜੋਗਿੰਦਰ ਸਿੰਘ, ਸ਼ਿਵ ਕੁਮਾਰ ਪਟਿਆਲਾ ਅਤੇ ਸੁਰਿੰਦਰ ਸਿੰਘ ਬਨੂੜੀਆ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਬਲਵੰਤ ਸਿੰਘ ਕੈਸ਼ੀਅਰ, ਜਸਵੰਤ ਸਿੰਘ ਚਹਿਲ, ਬੀਰ ਸਿੰਘ, ਮਹਿੰਦਰ ਸਿੰਘ ਸੋਹੀ, ਸੋਹਣ ਸਿੰਘ, ਹਰਦੀਪ ਸਿੰਘ, ਗੁਰਚਰਨ ਸਿੰਘ, ਰਾਮ ਦਿੱਤਾ, ਨਿਰਪਾਲ ਸਿੰਘ, ਭੁਪਿੰਦਰ ਸਿੰਘ, ਕਰਨੈਲ ਸਿੰਘ ਅਤੇ ਰਾਮ ਸਿੰਘ ਦੂਆ ਨੇ ਵੀ ਭਰਪੂਰ ਯੋਗਦਾਨ ਪਾਇਆ। ਬਚਨ ਸਿੰਘ ਅਰੋੜਾ ਜਨਰਲ ਸਕੱਤਰ ਨੇ ਸਟੇਜ ਦੀ ਡਿਊਟੀ ਬਾ—ਖੂਬੀ ਨਿਭਾਈ।

Leave a Reply

Your email address will not be published. Required fields are marked *