ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦੁਰ ਇੰਜੀ ਕਾਲਜ ਖਿਲਾਫ ਭੰਢੀ ਪ੍ਰਚਾਰ ਤੋਂ ਸੰਗਤਾਂ ਸਾਵਧਾਨ ਰਹਿਣ: ਜਥੇ. ਰਿਆ

ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦੁਰ ਇੰਜੀ ਕਾਲਜ ਫਤਹਿਗੜ੍ਹ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 1993 ਵਿੱਚ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਉਚ ਪੱਧਰੀ ਤਕਨੀਕੀ ਸਿੱਖਿਆ ਮੁਹੱਈਆ ਕਰਾਉਣ ਲਈ ਖੋਲਿਆ ਗਿਆ ਸੀ। ਇਸ ਕਾਲਜ ਵਿਚ 50 ਫੀਸਦੀ ਸੀਟਾਂ ਸਿੱਖ ਵਿਦਿਆਰਥੀਆਂ ਲਈ ਰਾਖਵੀਂਆਂ ਹਨ। ਉਕਤ ਸੰਸਥਾ ਵਿੱਚ ਹੁਣ ਤਕ ਕਰੀਬ 18 ਹਜ਼ਾਰ ਤੋਂ ਵੀ ਵਧੇਰੇ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਉੱਚ ਅਹੁਦਿਆਂ ਤੇ’ਸੇਵਾ ਨਿਭਾ ਰਹੇ ਹਨ।ਇਥੋਂ ਪੜ੍ਹੇ ਹੋਏ ਵਿਦਿਅਰਥੀ ਆਈ ਏ ਐਸ, ਆਈ ਪੀ ਐਸ, ਪੀ ਸੀ ਐਸ, ਪੰਜਾਬ ਰਾਜ ਬਿਜਲੀ ਬੋਰਡ, ਭਾਰਤੀ ਰੇਲਵੇ, ਏਅਰ ਫੋਰਸ, ਸੈਨਾ, ਮਰਚੈਂਟ ਨੇਵੀ, ਟਾਟਾ, ਰਿਲਾਇੰਸ ਅਤੇ ਮਹਿੰਦਰਾ ਵਰਗੀਆਂ ਨਾਮੀ ਕੰਪਨੀਆਂ ਵਿੱਚ ਉੱਚ ਅਹੁਦਿਆਂ ਤੇ’ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਅਤੇ ਕਾਲਜ ਦੇ ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਕੀਤਾ।

ਜਥੇਦਾਰ ਰਿਆ ਨੇ ਕਿਹਾ ਕਿ ਪੀ ਟੀ ਯੂ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਨਿਯਮਾਂ ਅਨੁਸਾਰ ਸਾਰੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਹੁੰਦਾ ਹੈ ਜਿਸ ਅਨੁਸਾਰ ਸਿੱਖ ਕੋਟੇ ਦੀਆਂ ਖਾਲੀ ਬਚੀਆਂ ਸੀਟਾਂ ਨੂੰ ਆਲ ਇੰਡੀਆ ਜਨਰਲ ਕੋਟੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਉਕਤ ਨਿਯਮ ਅਨੁਸਾਰ ਕੋਈ ਵਿਦਿਆਰਥੀ ਆਪਣੀ ਯੋਗਤਾ ਅਤੇ ਮੈਰਿਟ ਦੇ ਅਧਾਰ ਤੇ’ ਖਾਲੀ ਸੀਟਾਂ ਤੇ’ ਦਾਖਲਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਨਜ਼ਦੀਕ ਇਲਾਕਿਆਂ ਦੇ ਵਿਦਿਆਰਥੀ ਰੋਜ਼ਾਨਾ ਆਪਣੇ ਘਰਾਂ ਤੋਂ ਕਾਲਜ ਦੀਆਂ ਬੱਸਾਂ ਅਤੇ ਆਪਣੇ ਸਾਧਨਾਂ ਅਦਿ ਰਾਹੀਂ ਸੰਸਥਾ ਵਿੱਚ ਆਉਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਸਾਲ ਕਾਲਜ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜ਼ੋਨਲ ਯੂਥ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਟਰਾਫੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ ਹੈ।

ਪ੍ਰਿੰਸੀਪਲ ਡਾ ਲਖਵੀਰ ਸਿੰਘ ਨੇ ਕਿਹਾ ਕਿ ਇਸ ਕਾਲਜ ਤੋਂ ਪੜ੍ਹੇ ਹੋਏ ਵਿਦਿਆਰਥੀ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਸਥਿਤ ਨਾਮੀ ਕੰਪਨੀਆਂ ਗੂਗਲ, ਬੋਇੰਗ, ਜਨਰਲ ਮੋਟਰਜ਼, ਐਮਾਜ਼ੌਨ, ਮਾਈਕ੍ਰੋਸੋਫਟ, ਆਈ ਬੀ ਐਮ, ਫੋਰਡ ਆਦਿ ਕੰਪਨੀਆਂ ਵਿੱਚ ਵੀ ਉਚ ਅਹੁਦਿਆਂ ਤੇ ਤਾਇਨਾਤ ਹਨ। ਅੱਗੇ ਉਨ੍ਹਾਂ ਕਿਹਾ ਕਿ ਕਾਲਜ ਟਰੱਸਟ ਵਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫਾ ਸਕੀਮਾਂ ਲੰਬੇ ਸਮੇਂ ਤੋਂ ਲਾਗੂ ਕੀਤੀਆਂ ਗਈਆਂ ਹਨ ਜਿਸ ਤਹਿਤ ਸਿੱਖ ਧਰਮ ਪ੍ਰੀਖਿਆ ਵਿੱਚ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਲਈ ਬੀਬੀ ਭਾਨੀ ਵਜ਼ੀਫਾ ਯੋਜਨਾ, ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਬਾਬਾ ਮੋਤੀ ਰਾਮ ਮਹਿਰਾ ਵਜ਼ੀਫਾ ਯੋਜਨਾ, ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਭਾਈ ਗੁਰਦਾਸ ਜੀ ਵਜ਼ੀਫਾ ਯੋਜਨਾ ਤੋਂ ਇਲਾਵਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਵਜ਼ੀਫਾ ਯੋਜਨਾ, ਦੀਵਾਨ ਟੋਡਰ ਮੱਲ ਵਜ਼ੀਫਾ ਯੋਜਨਾ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਬੱਚਿਆਂ ਲਈ ਵਿਸ਼ੇਸ਼ ਵਜ਼ੀਫਾ ਸਕੀਮਾਂ ਆਦਿ ਉਪਲਬਧ ਹਨ। ਜਥੇਦਾਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਜਾਅਲੀ ਆਈ ਡੀਜ਼ ਬਣਾ ਕੇ ਕਾਲਜ ਦੇ ਅਕਸ ਨੂੰ ਢਾਅ ਲਾਉਣ ਲਈ ਕੁੱਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਝੂਠ ਹਨ।ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਅਤੇ ਤੱਥਾਂ ਨੂੰ ਵਾਚੇ ਬਿਨਾਂ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰਨ।

Leave a Reply

Your email address will not be published. Required fields are marked *