ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਤਿੰਨ ਵਿਭਾਗਾਂ ਨੇ ਵੱਖਰੀ ਤਰ੍ਹਾਂ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਹਾੜਾ

ਇਸ਼ਾਰਿਆਂ ਦੀ ਭਾਸ਼ਾ ਅਤੇ ਬਰੇਲ ਲਿਪੀ ਦੀ ਵਰਤੋਂ ਵਾਲੇ ਲੋਕਾਂ ਦਾ ਅਨੁਭਵ ਜਾਣਿਆ

ਇਸ਼ਾਰਿਆਂ ਦੀ ਭਾਸ਼ਾ ਅਤੇ ਬਰੇਲ ਲਿਪੀ ਲਾਜ਼ਮੀ ਵਿਸ਼ੇ ਵਜੋਂ ਹੋਵੇ ਲਾਗੂ : ਉੱਠੀ ਮੰਗ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਿਸਟੀ ਦੇ ਤਿੰਨ ਵਿਭਾਗਾਂ ਨੇ ਕੌਮਾਂਤਰੀ ਮਾਂ-ਬੋਲੀ ਦਿਹਾੜਾ ਵੱਖਰੀ ਤਰ੍ਹਾਂ ਮਨਾਇਆ। ਇਸ਼ਾਰਿਆਂ ਦੀ ਭਾਸ਼ਾ ਅਤੇ ਬਰੇਲ ਲਿਪੀ ਦੀ ਵਰਤੋਂ ਵਾਲ਼ੇ ਵੱਖ-ਵੱਖ ਜੀਆਂ ਨੇ ਇਸ ਪ੍ਰੋਗਰਾਮ ਵਿੱਚ ਆਪਣਾ ਅਨੁਭਵ ਸਾਂਝਾ ਕਰਦਿਆਂ ਇਨ੍ਹਾਂ ਦੋਹਾਂ ਮਾਧਿਅਮਾਂ ਨੂੰ ਮਾਂ ਬੋਲੀ ਵਾਂਗ ਮਹਿਸੂਸ ਕੇ ਗੱਲਾਂ ਕੀਤੀਆਂ। ਇਨ੍ਹਾਂ ਤਿੰਨ ਵਿਭਾਗਾਂ, ਜਿਨ੍ਹਾਂ ਵਿੱਚ ਕਿ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਸਥਾਪਿਤ ਕੇਂਦਰ ‘ਸੈਂਟਰ ਫ਼ਾਰ ਦਿ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਅਤੇ ਐੱਨ. ਐੱਸ. ਐੱਸ. ਸ਼ਾਮਿਲ ਸਨ। ਡਾ. ਕਿਰਨ, ਜੋ ਕਿ ਸੈਂਟਰ ਫ਼ਾਰ ਦਿ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ ਦੇ ਡਾਇਰੈਕਟਰ ਹਨ, ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਆਪਣੀ ਅੱਖਾਂ ਦੀ ਰੌਸ਼ਨੀ ਤੋਂ ਬਗੈਰ ਯੂਨੀਵਰਸਿਟੀ ਪ੍ਰੋਫ਼ੈਸਰ ਤੱਕ ਦੇ ਅਹੁਦੇ ਦੀ ਪ੍ਰਾਪਤੀ ਦੇ ਸਫ਼ਰ ਬਾਰੇ ਪ੍ਰੇਰਣਾਤਮਕ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਬਰੇਲ ਲਿਪੀ ਅਤੇ ਸੰਕੇਤ ਭਾਸ਼ਾ ਨੂੰ ਕੁੱਝ ਸਾਲਾਂ ਲਈ ਹਰੇਕ ਵਿਦਿਆਰਥੀ ਲਈ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਸਮਾਜ ਵਿੱਚ ਰਹਿ ਰਿਹਾ ਹਰੇਕ ਜੀਅ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਜੀਆਂ ਨਾਲ ਸੰਚਾਰ ਕਰ ਕੇ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣੂ ਹੋ ਸਕੇ।

ਦਿੱਲੀ ਯੂਨੀਵਰਸਿਟੀ ਤੋਂ ਪਹੁੰਚੇ ਅਧਿਆਪਕ ਨਰੇਸ਼ ਕੁਮਾਰ, ਜੋ ਵੇਖਣ ਤੋਂ ਅਸਮਰੱਥ ਹਨ, ਨੇ ਕਿਹਾ ਕਿ ਜਦੋਂ ਪੰਜੇ ਗਿਆਨ ਇੰਦਰੀਆਂ ਵਿੱਚੋਂ ਕੁੱਝ ਗਿਆਨ ਇੰਦਰੀਆਂ ਦੀ ਬਖਸਿ਼ਸ਼ ਕੁਦਰਤ ਵੱਲੋਂ ਨਹੀਂ ਹੁੰਦੀ ਤਾਂ ਬਾਕੀ ਇੰਦਰੀਆਂ ਦੀ ਸੁਵਰਤੋਂ ਨਾਲ਼ ਸਰੀਰ ਵਿੱਚ ਜਿ਼ੰਦਗੀ ਜਿਉਣ ਦੀ ਸਮਰਥਾ ਪੈਦਾ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜਕਲ੍ਹ ਤਕਨਾਲੌਜੀ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਆਸਾਨ ਕਰ ਦਿੱਤਾ ਹੈ ਪਰ ਬਰੇਲ ਲਿਪੀ ਹਾਲੇ ਵੀ ਪ੍ਰਸੰਗਿਕ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਬਜ਼ਾਰ ਵਿਚਲੇ ਹਰੇਕ ਬਰੈਂਡ ਨੂੰ ਆਪਣੇ ਹਰੇਕ ਪ੍ਰੋਡਕਟ ਉੱਤੇ ਬਰੇਲ ਲਿਪੀ ਵਿੱਚ ਵੀ ਲਿਖਣਾ ਚਾਹੀਦਾ ਹੈ ਤਾਂ ਕਿ ਵੇਖਣ ਤੋਂ ਅਸਮਰੱਥ ਲੋਕ ਪ੍ਰੋਡਕਟ ਸੰਬੰਧੀ ਜਾਣਕਾਰੀ ਲਈ ਕਿਸੇ ਉੱਤੇ ਨਿਰਭਰ ਨਾ ਹੋਣ। ਸਰਕਾਰੀ ਕਾਲਜ ਲੜਕੀਆਂ (ਪਟਿਆਲਾ) ਤੋਂ ਪਹੁੰਚੇ ਡਾ. ਸ਼ਾਮ ਸੁੰਦਰ ਨੇ ਕਿਹਾ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਸਮੁੱਚਾ ਗਿਆਨ ਬਰੇਲ ਲਿਪੀ ਵਿੱਚ ਉਪਲਬਧ ਹੋ ਸਕਦਾ ਹੈ। ਪਟਿਆਲਾ ਸਕੂਲ ਫ਼ਾਰ ਡੈੱਫ ਐਂਡ ਬਲਾਈਂਡ ਤੋਂ ਅਧਿਆਪਕਾ ਤ੍ਰਿਸ਼ਾ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਪੁੱਜੇ ਅਜਿਹੀ ਵਿਸ਼ੇਸ਼ ਸਮਰਥਾ ਵਾਲੇ ਲੋਕਾਂ ਨੇ ਸੰਕੇਤ ਭਾਸ਼ਾ ਅਤੇ ਬਰੇਲ ਲਿਪੀ ਦੀ ਵਰਤੋਂ ਦੇ ਹਵਾਲੇ ਨਾਲ਼ ਗੱਲਾਂ ਕੀਤੀਆਂ। ਬੋਲਣ ਤੋਂ ਅਸਰਮਰਥ ਕੁੱਝ ਲੋਕਾਂ ਨੇ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਹੀ ਮੰਚ ਤੋਂ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਨੂੰ ਇੱਥੇ ਮੌਜੂਦ ਤਰਜਮਾਕਾਰ ਰਵਿੰਦਰ ਕੌਰ ਵੱਲੋਂ ਪੰਜਾਬੀ ਵਿੱਚ ਤਰਜਮਾ ਕਰ ਕੇ ਸਮਝਾਇਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸਾਰੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਐੱਨ. ਐੱਸ. ਐੱਸ. ਦਾ ਰਾਸ਼ਟਰੀ ਏਕਤਾ ਕੈਂਪ ਲਗਾਉਣ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਵਲੰਟੀਅਰ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ।

Leave a Reply

Your email address will not be published. Required fields are marked *