ਦਿਲ ਨਾਲ ਖੇਡੀ ਖੇਡ, ਖਿਡਾਰੀ ਨੂੰ ਬੁਲੰਦੀਆਂ ਤੇ ਪਹੁੰਚਾ ਸਕਦੀ ਹੈ:– ਰਾਜੂ ਖੰਨਾ।
ਐਨ ਆਰ ਆਈ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਦਾ ਕੀਤਾ ਉਦਘਾਟਨ।
ਅਮਲੋਹ,25 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੋਈ ਵੀ ਖਿਡਾਰੀ ਜੇ ਕਰ ਕਿਸੇ ਵੀ ਖੇਡ ਨੂੰ ਦਿਲੋਂ ਖੇਡੇ,ਤਾ ਹਰ ਖਿਡਾਰੀ ਬੁਲੰਦੀਆਂ ਸਰ ਕਰ ਸਕਦਾ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਐਨ ਆਰ ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਦੇ ਗਰਾਊਂਡ ਵਿੱਚ ਕਰਵਾਏ ਜਾ ਰਹੇ 12ਵੇ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਦਾ ਉਦਘਾਟਨ ਕਰਨ ਸਮੇਂ ਵੱਡੀ ਗਿਣਤੀ ਵਿੱਚ ਪੁੱਜੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਥੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ। ਉਥੇ ਖਿਡਾਰੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੇ ਲੱਖਾਂ ਦੇ ਇਨਾਮ ਵੀ ਨਕਦ ਰਾਸ਼ੀਆਂ ਦੇ ਰੂਪ ਵਿੱਚ ਦਿੱਤੇ ਗਏ। ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਦੇਖਦੇ ਹੋਏ ਅਜਿਹੇ ਟੂਰਨਾਮੈਂਟ ਸਮੇਂ ਦੀ ਲੋੜ ਹਨ।
ਤਾ ਜੋ ਨਸ਼ਿਆਂ ਦੀ ਦਲਦਲ ਵਿੱਚ ਯੂਥ ਨੌਜਵਾਨਾਂ ਨੂੰ ਕੱਢ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਰਾਜੂ ਖੰਨਾ ਨੇ ਐਨ ਆਰ ਆਈ ਸਪੋਰਟਸ ਕਲੱਬ ਅਮਲੋਹ ਦੇ ਸਮੁੱਚੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਇਹ ਨੈਸ਼ਨਲ ਪੱਧਰ ਦਾ ਟੂਰਨਾਮੈਂਟ ਕਰਵਾਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਰਾਜੂ ਖੰਨਾ ਨੇ ਐਨ ਆਰ ਆਈ ਸਪੋਰਟਸ ਕਲੱਬ ਅਮਲੋਹ ਦੇ ਸਮੁੱਚੇ ਮੈਂਬਰਾਂ ਨੂੰ ਹਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਹਾਕੀ ਟੂਰਨਾਮੈਂਟ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਜਿਥੇ 16 ਟੀਮਾਂ ਭਾਗ ਲੈ ਰਹੀਆਂ ਹਨ ਉਥੇ 8 ਟੀਮਾਂ ਲੜਕੀਆਂ ਦੀਆਂ ਵੀ ਖਿੱਚ ਦਾ ਕੇਂਦਰ ਹਨ। ਜਿਹਨਾਂ ਨੂੰ ਐਨ ਆਰ ਆਈ ਸਪੋਰਟਸ ਕਲੱਬ ਵੱਲੋਂ ਨਕਦ ਇਨਾਮ 55000,35000,25000,ਤੇ15000ਰੁਪਏ ਦੀਆਂ ਰਾਸ਼ੀਆਂ ਤੋਂ ਇਲਾਵਾ ਟ੍ਰਾਫੀਆ ਵੀ ਦਿੱਤੀਆਂ ਜਾਣਗੀਆਂ।ਇਸ ਮੌਕੇ ਤੇ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਰੁਪਿੰਦਰ ਹੈਪੀ ਮੀਤ ਪ੍ਰਧਾਨ,ਡਾ ਅਸ਼ੋਕ ਕੁਮਾਰ ਸੈਕਟਰੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਸ਼ਰਧਾ ਸਿੰਘ ਛੰਨਾ, ਹਰਵਿੰਦਰ ਸਿੰਘ ਬਿੰਦਾ, ਪਵਨ ਕੁਮਾਰ ਖਜਾਨਚੀ,ਅਮਰਜੀਤ ਸਿੰਘ ਲਾਡਪੁਰ, ਪਰਮਿੰਦਰ ਸਿੰਘ ਨੀਟਾ ਸੰਧੂ, ਫ਼ਰਿਆਦ ਅਲੀ ਮਾਜਰੀ, ਜਸਪਾਲ ਸਿੰਘ ਪੈਟਰਨ, ਭਗਵਾਨ ਦਾਸ ਮਾਜਰੀ,ਸਤਿੰਦਰਪਾਲ ਸੱਤੂ,ਵਿਨੋਦ ਮਿੱਤਲ,ਹੈਪੀ ਸੇਢਾ ਬੁਲਾਰਾ,ਸਿੰਦਰਮੋਹਨ ਪੁਰੀ, ਐਂਡ ਯਾਦਵਿੰਦਰਪਾਲ ਸਿੰਘ,ਪ੍ਰਮੋਦ ਅਬਰੋਲ, ਜਤਿੰਦਰ ਦਿਓਲ,ਮਹਿੰਦਰ ਪਜਨੀ, ਪਰਮਜੀਤ ਸੂਦ, ਡਾ ਸੇਵਾ ਰਾਮ, ਬਲਜੀਤ ਸਿੰਘ, ਪਰਮਜੀਤ ਕੁਮਾਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।

