ਕਾਦਰ ਤੇ ਕੁਦਰਤ ਪਿਆਰ ਅਤੇ ਸਾਂਝੀਵਾਲਤਾ ਦੇ ਸੰਦੇਸ਼ ਨਾਲ ਸੰਪੂਰਨ ਹੋਈ ਦੋ-ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ
ਫਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਕਲ੍ਹ ਰੋਜ਼ ਤੋਂ “ਸ੍ਰੀ ਗੁਰੂ ਗ੍ਰੰਥ ਸਾਹਿਬ: ਸਮਕਾਲੀ ਸਰੋਕਾਰ” ਵਿਸ਼ੇ ’ਤੇ ਸ਼ੁਰੂ ਹੋਈ ਦੋ ਰੋਜਾ ਅੰਤਰ-ਰਾਸ਼ਟਰੀ ਕਾਨਫਰੰਸ ਅੱਜ ਸਮਾਪਤ ਹੋਈ। ਕਾਨਫਰੰਸ ਦੇ ਵਿਦਾਇਗੀ ਸਮਾਗਮ ਦੇ ਮੁੱਖ ਮਹਿਮਾਨ ਸੰਤ ਬਾਬਾ ਸੇਵਾ ਸਿੰਘ, ਖਡੂਰ ਸਾਹਿਬ ਨੇ ਗੁਰਬਾਣੀ ਸੰਦੇਸ਼ ਅਨੁਸਾਰ ਕਾਦਰ ਤੇ ਕੁਦਰਤ ਨਾਲ ਪਿਆਰ ਅਤੇ ਸਰਬ–ਸਾਂਝੀਵਾਲਤਾ ਨੂੰ ਅਪਨਾਉਣ ਦੀ ਪ੍ਰੇਰਨਾ ਦਿੱਤੀ। ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਸਲਾਨਾ ਅੰਤਰ-ਰਾਸ਼ਟਰੀ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਸੰਤ ਸੇਵਾ ਸਿੰਘ ਜੀ ਨੇ ਆਖਿਆ ਕਿ ਵਿਸ਼ਵ ਸ਼ਾਂਤੀ ਅਤੇ ਕੁਦਰਤ ਦੇ ਸੰਤੁਲਤ ਨੂੰ ਬਣਾਈ ਰੱਖਣ ਵਿੱਚ ਵਿਸ਼ਵ ਧਰਮ ਗ੍ਰੰਥਾਂ ਦੇ ਸੰਦੇਸ਼ ਦਾ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਮਕਾਲੀ ਸਮੱਸਿਆਵਾਂ ਦੇ ਟਾਕਰੇ ਲਈ ਬਹੁਤ ਅਹਿਮ ਸੇਧ ਦਿੰਦੀ ਹੈ, ਇਸ ਲਈ ਪਰੰਪਰਾਗਤ ਅਧਿਐਨ ਦੇ ਨਾਲ ਨਾਲ ਗੁਰਬਾਣੀ ਸੰਬੰਧੀ ਬਹੁ–ਅਨੁਸ਼ਾਸਨੀ ਖੋਜ–ਕਾਰਜ ਕੀਤੇ ਜਾਣ ਦੀ ਲੋੜ ਹੈ। ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਅੰਦਰੂਨੀ ਅਤੇ ਬਾਹਰਲੇ ਮਾਹਿਰ ਵਿਦਵਾਨਾਂ ਨੇ ਵੱਖ–ਵੱਖ ਸੈਕਸ਼ਨਾਂ ਵਿਚ ਪੇਸ਼ ਹੋਏ ਪਰਚਿਆਂ ਦੇ ਮਿਆਰ ਅਤੇ ਮਿਕਦਾਰ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਬਰਾੜ ਨੇ ਆਖਿਆ ਕਿ ਧਰਮ ਗ੍ਰੰਥ ਦੀ ਬਾਣੀ ਸਦਾ ਅਟੱਲ ਰਹਿੰਦੀ ਹੈ ਪਰ ਇਸ ਦੀ ਵਿਆਖਿਆ ਵਿਗਿਆਨ ਵਾਂਗ ਸਮੇਂ ਦੇ ਨਾਲ–ਨਾਲ ਬਦਲਦੀ ਰਹਿੰਦੀ ਹੈ। ਹਰੇਕ ਸਦੀ ਆਪਣੀਆਂ ਲੋੜਾਂ, ਚੁਣੌਤੀਆਂ ਦੇ ਲਿਹਾਜ ਨਾਲ ਧਰਮ ਗ੍ਰੰਥ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਆਖਿਆ ਕਿ ਇੱਕੀਵੀਂ ਸਦੀ ਵਿੱਚ ਪੰਜਾਬ, ਸਿੱਖ ਪੰਥ ਅਤੇ ਮਨੁੱਖਤਾ ਦੇ ਹਾਲਾਤ ਬਦਲੇ ਹਨ ਅਤੇ ਬਦਲੇ ਹਾਲਾਤ ਵਿੱਚ ਗੁਰਬਾਣੀ ਦੀ ਰੌਸ਼ਨੀ ਤੋਂ ਸੇਧ ਲੈਣੀ ਸਾਡੀ ਮੁੱਢਲੀ ਲੋੜ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਕਸ਼ਮੀਰ ਅਤੇ ਵੱਖ–ਵੱਖ ਮੁਲਕਾਂ ਤੋਂ ਲਗਭਗ ਸਵਾ ਸੌ ਖੋਜਾਰਥੀਆਂ ਅਤੇ ਵਿਦਵਾਨਾਂ ਨੇ ਖੋਜ–ਪਰਚੇ ਪੇਸ਼ ਕੀਤੇ ਹਨ। ਉਨ੍ਹਾਂ ਦੱਸਿਆ ਕਿ ਡੈਲੀਗੇਟਸ ਨੂੰ ਮੁਕੰਮਲ ਪਰਚੇ ਭੇਜਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਜਿਸ ਪਿੱਛੋਂ ਯੋਗ ਪਰਚਿਆਂ ਨੂੰ ਕਾਨਫਰੰਸ ਪ੍ਰੋਸੀਡਿੰਗ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਪ੍ਰੋ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਗੁਰਬਾਣੀ ਦੇ ਅਧਿਐਨ ਦੀ ਸੰਪੂਰਨਤਾ ਇਸ ਦੇ ਸੰਦੇਸ਼ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਹੀ ਹੁੰਦੀ ਹੈ। ਡੀਨ ਅਕਾਦਮਿਕ ਮਾਮਲੇ, ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਕਾਨਫਰੰਸ ਯੂਨੀਵਰਸਿਟੀ ਦੇ ਮੂਲ ਉਦੇਸ਼ ਵੱਲ ਇੱਕ ਅਹਿਮ ਕਦਮ ਹੈ। ਅਜਿਹੀਆਂ ਲੜੀਵਾਰ ਕਾਨਫਰੰਸਾਂ ਵੱਖ–ਵੱਖ ਖੇਤਰਾਂ ਵਿੱਚ ਪਈਆਂ ਸੰਭਾਵਨਾਵਾਂ ਨੂੰ ਸਾਕਾਰ ਹੋਣ ਲਈ ਮੌਕਾ ਪ੍ਰਦਾਨ ਕਰਦੀਆਂ ਹਨ ਜਿਸ ਦਾ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਭਰਪੂਰ ਲਾਹਾ ਲੈਣਾ ਚਾਹੀਦਾ ਹੈ।
ਵਿਦਾਇਗੀ ਭਾਸ਼ਣ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਰਪਾਲ ਸਿੰਘ ਨੇ ਗੁਰਬਾਣੀ ਅਧਿਐਨ ਦੇ ਖੇਤਰ ਵਿੱਚ ਹੁਣ ਤੱਕ ਹੋਏ ਅਧਿਐਨ ਅਤੇ ਖੋਜ ਦਾ ਮੁਲਾਂਕਣ ਪੇਸ਼ ਕਰਦਿਆਂ ਨਵੀਆਂ ਸੰਭਾਵਨਾਵਾਂ ਵੱਲ ਕਈ ਅਹਿਮ ਇਸ਼ਾਰੇ ਕੀਤੇ। ਉਨ੍ਹਾਂ ਆਖਿਆ ਕਿ ਜਦੋਂ ਕੋਈ ਸ਼ਖ਼ਸ ਜਾਤ, ਫਿਰਕਾ, ਦੇਸ, ਰੰਗ ਆਦਿ ਜਾਣੇ ਬਿਨਾਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਤਾਂ ਅਸਲ ਵਿੱਚ ਉਹ ਗੁਰਬਾਣੀ ਦੀ ਸਭ ਤੋਂ ਖੂਬਸੂਰਤ ਵਿਆਖਿਆ ਕਰ ਰਿਹਾ ਹੁੰਦਾ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ‘ਦ ਜਰਨਲ ਆਫ਼ ਸ੍ਰੀ ਗੁਰੁੂ ਗ੍ਰੰਥ ਸਾਹਿਬ ਸਟੱਡੀਜ਼’ ਦਾ ਅੰਕ ਜਾਰੀ ਕੀਤਾ ਗਿਆ। ਕਾਨਫਰੰਸ ਦੀ ਰਿਪੋਰਟ ਪੇਸ਼ ਕਰਦਿਆ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਪ੍ਰਮੁੱਖ ਰੂਪ ਵਿੱਚ ਗੁਰਮਤਿ ਦਰਸ਼ਨ, ਸੰਗੀਤ, ਮਨੋਵਿਗਿਆਨ, ਸਮਾਜਿਕ ਬਰਾਬਰਤਾ, ਮਨੁੱਖੀ ਹੱਕ, ਗੁਰਮੁਖੀ ਲਿੱਪੀ, ਸਾਹਿਤ, ਸਿੱਖ ਇਤਿਹਾਸ, ਵਿਦਿਆ, ਵਣਜ, ਖੇਤੀ, ਜੀਅ–ਜੰਤ, ਕੁਦਰਤ, ਗੁਰਦੁਆਰਾ ਪ੍ਰਬੰਧ, ਗੁਰਬਾਣੀ ਵਿਆਖਿਆ ਦੀਆਂ ਵੱਖ–ਵੱਖ ਪ੍ਰਣਾਲੀਆਂ, ਸੰਪ੍ਰਦਾਵਾਂ ਅਤੇ ਗੁਰਬਾਣੀ ਅਨੁਵਾਦ ਆਦਿ ਵਿਸ਼ਿਆਂ ਨੂੰ ਵਿਚਾਰਿਆ ਗਿਆ ਹੈ। ਡੀਨ ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ ਨੇ ਦੇਸ਼–ਵਿਦੇਸ਼ ਤੋਂ ਕਾਨਫਰੰਸ ਨਾਲ ਜੁੜਨ ਵਾਲੇ ਪਤਵੰਤੇ ਤੇ ਵਿਦਵਾਨ ਮਹਿਮਾਨਾਂ ਅਤੇ ਖੋਜਾਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਾ ਕਾਰਜ ਡਾ. ਕਿਰਨ ਦੀਪ ਕੌਰ, ਮੁਖੀ ਧਰਮ ਅਧਿਐਨ ਵਿਭਾਗ ਨੇ ਨਿਭਾਇਆ। ਅੱਜ ਦੇ ਆਨਲਾਇਨ ਅਕਾਦਮਿਕ ਸੈਸ਼ਨ ਵਿੱਚ ਪ੍ਰੋ. ਸਰਬਜਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਪਰਗਟ ਸਿੰਘ, ਪ੍ਰਧਾਨ, ਸਿੱਖ ਐਜੂਕੇਸ਼ਨ ਕਾਉਂਸਿਲ, ਯੂਕੇ ਮੁੱਖ ਮਹਿਮਾਨ ਅਤੇ ਵਰਲਡ ਯੂਨੀਵਰਸਿਟੀ ਦੇ ਡਾ. ਰੁਬੀਨਾ ਬਾਜਵਾ ਤੇ ਡਾ. ਚਰਨ ਕਮਲ ਸੇਖੋਂ ਵਿਸ਼ਾ ਮਾਹਿਰ ਸਨ। ਆਫਲਾਇਨ ਸੈਸ਼ਨ ਦੌਰਾਨ ਪ੍ਰੋ. ਜਸਵੀਰ ਕੌਰ ਚਹਿਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਮੁੱਖ ਮਹਿਮਾਨ ਰਹੇ ਜਦਕਿ ਵਰਲਡ ਯੂਨੀਵਰਸਿਟੀ ਦੇ ਪ੍ਰੋ. ਪਰਮਜੀਤ ਸਿੰਘ, ਡਾ. ਹਰਨੀਤ ਬਿਲਿੰਗ, ਡਾ. ਨਵਸ਼ਗਨ ਕੌਰ ਵਿਸ਼ਾ ਮਾਹਿਰ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਐਜੂਕੇਸ਼ਨ ਕਾਉਂਸਿਲ, ਯੂਕੇ ਦੀ ਪ੍ਰਤਿਨਿਧ ਪ੍ਰੋ. ਰਜਨੀਸ਼ ਕੌਰ, ਪ੍ਰੋ. ਨਵਦੀਪ ਕੌਰ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਲੋਕ ਸੰਪਰਕ ਅਫਸਰ ਅਤੇ ਮੁਖੀ ਅੰਗ੍ਰਜੀ ਵਿਭਾਗ ਡਾ. ਅੰਕਦੀਪ ਕੌਰ ਅਟਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਇੰਚਾਰਜ ਹਾਜ਼ਰ ਸਨ।

