ਡੇਰਾ ਉਦਾਸੀਨ ਦੇ ਪ੍ਰਬੰਧਕਾਂ ਖਿਲਾਫ਼ ਕਾਲੋਨੀ ਵਾਸੀਆਂ ਨੇ ਕੀਤਾ ਪ੍ਰਦਰਸ਼ਨ
-ਐਸ. ਐਸ. ਪੀ. ਪਟਿਆਲਾ ਨੂੰ ਮਿਲ ਕੇ ਦਿੱਤੀ ਲਿਖਤੀ ਸ਼ਿਕਾਇਤ
ਪਟਿਆਲਾ, 7 ਮਾਰਚ (ਮਧੂਸਾਰ ਬਿਊਰੋ) ਡੇਰਾ ਉਦਾਸੀਨ ਖੇੜੀ ਗੁੱਜਰਾਂ ਦੇ ਪ੍ਰਬੰਧਕਾਂ ਖਿਲਾਫ਼ ਸੰਤ ਇਨਕਲੇਵ ਕਾਲੋਨੀ ਵਿਚ ਨਜਾਇਜ਼ ਉਸਾਰੀਆਂ, ਕਾਲੋਨੀ ਦੇ ਪਾਰਕਾਂ ’ਤੇ ਕਬਜੇ, ਸਕਿਓਰਿਟੀ ਗਾਰਡ ਅਤੇ ਸੁਸਾਇਟੀ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਖਿਲਾਫ਼ ਅੱਜ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਕਾਲੋਨੀ ਦੇ ਪ੍ਰਧਾਨ ਮਦਨ ਖਰਬੰਦਾ, ਸਾਬਕਾ ਪ੍ਰਧਾਨ ਕਰਨਲ ਜੀ. ਐਸ. ਮਾਨ, ਲੈਫ. ਜਨਰਲ ਚੇਤਇੰਦਰ ਸਿੰਘ, ਪੀ. ਐਸ. ਸਿੱਧੂ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਡੇਰੇ ਵਿਚ ਕੋਈ ਵੀ ਡੇਰਾ ਮੁਖੀ ਨਹੀਂ ਹੈ ਪਰ ਰੁਪਿੰਦਰ ਪਾਲ ਸਿੰਘ ਜੋਨੀ ਬਾਬਾ ਨਾਮ ਦਾ ਵਿਅਕਤੀ ਅਤੇ ਉਸਦੇ ਸਾਥੀ ਆਪਣੇ ਆਪ ਨੂੰ ਡੇਰੇ ਦਾ ਮੁਖੀ ਅਤੇ ਮੈਂਬਰ ਦੱਸ ਕੇ ਸਰੇਆਮ ਗੁੰਡਾਗਰਦੀ ਕਰ ਰਹੇ ਹਨ। ਮੌਜੂਦਾ ਸਮੇਂ ਵਿਚ ਸੁਸਾਇਟੀ ਵਿਚ 200 ਤੋਂ ਵਧ ਰਿਹਾਇਸ਼ੀ ਘਰ ਹਨ, ਜਿਨ੍ਹਾਂ ਵਿਚ ਉਚ ਦਰਜੇ ਦੇ ਆਰਮੀ ਅਤੇ ਪੁਲਸ ਅਫ਼ਸਰ, ਸਿਆਸਤਦਾਨ, ਖੇਤੀਬਾੜੀ ਅਤੇ ਨਾਮਵਰ ਕਾਰੋਬਾਰੀ ਘਰਾਣਿਆਂ ਦੇ ਘਰ ਹਨ। ਜੋਨੀ ਬਾਬਾ ਵਲੋਂ ਇਕ ਬੂਟੀਕ ਖੋਲ੍ਹਿਆ ਗਿਆ ਹੈ ਤੇ ਉਸਦਾ ਦਰਵਾਜ਼ਾ ਕਾਲੋਨੀ ਵੱਲ ਕੱਢਿਆ ਹੋਇਆ ਹੈ ਜੋ ਕਿ ਬਿਲਕੁੱਲ ਹੀ ਕਾਨੂੰਨ ਦੇ ਖਿਲਾਫ਼ ਹੈ। ਸੁਸਾਇਟੀ ਦੇ ਬਾਗ ਅਤੇ ਹੋਰ ਇਲਾਕਿਆਂ ਵਿਚ ਇਨ੍ਹਾਂ ਦਾ ਕੋਈ ਵੀ ਹੱਕ ਨਹੀਂ ਹੈ ਕਿਉਕਿ ਜੋਨੀ ਬਾਬਾ ਪੁੱਤਰ ਮਹੰਤ ਸਤ ਪ੍ਰਕਾਸ਼ ਵਲੋਂ ਇਸ ਸੰਤ ਇਨਕਲੇਵ ਦੇ ਤਰੀਬਨ ਸਾਰੇ ਹੀ ਪਲਾਟ ਵੇਚ ਕੇ ਇਸਦੀ ਬਣਦੀ ਰਕਮ ਵਸੂਲ ਕਰ ਲਈ ਗਈ ਹੈ ਪਰ ਮੌਜੂਦਾ ਸਮੇਂ ਵਿਚ ਪੰਜਾਬ ਮੰਡੀ ਬੋਰਡ ਅਤੇ ਪੀ. ਐਸ. ਪੀ. ਐਲ. ਰਾਹੀਂ ਇਸ ਕਾਲੋਨੀ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।
ਪਿਛਲੇ ਦਿਨੀਂ ਜੋਨੀ ਬਾਬਾ ਅਤੇ ਉਸਦੇ ਸਾਥੀਆਂ ਵਲੋਂ ਕਾਲੋਨੀ ਗੇਟ ’ਤੇ ਲਗਾਏ ਗਏ ਖੂਬਸੂਰਤ ਪੌਦਿਆਂ ਨੂੰ ਲਗਾਇਆ ਗਿਆ ਤੇ ਰੋਕਣ ’ਤੇ ਉਨ੍ਹਾਂ ਸਕਿਓਰਿਟੀ ਗਾਰਡ ਮੁਖਤਿਆਰ ਸਿੰਘ, ਸੁਸਾਇਟੀ ਪ੍ਰਧਾਨ ਮਦਨ ਖਰਬੰਦਾ ਤੇ ਹੋਰ ਮੈਂਬਰਾਂ ਨੂੰ ਰਾਹ ਵਿਚ ਰੋਕ ਕੇ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕਿਹਾ ਕਿ ਤੁਸੀਂ ਮੇਰੇ ਕਿਰਾਏਦਾਰ ਹੋ ਨਾ ਕੇ ਮਾਲਕ ਅਤੇ ਆਏ ਦਿਨ ਕਿਸੇ ਨਾ ਕਿਸੇ ਰੂਪ ਵਿਚ ਕਾਲੋਨੀ ਵਾਸੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਕਾਲੋਨੀ ਵਾਸੀਆਂ ਨੇ ਐਸ. ਐਸ. ਪੀ. ਪਟਿਆਲਾ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਉਪਰੋਕਤ ਵਿਅਕਤੀ ਅਤੇ ਉਸਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ, ਜਿਸ ’ਤੇ ਐਸ. ਐਸ. ਪੀ. ਪਟਿਆਲਾ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਪਸਿਆਣਾ ਦੇ ਇੰਚਾਰਜ ਅੰਕੁਰਦੀਪ ਸਿੰਘ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਭੇਜਿਆ। ਉਨ੍ਹਾਂ ਨੇ ਕਾਲੋਨੀ ਵਿਚ ਪਹੁੰਚ ਕੇ ਮੌਜੂਦਾ ਹਾਲਾਤਾਂ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਕਾਲੋਨੀ ਵਾਸੀਆਂ ਦੇ ਬਿਆਨ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਜੋ ਵੀ ਦੋਸ਼ੀ ਹੋਇਆ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜੀ. ਐਸ. ਸਿੱਧੂ, ਪ੍ਰੋ. ਤਰਨਜੀਤ ਸਿੰਘ, ਯਾਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਮੀਤ ਚੋਪੜਾ, ਗਗਨਦੀਪ ਸੰਨੀ, ਹਰਪਾਲ ਸਿੰਘ, ਸ਼੍ਰੀਮਤੀ ਖਰਬੰਦਾ, ਸ਼੍ਰੀਮਤੀ ਗੋਇਲ, ਸ਼੍ਰੀਮਤੀ ਵਰਮਾ, ਸ਼੍ਰੀਮਤੀ ਪਠਾਣੀਆਂ ਅਤੇ ਛਾਬੜਾ, ਸ਼੍ਰੀਮਤੀ ਆਸ਼ਾ, ਵਿਜੈ ਤੁੱਲੀ, ਰਾਜਪਾਲ ਸਿੰਘ, ਬਲਜਿੰਦਰ ਸਿੰਘ ਅਤੇ ਜਗਦੇਵ ਸਿੰਘ ਆਦਿ ਮੈਂਬਰ ਆਦਿ ਹਾਜ਼ਰ ਸਨ।

