ਅੰਮ੍ਰਿਤਸਰਪੰਜਾਬ

ਬੁੱਢਾ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਦੀਆਂ ਤਿਆਰੀਆਂ ਮੁਕੰਮਲ: ਦਿਲਜੀਤ ਸਿੰਘ ਬੇਦੀ

12 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਫਤਿਹ ਮਾਰਚ ਅਰੰਭ ਹੋਵੇਗਾ

ਅੰਮ੍ਰਿਤਸਰ 10 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ 11 ਮਾਰਚ ਤੋਂ 14 ਮਾਰਚ ਤੀਕ ਮਨਾਈ ਜਾਵੇਗੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਸ਼ਹੀਦ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋ ਗਏ ਹਨ ਜਿਨ੍ਹਾਂ ਦੇ ਭੋਗ 12 ਮਾਰਚ ਨੂੰ ਸਵੇਰੇ 9 ਵਜੇ ਪੈਣਗੇ। ਏਸੇ ਤਰ੍ਹਾਂ ਮੁਖ ਸਮਾਗਮ ਲਈ 12 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਅਰੰਭ ਹੋ ਕੇ 14 ਮਾਰਚ ਨੂੰ ਭੋਗ ਪੈਣਗੇ।
ਬੁੱਢਾ ਦਲ ਦੀ ਛਾਉਣੀ ਤੋਂ ਜਾਰੀ ਪ੍ਰੈਸ ਨੋਟ ਵਿਚ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਮੂ੍ਹਹ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ, ਸਿੱਖ ਸੰਸਥਾਵਾਂ, ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ਼ਤਾਬਦੀ ਸਮਾਗਮ ਨੂੰ ਸਫਲ ਬਨਾਉਣ ਲਈ ਤਾਲਮੇਲ ਰੱਖ ਰਹੇ ਹਨ। ਉਨ੍ਹਾਂ ਦਸਿਆ 11 ਮਾਰਚ ਨੂੰ ਛਾਉਣੀ ਬੁੱਢਾ ਦਲ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਾਰਾ ਦਿਨ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ ਹੋਵੇਗਾ ਅਤੇ ਸ਼ਾਮ 7:30 ਤੋਂ 9 ਵਜੇ ਤੀਕ ਰੈਣ ਸਬਾਈ ਕੀਰਤਨ ਹੋਵੇਗਾ ਜਿਸ ਵਿਚ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ, ਭਾਈ ਮਨਜੀਤ ਸਿੰਘ ਪਠਾਨਕੋਟ, ਭਾਈ ਦੇਵਿੰਦਰ ਸਿੰਘ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਗੁਰਦੇਵ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਹਾਜ਼ਰੀ ਭਰਨਗੇ। ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਵੇਗਾ ਜਿਨ੍ਹਾਂ ਦੇ ਭੋਗ 13 ਮਾਰਚ ਨੂੰ ਸਵੇਰੇ 9 ਵਜੇ ਪੈਣਗੇ। 12 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ: ਸ਼ਹੀਦ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਤੋਂ ਸ਼ਹੀਦੀ ਫਤਿਹ ਮਾਰਚ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਨਿਸ਼ਾਨ ਨਗਾਰਿਆਂ ਦੀ ਤਾਬਿਆ ਵਿਚ ਹੋਵੇਗੀ। ਸੰਗਤਾਂ ਨੂੰ ਥਾਂ ਪੁਰ ਥਾਂ ਪੁਰਾਤਨ ਇਤਿਹਾਸਕ ਨਿਸ਼ਾਨ ਨਗਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਸ਼ਹੀਦੀ ਫਤਿਹ ਮਾਰਚ ਵਿਚ ਨਿਹੰਗ ਸਿੰਘ ਫੌਜਾਂ ਅਤੇ ਮੁਖੀ ਸਾਹਿਬਾਨ ਘੋੜਿਆ, ਊਠਾਂ, ਹਾਥੀਆਂ, ਬੱਘੀਆਂ ਤੇ ਸਵਾਰ ਹੋਣਗੇ।

ਉਨ੍ਹਾਂ ਕਿਹਾ ਇਹ ਸ਼ਹੀਦੀ ਫਤਿਹ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋ ਕੇ, ਘੰਟਾ ਘਰ ਚੌਂਕ, ਰਾਮਬਾਗ਼, ਹਾਲਗੇਟ, ਹਾਥੀ ਗੇਟ, ਲਾਹੌਰੀ ਗੇਟ, ਖਜਾਨਾ ਗੇਟ, ਹਕੀਮਾਂ ਗੇਟ, ਭਗਤਾ ਵਾਲਾ ਗੇਟ, ਬਾਬਾ ਜੱਸਾ ਸਿੰਘ ਰਾਮਗੜ੍ਹੀਆ (ਗੇਟ ਚਾਟੀਵਿੰਡ), ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਗੰਜ ਤੋਂ ਘਿਉ ਮੰਡੀ ਚੌਂਕ ਰਾਹੀਂ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਹੋਰ ਦਸਿਆ ਸ਼ਾਮ ਨੂੰ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਗੁ: ਬੁਰਜ ਸਾਹਿਬ ਵਿਖੇ ਰਾਤ 10 ਵੱਜੇ ਤੱਕ ਹੋਣਗੇ। ਜਿਸ ਵਿਚ ਦੇਸ਼ ਪ੍ਰਦੇਸ਼ ਦੀਆਂ ਵੱਖ-ਵੱਖ ਟੀਮਾਂ ਭਾਗ ਲੈਣਗੀਆਂ ਜੰਗਜੂ ਕਲਾ ਦੇ ਜੌਹਰ ਵਖਾਉਣਗੀਆਂ। ਜੇਤੂ ਟੀਮਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ 13 ਮਾਰਚ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਸਾਰਾ ਦਿਨ ਗੁਰਮਤਿ ਸਮਾਗਮ ਹੋਣਗੇ, ਜਿਸ ਵਿਚ ਮਹਾਨ ਰਾਗੀ, ਢਾਡੀ, ਪ੍ਰਚਾਰਕ ਅਤੇ ਸਿੱਖ ਵਿਦਵਾਨ ਹਾਜ਼ਰੀ ਭਰਨਗੇ ਅਤੇ ਸ਼ਾਮ 7 ਵਜੇ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਅਧਾਰਤ ਲਾਈਟ ਐਂਡ ਸਾਉਂਡ ਦਾ ਪ੍ਰੋਗਰਾਮ ਹੋਵੇਗਾ। ਸ. ਬੇਦੀ ਨੇ ਦਸਿਆ ਕਿ 14 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁਖ ਗੁਰਮਤਿ ਸਮਾਗਮ ਅਰੰਭ ਹੋਣਗੇ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਨਿਰਮਲੇ ਉਦਾਸੀ, ਦਮਦਮੀ ਟਕਸਾਲ, ਕਾਰ ਸੇਵਾ ਅਤੇ ਹੋਰ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਸਮੇਂ ਬੁੱਢਾ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਪ੍ਰਕਾਸ਼ਤ ਕਿਤਾਬਾਂ ਰਲੀਜ਼ ਕੀਤੀਆਂ ਜਾਣਗੀਆਂ। ਅੱਜ ਬਾਬਾ ਬਲਬੀਰ ਸਿੰਘ ਮੁਖੀ ਬੁਢਾ ਦਲ ਨੇ ਛਾਉਣੀ ਬੁੱਢਾ ਦਲ ਵਿਖੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

Leave a Reply

Your email address will not be published. Required fields are marked *