ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ 94.3 ਮਾਈ ਐਫ਼. ਐਮ. ਵਿਖੇ ਵਿੱਦਿਅਕ ਦੌਰਾ ਕੀਤਾ
ਅੰਮ੍ਰਿਤਸਰ, 10 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਵਿਦਿਆਰਥੀਆਂ ਲਈੰ 94.3 ਮਾਈ. ਐਫ਼. ਐਮ. ’ਤੇ ਇਕ ਰੋਜ਼ਾ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਵਿੱਦਿਅਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੇਡੀਓ ਦੀ ਵੱਧ ਰਹੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਇਲੈਕਟ੍ਰਾਨਿਕ ਮੀਡੀਆ ਦਾ ਪ੍ਰੈਕਟੀਕਲ ਐਕਸਪੋਜਰ ਦੇਣਾ ਸੀ, ਜਿਸ ’ਚ ਪੱਤਰਕਾਰੀ ਅਤੇ ਜਨ ਸੰਚਾਰ ਦੇ ਬੈਚਲਰ ਅਤੇ ਮਾਸਟਰਜ਼ ਦੇ ਡਿਗਰੀ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਕਾਫ਼ੀ ਇੰਟਰਐਕਟਿਵ ਸੈਸ਼ਨ ਸੀ, ਜਿੱਥੇ ਵਿਦਿਆਰਥੀਆਂ ਨੇ ਆਰ. ਜੇ. ਦੀਪ ਅਤੇ ਆਰ. ਜੇ. ਅਕਸ਼ਿਤਾ ਤੋਂ ਕਈ ਸਵਾਲ ਪੁੱਛੇ।
ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਆਰ. ਜੇ. ਦੀਪ ਨੇ ਰੇਡੀਓ ਦੇ ਸਮਾਚਾਰ ਸੰਕਲਪਾਂ ’ਤੇ ਜ਼ੋਰ ਦਿੰਦਿਆਂ ਰੇਡੀਓ ਦੇ ਪੁਰਾਣੇ ਸੰਕਲਪਾਂ ਅਤੇ ਆਧੁਨਿਕ ਸੰਕਲਪਾਂ ਦੀ ਤੁਲਨਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਹ ਹੁਨਰ ਵੀ ਦੱਸੇ ਜੋ ਨਿਪੁੰਨ ਰੇਡੀਓ ਜੌਕੀ ਬਣਨ ਲਈ ਜ਼ਰੂਰੀ ਹਨ। ਜਦਕਿ ਆਰ..ਜੇ. ਅਕਸ਼ਿਤਾ ਨੇ ਰੇਡੀਓ ਦੇ ਖੇਤਰ ’ਚ ਤਕਨੀਕੀ ਜਾਣਕਾਰੀ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਰੇਡੀਓ ’ਚ ਲੋੜੀਂਦੀ ਅਵਾਜ਼ ਅਤੇ ਵੱਖ-ਵੱਖ ਸਾਫਟਵੇਅਰਾਂ ’ਤੇ ਕੰਮ ਕਰ ਸਕਦੇ ਹਨ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਮੁੱਖੀ ਪ੍ਰੋ: ਫੈਰੀ ਭਾਟੀਆ ਨੂੰ ਅਜਿਹੇ ਦੌਰਿਆਂ ਦਾ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਕਿਹਾ ਰੇਡੀਓ ਆਪਣੀ ਸਾਰੀ ਵਿਭਿੰਨਤਾ ’ਚ ਮਨੁੱਖਤਾ ਦਾ ਜਸ਼ਨ ਮਨਾਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਲੋਕਤੰਤਰੀ ਭਾਸ਼ਣ ਲਈ ਇਕ ਪਲੇਟਫਾਰਮ ਬਣਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਸਰੋਤਿਆਂ ਤੱਕ ਪਹੁੰਚਣ ਦੀ ਇਸ ਦੀ ਵਿਲੱਖਣ ਯੋਗਤਾ ਦਾ ਮਤਲਬ ਹੈ ਕਿ ਰੇਡੀਓ ਸਮਾਜ ਦੇ ਵਿਭਿੰਨਤਾ ਦੇ ਅਨੁਭਵ ਨੂੰ ਰੂਪ ਦੇ ਸਕਦਾ ਹੈ, ਸਾਰੀਆਂ ਆਵਾਜ਼ਾਂ ਨੂੰ ਬੋਲਣ, ਪੇਸ਼ ਕਰਨ ਅਤੇ ਸੁਣਨ ਲਈ ਇਕ ਮੰਚ ਵਜੋਂ ਖੜ੍ਹਾ ਹੋ ਸਕਦਾ ਹੈ। ਜਦਕਿ ਰੇਡੀਓ ਸਟੇਸ਼ਨ ਵਿਭਿੰਨ ਸਮੁਦਾਇਆਂ ਦੇ ਰੂਪ ’ਚ ਕਾਰਜ ਕਰਦੇ ਹਨ। ਜਿਸ ’ਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮਾਂ, ਦ੍ਰਿਸ਼ਟੀਕੋਣਾਂ, ਸਮੱਗਰੀ ਦੀ ਪੇਸ਼ਕਸ਼ ਅਤੇ ਉਨ੍ਹਾਂ ਦੇ ਸੰਗਠਨਾਂ ਤੇ ਕਾਰਜਾਂ ’ਚ ਦਰਸ਼ਕਾਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰੋ: ਜਸਕੀਰਤ ਸਿੰਘ ਅਤੇ ਪ੍ਰੋ: ਸੁਰਭੀ ਸ਼ਰਮਾ ਹਾਜ਼ਰ ਸਨ।

