ਜੀਉ ਪਿੰਡੁ ਸਭੁ ਤੇਰੀ ਰਾਸਿ’ ਵਿਸ਼ੇ ਬਾਰੇ ਸੈਮੀਨਾਰ
ਬਹਾਦਰਗੜ੍ਹ : (17 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ਚੱਲ ਰਹੇ ‘ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਅਤੇ ‘ਬੈਚੁਲਰ ਆਫ਼ ਆਰਟਸ ਇਨ ਗੁਰਮੁਖੀ ਐਜੂਕੇਸ਼ਨ’ ਦੇ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਜੀ ਰਟੌਲ ਵਲੋਂ ਵਿਦਿਆਰਥੀਆਂ ਨੂੰ “ਜੀਉ ਪਿੰਡੁ ਸਭੁ ਤੇਰੀ ਰਾਸਿ” ਵਿਸ਼ੇ ਤਹਿਤ ਲੈਕਚਰ ਦਿੱਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡਾ ਸਰੀਰ ਇਕ ਹਾਰਡਵੇਅਰ ਹੈ ਅਤੇ ਦਿਮਾਗ ਇਕ ਸਾਫਟਵੇਅਰ ਹੈ। ਜਿੰਨਾ ਵਧੀਆ ਸਾਫਟਵੇਅਰ ਹੋਵੇਗਾ, ਸਾਡਾ ਹਾਰਡਵੇਅਰ ਉਨਾ ਹੀ ਵਧੀਆ ਕੰਮ ਕਰੇਗਾ। ਗੁਰੂ ਸਾਹਿਬਾਨ ਦੇ ਜੀਵਨ ਅਤੇ ਬਾਣੀ ਦਾ ਹਵਾਲਾ ਦੇ ਕੇ ਵਿਦਿਆਰਥੀਆਂ ਨੂੰ ਸਰੀਰ, ਸੁਆਸ ਅਤੇ ਅੰਮ੍ਰਿਤ ਵੇਲੇ ਦੀ ਮਹੱਤਤਾ ਬਾਰੇ ਸਮਝਿਆ।
ਉਹਨਾਂ ਨੇ ਦੱਸਿਆ ਕਿ ਸਾਡਾ ਸਿਮਰਨ, ਸੇਵਾ ਅਤੇ ਸਾਡੇ ਦਿਨ ਦੇ ਕਾਰਜ ਅੰਮ੍ਰਿਤ ਵੇਲੇ ਉਤੇ ਨਿਰਭਰ ਕਰਦੇ ਹਨ। ਅਸੀਂ ਉਸ ਅਕਾਲ-ਪੁਰਖ ਦੇ ਕਰਜ਼ਦਾਰ ਹਾਂ, ਜਿਸ ਦਾ ਭੁਗਤਾਨ ਸੇਵਾ ਅਤੇ ਸਿਮਰਨ ਕਰਕੇ ਅਦਾ ਕਰਨਾ ਹੈ। ਤਨ-ਮਨ ਸਾਡੀ ਰਾਸ ਹੈ ਅਤੇ ਇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਹੀ ਤਰੀਕੇ ਨਾਲ ਖਰਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਅਜ਼ਾਦ ਬਣਾਇਆ ਹੈ ਅਤੇ ਗੁਰਬਾਣੀ ਸਾਡੇ ਜੀਵਨ ਦਾ ਅਧਾਰ ਹੈ। ਜੇਕਰ ਅਸੀਂ ਚੰਗੀਆਂ ਚੀਜ਼ਾਂ ਗ੍ਰਹਿਣ ਕਰਦੇ ਹਾਂ ਤਾਂ ਅਸੀਂ ਚੰਗੇ ਰਾਹ ਤੇ ਚੱਲਦੇ ਜਾਵਾਂਗੇ ਅਤੇ ਆਪਣੀ ਜੀਵਨ ਵਿਚ ਅਜ਼ਾਦ ਹੋ ਕੇ ਗੁਰਮੁਖ ਬਣ ਕੇ ਵਿਚਰਾਂਗੇ। ਸਮੂਹ ਵਿਦਿਆਰਥੀਆਂ ਨੇ ਲੈਕਚਰ ਦਾ ਭਰਪੂਰ ਅਨੰਦ ਲਿਆ। ਵਿਦਵਾਨ ਵਕਤਾ ਨੂੰ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

