ਡਿਪਟੀ ਕਮਿਸ਼ਨਰ ਵੱਲੋਂ 7 ਅਪ੍ਰੈਲ ਤੱਕ ਮੀਂਹ ਨਾਲ ਹੋਏ ਨੁਕਸਾਨ ਬਾਰੇ ਗਿਰਦਾਵਰੀ ਮੁਕੰਮਲ ਕਰਨ ਦੇ ਆਦੇਸ਼
ਪਟਿਆਲਾ, 31 ਮਾਰਚ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਮੂਹ ਮਾਲ ਅਧਿਕਾਰੀਆਂ ਨੂੰ ਪਟਿਆਲਾ ਜ਼ਿਲ੍ਹੇ ਦੀ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ 7 ਅਪ੍ਰੈਲ 2023 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ਾਂ ਦੇ ਹਵਾਲੇ ਨਾਲ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਾਲ ਹੀ ਵਿੱਚ ਪਏ ਭਾਰੀ ਮੀਂਹ/ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਖਰਾਬੇ ਨੁਕਸਾਨ ਦਾ ਮੁਆਵਜਾ ਦੇਣ ਲਈ ਰਿਪੋਰਟ ਦਾ ਕੰਮ ਤੁਰੰਤ ਪ੍ਰਭਾਵ ਨਾਲ ਨੇਪਰੇ ਚੜਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਮਾਰਚ ਤੋਂ 31 ਮਾਰਚ ਤੱਕ ਸਰਕਾਰ ਵੱਲੋਂ ਗਿਰਦਾਵਰੀ ਕਰਨ ਦੇ ਜੋ ਆਦੇਸ਼ ਦਿੱਤੇ ਗਏ ਸਨ ਉਨ੍ਹਾਂ ਦੀ ਲਗਾਤਾਰਤਾ ‘ਚ ਹੀ 31 ਮਾਰਚ ਤੋਂ ਬਾਅਦ ਹੋਏ ਫ਼ਸਲਾਂ ਦੇ ਨੁਕਸਾਨ ਜਾ ਖਰਾਬੇ ਦਾ ਅੰਦਾਜਾ ਲਗਾਉਣ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ‘ਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ, ਜੋ 7 ਅਪ੍ਰੈਲ ਤੱਕ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਆਪਣੀ ਨਿਗਰਾਨੀ ਹੇਠ ਮਾਲ ਵਿਭਾਗ, ਖੇਤੀਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਦੀਆਂ ਟੀਮਾਂ ਗਠਿਤ ਕਰਕੇ ਸਬੰਧਤ ਪਿੰਡਾਂ ਦੀ ਗਿਰਦਾਵਰੀ ਕਰਾਉਣਗੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰਾਬੇ ਸਬੰਧੀ ਰਿਪੋਰਟ ਸਮੇਂ ਸਿਰ ਭੇਜਣੀ ਯਕੀਨੀ ਬਣਾਉਣਗੇ।

