ਅੰਮ੍ਰਿਤਸਰਪੰਜਾਬ

ਏਡਿਡ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਵੱਲੋਂ ਸੈਂਟਰਲਾਈਜ਼ਡ ਐਡਮਿਸ਼ਨ ਪੋਰਟਲ ਦਾ ਬਾਈਕਾਟ ਰਹੇਗਾ ਜਾਰੀ

ਸਿੱਖਿਆ ਨੂੰ ਦਰਪੇਸ਼ ਮੁੱਦਿਆਂ ’ਤੇ ਅਗਲੇਰੀ ਕਾਰਵਾਈ ਸਬੰਧੀ ਜੇ. ਏ. ਸੀ. ਉਲੀਕੇਗੀ ਰਣਨੀਤੀ

ਫ਼ਗਵਾੜਾ/ਅੰਮ੍ਰਿਤਸਰ, 5 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਨਾਨ-ਗੌਰਮਿੰਟ ਏਡਿਡ ਕਾਲਜਿਜ਼ ਮੈਨੇਜਮੈਂਟ ਫ਼ੈਡਰੇਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੱਜ ਗੁਰੂ ਨਾਨਕ ਕਾਲਜ ਸੁਖਚੈਣਾ ਸਾਹਿਬ, ਫਗਵਾੜਾ ਵਿਖੇ ਹੋਈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਸਮੂਹ ਸਹਾਇਤਾ ਪ੍ਰਾਪਤ ਕਾਲਜਾਂ ’ਚ ਪੱਖਪਾਤੀ ਢੰਗ ਨਾਲ ਕੇਂਦਰੀਕ੍ਰਿਤ ਆਨਲਾਈਨ ਪੋਰਟਲ ’ਤੇ ਦਾਖਲੇ ਦਾ ਫੈਡਰੇਸ਼ਨ ਨੇ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ ਲਿਆ। ਫ਼ੈਡਰੇਸ਼ਨ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਾਲਜਾਂ ’ਚ ਕੇਂਦਰੀਕ੍ਰਿਤ ਆਨ-ਲਾਈਨ ਦਾਖਲੇ ਲਾਗੂ ਨਹੀਂ ਕੀਤੇ ਜਾਣਗੇ। ਇਸ ਦੌਰਾਨ ਫੈਡਰੇਸ਼ਨ ਤੋਂ ਇਲਾਵਾ ਰਾਜ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਪ੍ਰਿੰਸੀਪਲਾਂ, ਪੰਜਾਬ-ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅਤੇ ਅਣਏਡਿਡ ਕਾਲਜਾਂ ਦੀ ਸਾਂਝੀ ਐਕਸ਼ਨ ਕਮੇਟੀ (ਜੇ.ਏ.ਸੀ.) ਦਾ ਵਿਸਥਾਰ ਕਰਕੇ 21 ਮੈਂਬਰੀ ਪੈਨਲ ਦਾ ਗਠਨ ਕੀਤਾ ਜੋ ਕਿ ਪੰਜਾਬ ’ਚ ਉੱਚ ਸਿੱਖਿਆ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ’ਤੇ ਸੰਘਰਸ਼ ਕਰਨ ਲਈ ਅਗਲੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਲਈ ਜਲਦੀ ਹੀ ਮੀਟਿੰਗ ਕਰੇਗਾ। ਇਸ ਮੌਕੇ ਛੀਨਾ ਨੇ ਕਿਹਾ ਕਿ ਅਗਲੇਰੀ ਰਣਨੀਤੀ ਉਲੀਕਣ ਲਈ ਚੰਡੀਗੜ੍ਹ ਵਿਖੇ ਜਲਦ ਹੀ ਮੀਟਿੰਗ ਕੀਤੀ ਜਾਵੇਗੀ। ਕਿਉਂਕਿ ਸੂਬਾ ਸਰਕਾਰ ਉੱਚ ਸਿੱਖਿਆ ਸੰਸਥਾਵਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰੀਕ੍ਰਿਤ ਦਾਖਲਾ ਪੋਰਟਲ ਕਾਲਜਾਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਕਾਲਜ ਪਹਿਲਾਂ ਹੀ ਆਪਣੇ ਤੌਰ ’ਤੇ ਆਨਲਾਈਨ ਦਾਖ਼ਲੇ ਕਰਵਾ ਰਹੇ ਹਨ ਅਤੇ ਸੂਬਾ ਸਰਕਾਰ ਨੂੰ ਉਨ੍ਹਾਂ ਨੂੰ ਕੇਂਦਰੀਕ੍ਰਿਤ ਦਾਖ਼ਲਿਆਂ ਲਈ ਮਜਬੂਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸੂਬਾ ਸਰਕਾਰ ਦਾ ਇਹ ਫ਼ੈਸਲਾ ਪੱਖਪਾਤੀ ਅਤੇ ਖ਼ਾਮੀਆਂ ਨਾਲ ਭਰਪੂਰ ਹੈ। ਇਸ ਮੌਕੇ ਜਨਰਲ ਸਕੱਤਰ ਐਸ. ਐਮ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਕੋਈ ਵੀ ਕਾਲਜ ‘ਪੱਖਪਾਤੀ’ ਸੈਂਟਰਲਾਈਜ਼ਡ ਐਡਮਿਸ਼ਨ ਪੋਰਟਲ ’ਚ ਹਿੱਸਾ ਨਹੀਂ ਲਵੇਗਾ ਜੋ ਕਿ ਸਰਕਾਰ ਦੁਆਰਾ ਮਨਮਾਨੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੋਰਟਲ ਦੀ ਕਿਸੇ ਵੀ ਕਾਲਜ ਵੱਲੋਂ ਕੋਈ ਮੰਗ ਨਹੀਂ ਕੀਤੀ ਗਈ ਹੈ ਅਤੇ ਸਰਕਾਰ ਕਾਲਜਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਇਸ ਨੂੰ ਮਨਮਾਨੇ ਢੰਗ ਨਾਲ ਲਾਗੂ ਕਰਨ ਲਈ ਬਜਿੱਦ ਹੈ। ਇਸ ਮੌਕੇ 58 ਸਾਲ ਦੀ ਉਮਰ ਪਾਰ ਕਰ ਚੁੱਕੇ ਅਧਿਆਪਕਾਂ ਸਬੰਧੀ ਗ੍ਰਾਂਟ ਨਾ ਮਿਲਣ, ਗ੍ਰਾਂਟ ਇਨ ਏਡ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਉਚੇਰੀ ਸਿੱਖਿਆ ਸਬੰਧੀ ਰਾਜ ਸਰਕਾਰ ਕੋਲ ਪੈਂਡਿੰਗ ਪਏ ਹੋਰ ਅਹਿਮ ਮਾਮਲਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਕਾਰਜਕਾਰਨੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ’ਚ ਇੰਟਰਵਿਊ ਲੈਣ ਦੀ ਬਜਾਏ ਸਬੰਧਿਤ ਕਾਲਜਾਂ ’ਚ ਇੰਟਰਵਿਊ ਲੈਣ ਲਈ ਪੱਤਰ ਲਿਖਣ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਮੇਸ਼ ਕੁਮਾਰ ਕੌੜਾ, ਸਕੱਤਰ ਅਗਨੀਸ਼ ਢਿੱਲੋਂ, ਜੁਆਇੰਟ ਸਕੱਤਰ ਵਿੱਤ ਰਾਕੇਸ਼ ਧੀਰ, ਸਲਾਹਕਾਰ ਰਵਿੰਦਰ ਜੋਸ਼ੀ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਗੁਰਦੇਵ ਸਿੰਘ, ਡਾ. ਮਹਿਲ ਸਿੰਘ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *