ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਸੁਣੀਆਂ ਪਟਿਆਲਾ ਦੇ ਵਪਾਰੀਆਂ ਦੀਆਂ ਸਮੱਸਿਆਵਾਂ
ਬਲਤੇਜ ਪਨੂੰ ਨੇ ਸ਼ਹਿਰ ਵਿੱਚੋਂ ਪਾਰਕਿੰਗ ਦੀ ਸਮੱਸਿਆ ਦੇ ਨਿਪਟਾਰੇ ਲਈ ਨਿਗਮ ਕਮਿਸ਼ਨਰ ਨੂੰ ਦਿੱਤੀ ਹਿਦਾਇਤ
ਪਟਿਆਲਾ- (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਵੱਡੀ ਗਿਣਤੀ ’ਚ ਵਪਾਰੀਆਂ ਨੇ ‘ਆਪ’ ਆਗੂ ਹਿਮਾਂਸ਼ੂ ਮਲਹੋਤਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪਨੂੰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਪਾਰੀਆਂ ਨੇ ਸ੍ਰੀ ਪਨੂੰ ਨੂੰ ਬਾਜ਼ਾਰਾਂ ਵਿੱਚ ਪੇਸ਼ ਆ ਰਹੀ ਪਾਰਕਿੰਗ ਸਮੱਸਿਆ ਸਣੇ ਹੋਰਨਾਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪਨੂੰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੀ ਤੁਰੰਤ ਨਗਰ ਨਿਗਮ ਕਮਿਸ਼ਨਰ ਨਾਲ ਫੋਨ ’ਤੇ ਗੱਲ ਕਰਦਿਆਂ ਸ਼ਹਿਰ ਵਿੱਚੋਂ ਪਾਰਕਿੰਗ ਸਮੱਸਿਆ ਦਾ ਜਲਦ ਨਿਪਟਾਰਾ ਕਰਨ ਦੀ ਹਿਦਾਇਤ ਦਿੱਤੀ। ਸ੍ਰੀ ਬਲਤੇਜ ਪਨੂੰ ਨੇ ਸ਼ਹਿਰ ਦੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਲਦ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਲਈ ਵਪਾਰੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ, ਹੁਣ ਵਪਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਕੇ.ਕੇ. ਸਹਿਗਲ, ਸੰਦੀਪ ਬੰਧੂ, ਦੀਕਸ਼ਿਤ ਰਾਜ ਕਪੂਰ, ਪਰਮਿੰਦਰ ਕੰਬੋਜ਼, ਜਤਿੰਦਰ ਕਾਲਡ਼ਾ ਵੀ ਹਾਜ਼ਰ ਰਹੇ।
‘ਆਪ’ ਆਗੂ ਐਡਵੋਕੇਟ ਦੀਕਸ਼ਿਤ ਰਾਜਕਪੂਰ ਨੇ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪਨੂੰ ਤੇ ਹੋਰ ਕੈਬਨਿਟ ਮੰਤਰੀ ਤੇ ਵਿਧਾਇਕ ਲੋਕਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਜਦੋਂ ਕਿ ਪਿਛਲੀਆਂ ਸਰਕਾਰਾਂ ਸਮੇਂ ਕਦੇ ਵੀ ਕੋਈ ਮੁੱਖ ਮੰਤਰੀ ਜਾਂ ਵਿਧਾਇਕ ਆਪਣੇ ਫਾਰਮ ਹਾਉਸਾਂ ਤੇ ਘਰਾਂ ਤੋਂ ਹੀ ਬਾਹਰ ਨਹੀਂ ਨਿਕਲਿਆ। ਦੀਕਸ਼ਿਤ ਰਾਜਕਪੂਰ ਨੇ ਕਿਹਾ ਕਿ ਅੱਜ ਸ਼ਹਿਰ ਵਿੱਚ ਪਾਰਕਿੰਗ ਸਮੱਸਿਆ, ਟੁੱਟੀਆਂ ਸਡ਼ਕਾਂ ਅਤੇ ਸੀਵਰੇਜ ਜਾਮ ਵਰਗੀਆਂ ਸਮੱਸਿਆਵਾਂ ਲਈ ਪਿਛਲੀਆਂ ਸਰਕਾਰਾਂ ਜਿੰਮੇਵਾਰ ਹਨ, ਜਿਨ੍ਹਾਂ ਨੇ ਕਦੇ ਵੀ ਲੋਕ ਹਿੱਤ ਵਿੱਚ ਕੰਮ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਚੁਗਣੇ ਪੈ ਰਹੇ ਹਨ, ਜੇਕਰ ਪਿਛਲੀਆਂ ਸਰਕਾਰਾਂ ਨੇ ਥੋਡ਼ਾ ਜਿਹਾ ਕੰਮ ਵੀ ਲੋਕ ਭਲਾਈ ਲਈ ਕੀਤਾ ਹੁੰਦਾ ਤਾਂ ਅੱਜ ਸ਼ਾਹੀ ਸ਼ਹਿਰ ਦੀ ਨੁਹਾਰ ਹੀ ਕੁਝ ਹੋ ਹੋਣੀ ਸੀ। ਐਡਵੋਕੇਟ ਦੀਕਸ਼ਿਤ ਰਾਜਕਪੂਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪਨੂੰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਦੇ ਤਿੰਨ ਕਰੋਡ਼ ਲੋਕਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ‘ਆਪ’ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਜੇਬ ’ਤੇ ਸਡ਼ਕ ’ਤੇ ਚੱਲਣ ਸਮੇਂ ਪੈਣ ਵਾਲੇ ਟੋਲ ਟੈਕਸ ਦੇ ਬੋਝ ਨੂੰ ਸਰਕਾਰ ਨੇ ਖਤਮ ਕਰ ਦਿੱਤਾ ਹੈ। ਉੱਥੇ ਹੀ ਕਿਸਾਨਾਂ ਦੀ ਫਸਲ ਖੇਤਾਂ ਵਿੱਚੋਂ ਚੁੱਕੇ ਜਾਣ ਤੋਂ ਪਹਿਲਾਂ ਉਨ੍ਹਾਂ ਤੱਕ ਮੁਆਵਜ਼ੇ ਦੇ ਚੈੱਕ ਪਹੁੰਚਦੇ ਕਰ ਦਿੱਤੇ ਹਨ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬੀਆਂ ਦੇ ਹੱਕ ਵਿੱਚ ਹੋਰ ਵੀ ਕਈ ਕੰਮ ਕੀਤੇ ਜਾਣਗੇ। ਦੀਕਸ਼ਿਤ ਰਾਜਕਪੂਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਲੋਕ ਹਿਤੈਸ਼ੀ ਆਵਾਜ਼ ਨੂੰ ਦਬਾਉਣ ਲਈ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਲੋਕਾਂ ਦੇ ਹੱਕ ਵਿੱਚ ਕੰਮ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ।

